ਪਿਛਲੇ ਦਿਨੀਂ ਖਬਰ ਆਈ ਹੈ ਕਿ ਵੈਲੋਰ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ’ਚ 39 ਸਾਲਾ ਇਕ ਡਾਕਟਰ ਮਰੀਜ਼ਾਂ ਨੂੰ ਦੇਖਣ ਲਈ ਰਾਊਂਡ ’ਤੇ ਸਨ। ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਬਚਾਉਣ ਲਈ ਸੀ.ਪੀ.ਆਰ. ਦਿੱਤਾ ਗਿਆ। ਏਂਜਿਓਪਲਾਸਟੀ ਕੀਤੀ ਗਈ ਪਰ ਉਹ ਬਚ ਨਹੀਂ ਸਕੇ। ਉਹ ਖੁਦ ਵੀ ਦਿਲ ਦੇ ਰੋਗਾਂ ਦੇ ਡਾਕਟਰ ਸਨ। ਦੱਸਦੇ ਚਲੀਏ ਕਿ ਇਹ ਹਸਪਤਾਲ, ਦਹਾਕਿਆਂ ਤੋਂ ਭਾਰਤ ਭਰ ’ਚ ਦਿਲ ਦੇ ਰੋਗੀਆਂ ਦੇ ਬਿਹਤਰੀਨ ਇਲਾਜ ਲਈ ਜਾਣਿਆ ਜਾਂਦਾ ਹੈ। ਪੂਰੇ ਭਾਰਤ ਤੋਂ ਹੀ ਨਹੀਂ, ਦੁਨੀਆ ਭਰ ਤੋਂ ਲੋਕ ਇਥੇ ਆਉਂਦੇ ਹਨ।
ਇਸ ਤਰ੍ਹਾਂ ਜਵਾਨੀ ’ਚ ਇਕਦਮ ਦੁਨੀਆ ਤੋਂ ਚਲੇ ਜਾਣਾ, ਪਹਿਲਾਂ ਵੀ ਬਹੁਤ ਸਾਰੇ ਡਾਕਟਰਾਂ ਦੇ ਨਾਲ ਹੋ ਚੁੱਕਾ ਹੈ। ਆਖਿਰ ਉਹ ਡਾਕਟਰ ਜੋ ਹਰ ਰੋਜ਼ ਮਰੀਜ਼ਾਂ ਨੂੰ ਜ਼ਿੰਦਗੀ ਦਿੰਦੇ ਹਨ, ਮਰੀਜ਼ ਕੀ ਕਰਨ, ਕੀ ਨਾ ਕਰਨ, ਇਹ ਦੱਸਦੇ ਹਾਂ, ਉਹ ਆਪਣੀ ਸਿਹਤ ਦਾ ਧਿਆਨ ਕਿਉਂ ਨਹੀਂ ਰੱਖਦੇ। ਇਸ ਦਾ ਕਾਰਨ ਇਕ ਬੜੇ ਸੀਨੀਅਰ ਡਾਕਟਰ ਨੇ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਡਾਕਟਰ ਰੋਜ਼ਾਨਾ ਮੌਤ ਨੂੰ ਇੰਨੀ ਨੇੜਿਓਂ ਦੇਖਦੇ ਹਨ ਕਿ ਉਹ ਖੁਦ ਤੋਂ ਬੇਪ੍ਰਵਾਹ ਹੋ ਜਾਂਦੇ ਹਨ। ਉਨ੍ਹਾਂ ਦੇ ਮਨ ਤੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬਹੁਤ ਸਾਰੇ ਡਾਕਟਰ ਇਸ ਲਈ ਅਧਿਆਤਮ ਵੱਲ ਮੁੜ ਜਾਂਦੇ ਹਨ ਅਤੇ ਬਹੁਤ ਸਾਰੇ ਈਟ, ਡ੍ਰਿੰਕ ਐਂਡ ਬੀ ਮੈਰੀ ਦਾ ਸਿਧਾਂਤ ਅਪਣਾ ਲੈਂਦੇ ਹਨ।
ਪਿਛਲੇ ਸਾਲ ਇਹ ਲੇਖਿਕਾ ਆਪਣੇ ਡਾਕਟਰ ਸਾਹਿਬ ਦੇ ਕੋਲ ਇਲਾਜ ਦੇ ਲਈ ਗਈ ਸੀ। ਇਹ ਡਾਕਟਰ ਸਾਹਿਬ ਇਲਾਕੇ ਦੇ ਬਹੁਤ ਮਸ਼ਹੂਰ ਫਿਜੀਸ਼ੀਅਨ ਹਨ। ਦੂਰ-ਦੂਰ ਤੋਂ ਲੋਕ ਇਨ੍ਹਾਂ ਕੋਲ ਆਉਂਦੇ ਹਨ। ਆਪਣੇ ਮਰੀਜ਼ ਦੀ ਪੂਰੀ ਗੱਲ ਸੁਣਦੇ ਹਨ। ਉਨ੍ਹਾਂ ਨੂੰ ਦਵਾਈ ਲਿਖਣ ਦੀ ਕੋਈ ਜਲਦੀ ਨਹੀਂ ਹੁੰਦੀ। ਉਹ ਮਰੀਜ਼ਾਂ ਦੀਆਂ ਨਿੱਜੀ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
ਉਨ੍ਹਾਂ ਕੋਲੋਂ ਗੱਲਾਂ-ਗੱਲਾਂ ’ਚ ਪੁੱਛਿਆ ਕਿ ਸਰ ਅਸੀਂ ਲੋਕ ਤਾਂ ਥੋੜ੍ਹਾ ਜਿਹਾ ਬੀਮਾਰ ਹੋਣ ’ਤੇ ਤੁਹਾਡੇ ਕੋਲ ਦੌੜੇ ਆਉਂਦੇ ਹਾਂ ਅਤੇ ਸੋਚਦੇ ਹਾਂ ਕਿ ਪਤਾ ਨਹੀਂ ਕਿਹੜੀ ਭਾਰੀ ਪ੍ਰੇਸ਼ਾਨੀ ਹੋ ਗਈ, ਤੁਸੀਂ ਤਾਂ ਦਿਨ-ਰਾਤ ਬੀਮਾਰੀਆਂ ਦੀਆਂ ਗੱਲਾਂ ਹੀ ਸੁਣਦੇ ਹੋ, ਤਾਂ ਵਰਕ, ਲਾਈਫ ਬੈਲੇਂਸ ਕਿਵੇਂ ਕਰਦੇ ਹੋ। ਸੁਣ ਕੇ ਉਹ ਬੋਲੇ ਮੈਡਮ ਕੀ ਕਰੀਏ, ਡਾਕਟਰਾਂ ਦੀ ਜ਼ਿੰਦਗੀ ਹੀ ਅਜਿਹੀ ਹੁੰਦੀ ਹੈ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਸਾਡੇ ਕੋਲ ਆਏ, ਠੀਕ ਹੋ ਕੇ ਹੀ ਜਾਵੇ। ਇਸ ’ਚ ਕੋਈ ਸ਼ੱਕ ਨਹੀਂ ਕਿ ਜੀਵਨ ’ਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਸਾਡੇ ’ਚ ਵੀ ਉਹ ਡਾਕਟਰ ਸਭ ਤੋਂ ਵੱਧ ਪ੍ਰੇਸ਼ਾਨ ਹੁੰਦੇ ਹਨ, ਜੋ ਆਈ. ਸੀ. ਯੂ. ’ਚ ਹੁੰਦੇ ਹਨ। ਜਿਥੇ ਮੌਤ ਬਿਲਕੁਲ ਸਾਹਮਣੇ ਖੜ੍ਹੀ ਰਹਿੰਦੀ ਹੈ ਅਤੇ ਰੋਜ਼ਾਨਾ ਬਹੁਤ ਸਾਰੇ ਲੋਕ ਨਹੀਂ ਰਹਿੰਦੇ।
ਕੁਝ ਸਾਲ ਪਹਿਲਾਂ ਇਕ ਨੌਜਵਾਨ ਡਾਕਟਰ ਨੇ ਲਿਖਿਆ ਸੀ, ‘‘ਜਦੋਂ ਅਸੀਂ ਸ਼ੁਰੂ-ਸ਼ੁਰੂ ’ਚ ਇਸ ਪੇਸ਼ੇ ’ਚ ਆਉਂਦੇ ਹਾਂ, ਤਾਂ ਸਾਨੂੰ ਵੀ ਕਿਸੇ ਮਰੀਜ਼ ਦੀ ਮੌਤ ਦਾ ਡੂੰਘਾ ਦੁਖ ਹੁੰਦਾ ਹੈ। ਅਸੀਂ ਵੀ ਪ੍ਰੇਸ਼ਾਨ ਹੁੰਦੇ ਹਾਂ ਕਿ ਉਸ ਦੇ ਘਰ ਵਾਲਿਆਂ ਨੂੰ ਕਿਵੇਂ ਦੱਸੀਏ। ਕਦੀ ਸਾਡੇ ਸਾਹਮਣੇ ਕੋਈ ਮੁਟਿਆਰ ਹੁੰਦੀ ਹੈ ਜਿਸਦਾ ਪਤੀ ਗੁਜ਼ਰ ਗਿਆ ਹੁੰਦਾ ਹੈ, ਕਿਸੇ ਦਾ ਪਿਤਾ, ਕਿਸੇ ਦਾ ਬੇਟਾ। ਕਦੇ ਕੋਈ ਬਹੁਤ ਬੁੱਢੀ ਮਾਂ, ਜਿਸ ਦਾ ਇਕਲੌਤਾ ਸਹਾਰਾ ਚਲਾ ਗਿਆ ਹੁੰਦਾ ਹੈ। ਸਾਨੂੰ ਵੀ ਦੁੱਖ ਨਾਲ ਨੀਂਦ ਨਹੀਂ ਆਉਂਦੀ। ਅਸੀਂ ਵੀ ਰੋਂਦੇ ਹਾਂ। ਪਰ ਕੀ ਕਰੀਏ, ਇਕ ਡਾਕਟਰ ਨੂੰ ਜ਼ਿੰਦਗੀ ਭਰ ਇਹੀ ਸਭ ਦੇਖਣਾ ਪੈਂਦਾ ਹੈ।’’
ਜਿਸ 39 ਸਾਲਾ ਡਾਕਟਰ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ, ਉਸ ਤੋਂ ਬਾਅਦ ਕਈ ਡਾਕਟਰਾਂ ਨੇ ਇਸ ’ਤੇ ਚਿੰਤਾ ਪ੍ਰਗਟ ਕੀਤੀ। ਇਕ ਵੱਡੇ ਲੇਖ ’ਚ ਦੱਸਿਆ ਗਿਆ ਕਿ ਪਿਛਲੇ ਦਿਨੀਂ 30-40 ਸਾਲ ਦੇ ਬਹੁਤ ਸਾਰੇ ਡਾਕਟਰਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਘੱਟ ਉਮਰ ’ਚ ਚਲੇ ਜਾਣ ਕਾਰਨ ਦੱਸਿਆ ਗਿਆ ਕਿ ਡਾਕਟਰਾਂ ਨੂੰ ਲੰਬੇ ਸਮੇਂ ਤਕ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦੇ ਕੰਮ ਦੇ ਘੰਟੇ ਬਹੁਤ ਜ਼ਿਆਦਾ ਹੁੰਦੇ ਹਨ। ਉਹ ਬਹੁਤ ਘੱਟ ਸੌਂਦੇ ਹਨ। ਜੇਕਰ ਕੋਈ ਮਰੀਜ਼ ਗੰਭੀਰ ਹੈ, ਤਾਂ ਉਨ੍ਹਾਂ ਨੂੰ ਕਈ ਵਾਰ ਖਾਣਾ, ਨੀਂਦ, ਆਰਾਮ, ਸਭ ਛੱਡ ਕੇ ਰਾਤ ਨੂੰ ਵੀ ਉਸ ਦੀ ਦੇਖਭਾਲ ਲਈ ਜਾਣਾ ਪੈਂਦਾ ਹੈ। ਇਸ ਲਈ ਉਹ 24 ਘੰਟੇ ਤਣਾਅ ਨਾਲ ਗੁਜ਼ਾਰਦੇ ਹਨ।
ਕਈ ਵਾਰ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਦੀ ਜ਼ਿੰਦਗੀ-ਮੌਤ ਦਾ ਫੈਸਲਾ ਵੀ ਕਰਨਾ ਪੈਂਦਾ ਹੈ। ਜਿਵੇਂ ਕਿ ਲਾਈਫ ਸਪੋਰਟ ਸਿਸਟਮ ਹੋਣ ’ਤੇ ਵੀ ਕੋਈ ਮਰੀਜ਼ ਠੀਕ ਨਹੀਂ ਹੋ ਰਿਹਾ ਅਤੇ ਉਸ ਦੇ ਬਚਣ ਦੀ ਕੋਈ ਗੁੰਜਾਇਸ਼ ਵੀ ਨਹੀਂ, ਤਾਂ ਲਾਈਫ ਸਪੋਰਟ ਸਿਸਟਮ ਕਦੋਂ ਤੱਕ ਰੱਖਣਾ ਹੈ, ਕਦੋਂ ਹਟਾਉਣਾ ਹੈ। ਇਸ ਤੋਂ ਇਲਾਵਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀਆਂ ਲਗਾਤਾਰ ਦੀਆਂ ਆਸਾਂ ਵੀ
ਹੁੰਦੀਆਂ ਹਨ ਕਿ ਸ਼ਾਇਦ ਡਾਕਟਰ ਅਜਿਹਾ ਕੁਝ ਕਰ ਦੇਣ ਕਿ ਰੋਗੀ ਠੀਕ ਹੋ ਜਾਏ।
ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਨੂੰ ਤਾਂ ਘੰਟਿਆਂ ਆਪ੍ਰੇਸ਼ਨ ਥਿਏਟਰ ’ਚ ਖੜ੍ਹਾ ਰਹਿਣਾ ਪੈਂਦਾ ਹੈ। ਇਸ ਨਾਲ ਡਾਕਟਰਾਂ ਦੀ ਜ਼ਿੰਦਗੀ ’ਚ ਤਣਾਅ ਵਧਦਾ ਹੀ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਣ-ਪੀਣ ਦਾ ਕੋਈ ਸਮਾਂ ਨਹੀਂ ਹੁੰਦਾ। ਉਹ ਖਾਣ-ਪੀਣ ’ਤੇ ਧਿਆਨ ਦੇ ਵੀ ਨਹੀਂ ਸਕਦੇ। ਉਨ੍ਹਾਂ ਦੀ ਜ਼ਿੰਦਗੀ ’ਚ ਤਣਾਅ ਵਧਦਾ ਹੀ ਜਾਂਦਾ ਹੈ। ਤਣਾਅ ਤੋਂ ਬਚਣ ਲਈ ਬਹੁਤ ਸਾਰੇ ਡਾਕਟਰ ਸ਼ਰਾਬ ਆਦਿ ਦੀ ਵਰਤੋਂ ਵੀ ਕਰਨ ਲੱਗਦੇ ਹਨ।
ਕਈ ਸਾਲ ਪਹਿਲਾਂ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ’ਚ ਡਾਕਟਰਾਂ ਨੂੰ ਲੈ ਕੇ ਇਕ ਸਰਵੇਖਣ ਕੀਤਾ ਗਿਆ ਸੀ। ਇਸ ਦੇ ਸਿੱਟੇ ਹੈਰਾਨ ਕਰਨ ਵਾਲੇ ਸਨ। ਪਤਾ ਲੱਗਾ ਕਿ ਵੱਡੀ ਗਿਣਤੀ ’ਚ ਡਾਕਟਰ ਤਣਾਅ ਅਤੇ ਡਿਪਰੈਸ਼ਨ ਦੇ ਸ਼ਿਕਾਰ ਸਨ।
ਬਹੁਤ ਸਾਰੇ ਡਾਕਟਰ ਚਿੰਤਾਵਾਂ ਦਾ ਸ਼ਿਕਾਰ ਵੀ ਹੁੰਦੇ ਹਨ। ਡਾਕਟਰਾਂ ਨੇ ਹੀ ਡਾਕਟਰਾਂ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਵੀ ਆਪਣੀ ਸਿਹਤ ’ਤੇ ਉਸੇ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਕਿ ਮਰੀਜ਼ ਦੀ ਸਿਹਤ ’ਤੇ ਦਿੰਦੇ ਹਨ। ਉਨ੍ਹਾਂ ਨੂੰ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ। ਘੱਟੋ-ਘੱਟ 7 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਅੱਧਾ ਘੰਟਾ ਟਹਿਲਣ ਲਈ ਕੱਢੋ। ਯੋਗ ਅਤੇ ਪ੍ਰਾਣਾਯਾਮ ਵੀ ਜ਼ਰੂਰੀ ਹੈ।
ਸ਼ਮਾ ਸ਼ਰਮਾ
ਭਾਰਤ ਦਾ ਆਰਥਿਕ ਮੰਥਨ ਅਤੇ ਵਿਕਾਸ ਦਾ ਅੰਮ੍ਰਿਤ
NEXT STORY