ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਪੰਚਕੂਲਾ ਦੇ ਇਕ ਸਰਕਾਰੀ ਸਕੂਲ ’ਚ ਹਾਲ ਹੀ ’ਚ ਵਾਪਰੀ ਭਿਆਨਕ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ’ਚ ਸਕੂਲ ਦੇ ਇਕ ਕਮਰੇ ’ਚ ਕਰੀਬ 8 ਸਾਲ ਦੇ ਇਕ ਨੰਨ੍ਹੇ ਵਿਦਿਆਰਥੀ ਵੱਲੋਂ ਕਰੀਬ 6 ਸਾਲ ਦੀ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਨੂੰ ਦੇਖਣਾ ਵੀ ਸੌਖਾ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਤੀਜੀ ਜਮਾਤ ’ਚ ਪੜ੍ਹਨ ਵਾਲੇ ਇਕ 8 ਸਾਲਾ ਬੱਚੇ ਨੇ 6 ਸਾਲ ਦੀ ਕੇ. ਜੀ. ਦੀ ਵਿਦਿਆਰਥਣ ’ਤੇ ਸਕੂਲ ਕੰਪਲੈਕਸ ’ਚ ਹਮਲਾ ਕਰ ਦਿੱਤਾ। ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਲਿਜਾਣਾ ਪਿਆ।
ਇੱਥੇ ਸਵਾਲ ਸਿਰਫ਼ ਇਕ ਬੱਚੇ ਦੀ ਹਿੰਸਾ ਦਾ ਨਹੀਂ, ਸਾਡੀ ਸਿੱਖਿਆ ਅਤੇ ਸੰਸਕਾਰ ਪ੍ਰਣਾਲੀ ਦਾ ਵੀ ਹੈ। ਇਸ ਘਟਨਾ ਨੇ ਮਾਪਿਆਂ, ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਮਾਜ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਆਖਿਰ ਸਕੂਲਾਂ ’ਚ ਬੱਚੇ ਕਿੰਨੇ ਸੁਰੱਖਿਅਤ ਹਨ?
ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ। ਮਾਂ-ਪਿਓ ਆਪਣੇ ਜਿਗਰ ਦੇ ਟੁਕੜਿਆਂ ਨੂੰ ਇਸ ਭਰੋਸੇ ਨਾਲ ਸਕੂਲ ਭੇਜਦੇ ਹਨ ਕਿ ਉੱਥੇ ਉਹ ਸੁਰੱਖਿਅਤ ਰਹਿਣਗੇ, ਸਿੱਖਿਆ ਪ੍ਰਾਪਤ ਕਰਨਗੇ ਅਤੇ ਚੰਗੇ ਸੰਸਕਾਰ ਸਿੱਖਣਗੇ ਪਰ ਸਾਹਮਣੇ ਆਈ ਇਸ ਘਟਨਾ ਨੇ ਇਸ ਵਿਸ਼ਵਾਸ ਨੂੰ ਡੂੰਘਾ ਝਟਕਾ ਦਿੱਤਾ ਹੈ। ਮੌਜੂਦਾ ਸਮੇਂ ’ਚ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੋਮ ਸਕੂਲਿੰਗ ਹੀ ਚੰਗੀ ਹੈ।
ਸਭ ਤੋਂ ਗੰਭੀਰ ਸਵਾਲ ਇਹ ਹੈ ਕਿ ਸਕੂਲ ਕੰਪਲੈਕਸ ’ਚ ਇੰਨੀ ਛੋਟੀ ਬੱਚੀ ਨਾਲ ਇਹ ਸਭ ਕਿਵੇਂ ਹੋ ਗਿਆ? ਕੀ ਉਸ ਸਮੇਂ ਸਬੰਧਤ ਕਲਾਸ ਅਤੇ ਗਲਿਆਰਿਆਂ ’ਚ ਅਧਿਆਪਕਾਂ ਦੀ ਨਿਗਰਾਨੀ ਨਹੀਂ ਸੀ? ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਘਟਨਾ ਸਮੇਂ ਰਹਿੰਦੇ ਸਾਹਮਣੇ ਕਿਉਂ ਨਹੀਂ ਆਈ?
ਸਕੂਲ ’ਚ ਸਿਰਫ਼ ਸੀ. ਸੀ. ਟੀ. ਵੀ. ਕੈਮਰੇ ਲਗਾ ਦੇਣਾ ਕਾਫ਼ੀ ਨਹੀਂ ਹੈ। ਉਨ੍ਹਾਂ ਦੀ ਨਿਯਮਿਤ ਜਾਂਚ, ਲੋੜੀਂਦਾ ਸਟਾਫ਼ ਅਤੇ ਬੱਚਿਆਂ ਦੀਆਂ ਸਰਗਰਮੀਆਂ ’ਤੇ ਲਗਾਤਾਰ ਨਿਗਰਾਨੀ ਵੀ ਜ਼ਰੂਰੀ ਹੈ। ਆਖਿਰ ਸਕੂਲ ਪ੍ਰਸ਼ਾਸਨ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੋਂ ਕਿਵੇਂ ਬਚ ਸਕਦਾ ਹੈ?
ਪਰ ਇੱਥੇ ਇਕ ਵੱਡਾ ਸਵਾਲ ਇਹ ਵੀ ਹੈ ਕਿ ਅੱਜ ਦੇ ਸਮੇਂ ਸਕੂਲਾਂ ’ਚ ਅਧਿਆਪਕਾਂ ’ਤੇ ਪੜ੍ਹਾਈ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹਨ, ਜੋ ਸਮੇਂ-ਸਮੇਂ ’ਤੇ ਅਧਿਆਪਕਾਂ ਦੀ ਬਿਨਾਂ ਇੱਛਾ ਦੇ ਹੀ ਉਨ੍ਹਾਂ ਨੂੰ ਦੇ ਦਿੱਤੀਆਂ ਜਾਂਦੀਆਂ ਹਨ। ਟੀਚਿੰਗ ਤੋਂ ਹਟ ਕੇ ਅਧਿਆਪਕਾਂ ਤੋਂ ਕੰਮ ਲਏ ਜਾ ਰਹੇ ਹਨ ਅਤੇ ਇਸ ਦੇ ਕਾਰਨ ਖਾਸ ਤੌਰ ’ਤੇ ਸਰਕਾਰੀ ਸਕੂਲਾਂ ’ਚ ਕਈ ਵਾਰ ਇਕ ਅਧਿਆਪਕ ਨੂੰ ਆਪਣੀ ਕਲਾਸ ਦੇ ਨਾਲ-ਨਾਲ ਹੋਰ ਕਲਾਸਾਂ ਦੇ ਬੱਚਿਆਂ ਨੂੰ ਵੀ ਸੰਭਾਲਣਾ ਪੈਂਦਾ ਹੈ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਨਾ ਚਾਹੁੰਦੇ ਹੋਏ ਵੀ ਹੋ ਜਾਂਦੀਆਂ ਹਨ।
ਸਰਕਾਰੀ ਸਕੂਲਾਂ ’ਚ ਤਾਂ ਕਈ ਥਾਵਾਂ ’ਤੇ ਪੂਰਾ ਸਟਾਫ਼ ਹੀ ਨਹੀਂ ਹੈ। ਮੁੱਦਾ ਉਦੋਂ ਬਣਦਾ ਹੈ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ। ਇਸ ਸਕੂਲ ਦੀ ਘਟਨਾ ਨੂੰ ਲੈ ਕੇ ਸਾਰੇ ਪਹਿਲੂਆਂ ਦੀ ਜਾਂਚ ਕਰਨੀ ਪਵੇਗੀ ਅਤੇ ਸਿੱਟਿਆਂ ’ਤੇ ਅਮਲ ਕਰਨਾ ਪਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
ਇਸ ਘਟਨਾ ’ਚ ਇਕ ਹੋਰ ਗੰਭੀਰ ਪਹਿਲੂ ਹੈ। ਜਿਸ ਬੱਚੇ ’ਤੇ ਹਮਲੇ ਦਾ ਦੋਸ਼ ਹੈ, ਉਸ ਦੀ ਉਮਰ ਵੀ ਸਿਰਫ 8 ਸਾਲ ਦੱਸੀ ਜਾ ਰਹੀ ਹੈ। ਇਹ ਉਮਰ ਖੇਡਣ-ਕੁੱਦਣ, ਸਿੱਖਣ ਅਤੇ ਚੰਗੇ ਸੰਸਕਾਰ ਗ੍ਰਹਿਣ ਕਰਨ ਦੀ ਹੁੰਦੀ ਹੈ।
ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਇੰਨੀ ਘੱਟ ਉਮਰ ’ਚ ਕਿਸੇ ਬੱਚੇ ਦੇ ਵਿਵਹਾਰ ’ਚ ਇੰਨਾ ਹਿੰਸਕ ਸੁਭਾਅ ਕਿਨ੍ਹਾਂ ਹਾਲਾਤ ’ਚ ਪੈਦਾ ਹੋਇਆ? ਕੀ ਉਸਦੇ ਆਲੇ-ਦੁਆਲੇ ਦਾ ਵਾਤਾਵਰਣ, ਪਰਿਵਾਰਕ ਹਾਲਾਤ, ਹਿੰਸਕ ਦ੍ਰਿਸ਼, ਡਿਜੀਟਲ ਸਮੱਗਰੀ ਜਾਂ ਭਾਵਨਾਤਮਕ ਸਮੱਸਿਆਵਾਂ ਇਸ ਦੇ ਪਿੱਛੇ ਹੋ ਸਕਦੀਆਂ ਹਨ? ਇਨ੍ਹਾਂ ਸਾਰੀਆਂ ਸੰਭਾਵਨਾਵਾਂ ਦੀ ਮਾਹਿਰਾਂ ਦੁਆਰਾ ਜਾਂਚ ਹੋਣੀ ਚਾਹੀਦੀ ਹੈ। ਬਿਨਾਂ ਸਬੂਤ ਕਿਸੇ ਇਕ ਕਾਰਨ ਨੂੰ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ ਹੋਵੇਗਾ।
ਦੋਸ਼ੀ ਬੱਚਾ ਵੀ ਇਕ ਨਾਬਾਲਗ ਹੈ। ਉਸਦੇ ਨਾਲ ਸਿਰਫ਼ ਦੰਡਾਵਲੀ ਨਹੀਂ, ਸਗੋਂ ਮਨੋਵਿਗਿਆਨਕ ਅਤੇ ਵਿਵਹਾਰ ਸੰਬੰਧੀ ਦ੍ਰਿਸ਼ਟੀਕੋਣ ਤੋਂ ਵੀ ਕੰਮ ਕਰਨਾ ਜ਼ਰੂਰੀ ਹੈ।
ਬੱਚਿਆਂ ਦਾ ਪਹਿਲਾ ਸਕੂਲ ਉਨ੍ਹਾਂ ਦਾ ਘਰ ਹੁੰਦਾ ਹੈ। ਮਾਂ-ਪਿਓ ਨੂੰ ਇਹ ਦੇਖਣਾ ਹੋਵੇਗਾ ਕਿ ਬੱਚੇ ਕੀ ਦੇਖ ਰਹੇ ਹਨ, ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹਨ ਅਤੇ ਦੂਜਿਆਂ ਪ੍ਰਤੀ ਕਿਹੋ ਜਿਹਾ ਵਿਵਹਾਰ ਕਰਦੇ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਹਮਦਰਦੀ, ਸੰਜਮ, ਸਤਿਕਾਰ ਅਤੇ ਅਹਿੰਸਾ ਦਾ ਪਾਠ ਪੜ੍ਹਾਉਣਾ ਪਵੇਗਾ।
ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਰਿਪੋਰਟਾਂ ਅਨੁਸਾਰ ਸਿੱਖਿਆ ਵਿਭਾਗ ਨੇ ਜਾਂਚ ਕਮੇਟੀ ਗਠਿਤ ਕੀਤੀ ਹੈ ਅਤੇ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਬੱਚਿਆਂ ਦੇ ਮਾਮਲਿਆਂ ’ਚ ਉਨ੍ਹਾਂ ਦੀ ਸਮਝ ਅਤੇ ਪਰਿਪੱਕਤਾ ਦਾ ਮੁਲਾਂਕਣ ਮਹੱਤਵਪੂਰਨ ਹੁੰਦਾ ਹੈ।
ਪੰਚਕੂਲਾ ਦੀ ਇਹ ਘਟਨਾ ਕਿਸੇ ਇਕ ਸਕੂਲ, ਇਕ ਪਰਿਵਾਰ ਜਾਂ ਦੋ ਬੱਚਿਆਂ ਤੱਕ ਸੀਮਤ ਨਹੀਂ ਹੈ। ਇਹ ਸਾਡੀ ਪੂਰੀ ਵਿਵਸਥਾ ਲਈ ਇਕ ਚਿਤਾਵਨੀ ਹੈ।
ਸਰਕਾਰ ਨੂੰ ਸਕੂਲਾਂ ’ਚ ਸੁਰੱਖਿਆ ਦੇ ਸਪੱਸ਼ਟ ਨਿਯਮ ਬਣਾਉਣੇ ਪੈਣਗੇ। ਹਰੇਕ ਬੱਚੇ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਲੋੜੀਂਦੇ ਅਧਿਆਪਕ ਹੋਣੇ ਚਾਹੀਦੇ ਹਨ। ਛੋਟੇ ਬੱਚਿਆਂ ਨੂੰ ਕਦੇ ਵੀ ਬਿਨਾਂ ਨਿਗਰਾਨੀ ਦੇ ਨਹੀਂ ਛੱਡਿਆ ਜਾਣਾ ਚਾਹੀਦਾ। ਇਸ ਦੇ ਨਾਲ ਹੀ ਸਕੂਲਾਂ ’ਚ ਨਿਯਮਿਤ ਕਾਊਂਸਲਿੰਗ ਅਤੇ ਬਾਲ ਮਨੋਵਿਗਿਆਨਕਾਂ ਦੀ ਸਹਾਇਤਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਹੁਣ ਸਮਾਂ ਸਿਰਫ਼ ਅਫ਼ਸੋਸ ਜਤਾਉਣ ਦਾ ਨਹੀਂ, ਸਗੋਂ ਜਵਾਬਦੇਹੀ ਤੈਅ ਕਰਨ ਅਤੇ ਵਿਵਸਥਾ ਨੂੰ ਸੁਧਾਰਨ ਦਾ ਹੈ। ਕਿਉਂਕਿ ਬੱਚਿਆਂ ਦੀ ਸੁਰੱਖਿਆ ਕੋਈ ਸਹੂਲਤ ਨਹੀਂ, ਸਾਡਾ ਨੈਤਿਕ ਅਤੇ ਸਮਾਜਿਕ ਫਰਜ਼ ਹੈ।
—ਸੰਜੇ ਭੁਟਾਨੀ
ਸੋਸ਼ਲ ਮੀਡੀਆ ਦਾ ‘ਸਟਾਕਅੱਪ’ ਹੰਗਾਮਾ : ਕੀ ਇਹ ਸਿਰਫ਼ ਚਿੰਤਾ ਫੈਲਾਉਣ ਦੀ ਖੇਡ ?
NEXT STORY