ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਤੋਂ ਮੁਕਤ ਨਹੀਂ ਹੋ ਸਕਿਆ ਅਤੇ ਲੋਕ ਅੰਧਵਿਸ਼ਵਾਸਾਂ ਦੇ ਜਾਲ ’ਚ ਫਸ ਕੇ ਕਤਲ ਅਤੇ ਹੋਰ ਅਪਰਾਧ ਕਰ ਰਹੇ ਹਨ ਜੋ ਪਿਛਲੇ ਸਿਰਫ਼ ਲਗਭਗ 3 ਹਫ਼ਤਿਆਂ ’ਚ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 22 ਜੂਨ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਅਮੀਰ ਬਣਨ ਅਤੇ ‘ਖੇਤ ’ਚ ਦੱਬਿਆ ਧਨ’ ਕੱਢਣ ਦੇ ਲਾਲਚ ’ਚ ਇਕ ਕਲਯੁਗੀ ਪਿਓ ਨੇ ਆਪਣੀ ਹੀ 14 ਸਾਲਾ ਨਾਬਾਲਗ ਧੀ ਨੂੰ ਇਕ ਢੋਂਗੀ ਤਾਂਤਰਿਕ ਦੇ ਹਵਾਲੇ ਕਰ ਦਿੱਤਾ, ਜਿਸ ਨੇ ਤੰਤਰ-ਮੰਤਰ ਦੇ ਬਹਾਨੇ ਮਾਸੂਮ ਨਾਲ ਹੈਵਾਨੀਅਤ ਕਰ ਦਿੱਤੀ। ਪੀੜਤਾ ਦੇ 4 ਮਹੀਨੇ ਦੀ ਗਰਭਵਤੀ ਹੋਣ ’ਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਾਂਦਾ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕੇ ਮੁਲਜ਼ਮ ਤਾਂਤਰਿਕ ਨੂੰ ਹਿਰਾਸਤ ’ਚ ਲੈ ਲਿਆ।
* 7 ਜੁਲਾਈ ਨੂੰ ‘ਅਜਮੇਰ’ (ਰਾਜਸਥਾਨ) ਦੇ ‘ਮਾਇਆਪੁਰ’ ਪਿੰਡ ’ਚ ਇਕ ਤਾਂਤਰਿਕ ਅਤੇ ਉਸਦੇ ਸਾਥੀਆਂ ਨੇ ਇਕ 21 ਸਾਲਾ ਮੁਟਿਆਰ ਦੇ ਸਿਰ ਤੋਂ ਭੂਤ-ਪ੍ਰੇਤ ਦਾ ਸਾਇਆ ਹਟਾਉਣ ਦੇ ਨਾਂ ’ਤੇ ਉਸਦੇ ਮੱਥੇ, ਹੱਥ ਅਤੇ ਪੈਰਾਂ ਸਮੇਤ ਪੂਰੇ ਸਰੀਰ ਨੂੰ ਗਰਮ ਲੋਹੇ ਦੇ ਸਰੀਏ ਨਾਲ ਬੇਰਹਿਮੀ ਨਾਲ ਦਾਗ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ।
* 7 ਜੁਲਾਈ ਨੂੰ ਹੀ ‘ਰਾਏਸੇਨ’ (ਮੱਧ ਪ੍ਰਦੇਸ਼) ਦੇ ‘ਗੈਰਤਗੰਜ’ ’ਚ ਜ਼ਮੀਨ ’ਚ ਦੱਬਿਆ ਧਨ ਲੱਭਣ ਦੀ ਤਾਂਤਰਿਕ ਕਿਰਿਆ ਦੌਰਾਨ 42 ਸਾਲਾ ਸਰਾਫ਼ਾ ਵਪਾਰੀ ‘ਵਿਜੇ ਜੈਨ’ ਦੀ ਉਸ ਦੇ ਹੀ ਦੋਸਤਾਂ ਅਤੇ ਇਕ ਤਾਂਤਰਿਕ ਵੱਲੋਂ ਕੁਹਾੜੀ ਨਾਲ ਧੌਣ ਕੱਟ ਕੇ ਨਰਬਲੀ ਦੇ ਦੇਣ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 12 ਜੁਲਾਈ ਨੂੰ ‘ਠਾਣੇ’ (ਮਹਾਰਾਸ਼ਟਰ) ’ਚ ਸ਼ਿਵਸੈਨਾ (ਊਧਵ ਧੜਾ) ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ‘ਵਿਨਾਇਕ ਰਾਊਤ’ ਦੀ ਨੂੰਹ ‘ਗਿਰੀਜਾ ਰਾਊਤ’ ਨੇ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ ’ਚ ਆਪਣੇ ਸਹੁਰੇ ਅਤੇ ਪਤੀ ‘ਗੀਤੇਸ਼ ਰਾਊਤ’ ਤੋਂ ਇਲਾਵਾ ਜਾਦੂ-ਟੂਣਾ ਕਰਨ ਵਾਲੇ ‘ਫਿਰੋਜ਼’ ਅਤੇ ‘ਕਾਜ਼ੀ ਬਾਬਾ’ ਸਮੇਤ 7 ਲੋਕਾਂ ’ਤੇ ਉਸ ਨੂੰ ਤੰਗ-ਪ੍ਰੇਸ਼ਾਨ ਅਤੇ ਕਾਲਾ ਜਾਦੂ ਕਰਨ ਦੇ ਦੋਸ਼ ਲਗਾਏ।
ਗਿਰੀਜਾ ਮੁਤਾਬਕ ਉਸ ਦੇ ਵਾਲ ਖਿੱਚੇ ਗਏ ਅਤੇ ਉਸ ’ਤੇ ਕਾਲਾ ਜਾਦੂ ਕੀਤਾ। ਗਿਰੀਜਾ ਦਾ ਦੋਸ਼ ਹੈ ਕਿ ਇਹ ਸਭ ਉਸ ਦੇ ਗਰਭ ਨਾ ਠਹਿਰਨ ਦੇ ਕਾਰਨ ਕੀਤਾ ਗਿਆ।
* 13 ਜੁਲਾਈ ਨੂੰ ‘ਪਲਾਮੂ’ (ਝਾਰਖੰਡ) ’ਚ ਅੰਧਵਿਸ਼ਵਾਸ ਅਤੇ ਜਾਦੂ-ਟੂਣੇ ਦੇ ਸ਼ੱਕ ’ਚ ‘ਰੋਸ਼ਨ’ ਨਾਂ ਦੇ 12 ਸਾਲਾ ਅੱਲ੍ਹੜ ਦੀ ਉਸਦੇ ਚਾਚੇ ‘ਅਨਿਲ’ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ‘ਅਨਿਲ’ ਨੂੰ ਸ਼ੱਕ ਸੀ ਕਿ ‘ਰੋਸ਼ਨ’ ਦੀ ਮਾਂ ਦੇ ਜਾਦੂ-ਟੂਣਾ ਕਰਨ ਦੇ ਕਾਰਨ ਹੀ ਉਸ ਦੀ ਪਤਨੀ ਦਾ ਵਾਰ-ਵਾਰ ਗਰਭਪਾਤ ਹੋ ਰਿਹਾ ਹੈ।
* 13 ਜੁਲਾਈ ਨੂੰ ਹੀ ‘ਗੁਮਲਾ’ (ਝਾਰਖੰਡ) ਦੇ ‘ਨਾਗਫੇਨੀ’ ਪਿੰਡ ’ਚ ‘ਏਤਵਾ ਉਰਾਓਂ’ ਨਾਂ ਦੇ ਵਿਅਕਤੀ ਨੇ ‘ਸੀਤਾਰਾਮ’ ਨਾਂ ਦੇ 75 ਸਾਲਾ ਬਜ਼ੁਰਗ ਨੂੰ ਕੁਹਾੜੀ ਨਾਲ ਕੱਟ ਕੇ ਮਾਰ ਦਿੱਤਾ। ‘ਏਤਵਾ ਉਰਾਓਂ’ ਲੰਬੇ ਸਮੇਂ ਤੋਂ ਉਸ ’ਤੇ ‘ਨਰ ਪਿਸ਼ਾਚ’ ਹੋਣ ਦਾ ਦੋਸ਼ ਲਗਾਉਂਦਾ ਆ ਰਿਹਾ ਸੀ। ਉਸ ਨੂੰ ਸ਼ੱਕ ਸੀ ਕਿ ਉਸਦੇ ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਬਿਮਾਰੀ ਲਈ ਉਹੀ ਜ਼ਿੰਮੇਵਾਰ ਹੈ।
* 14 ਜੁਲਾਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਸੂਖੀ ਸੇਵਨੀਆ’ ਇਲਾਕੇ ’ਚ ਇਕ ਵਿਅਕਤੀ ਨੂੰ ਜ਼ਮੀਨ ’ਚ ਦੱਬੇ ਖਜ਼ਾਨੇ ਨੂੰ ਖੋਜਣ ਦੇ ਅੰਧਵਿਸ਼ਵਾਸ ’ਚ ਆਪਣੇ 2 ਸਾਥੀਆਂ ਨਾਲ ਮਿਲ ਕੇ ਆਪਣੀ ਹੀ ਨਾਬਾਲਗ ਧੀ ਦੀ ਡੰਡੇ ਨਾਲ ਕੁੱਟ-ਕੁੱਟ ਕੇ ਅਤੇ ਗਲਾ ਘੁੱਟ ਕੇ ਹੱਤਿਆ ਕਰ ਕੇ ਲਾਸ਼ ਨੂੰ ਲੁਕਾਉਣ ਲਈ ਖੇਤ ’ਚ ਦਫ਼ਨਾ ਦੇਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 14 ਜੁਲਾਈ ਨੂੰ ਹੀ ‘ਚਿੱਕਾਬੱਲਾਪੁਰ’ (ਕਰਨਾਟਕ) ’ਚ ਆਪਣੇ ਇਕ ਦੀਵਾਨੀ ਮੁਕੱਦਮੇ ਦਾ ਫ਼ੈਸਲਾ ਸੁਣਨ ਅਦਾਲਤ ’ਚ ਪਹੁੰਚੀ 65 ਸਾਲਾ ‘ਮੰਜੁਲਾ’ ਨਾਂ ਦੀ ਔਰਤ ਨੂੰ ਜੱਜ ਦੀ ਕੁਰਸੀ ’ਤੇ ਮੰਤਰ ਪੜ੍ਹਨ ਅਤੇ ਚਿੱਟੀ ਸਰ੍ਹੋਂ ਦੇ ਦਾਣੇ ਛਿੜਕ ਕੇ ਕਾਲਾ ਜਾਦੂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਨੁਸਾਰ ਉਸ ਨੇ ਸੰਭਵ ਤੌਰ ’ਤੇ ਆਪਣੇ ਪੱਖ ’ਚ ਫ਼ੈਸਲਾ ਆਉਣ ਦੀ ਉਮੀਦ ’ਚ ਅਜਿਹਾ ਕੀਤਾ।
* 15 ਜੁਲਾਈ ਨੂੰ ‘ਜਸ਼ਪੁਰ’ (ਛੱਤੀਸਗੜ੍ਹ) ਦੇ ‘ਪੱਥਲਗਾਂਵ’ ’ਚ ‘ਡੈਣ’ ਹੋਣ ਦਾ ਦੋਸ਼ ਲਗਾ ਕੇ ‘ਸੁਖ ਸਿੰਘ ਰਾਠੀਆ’ ਨਾਂ ਦੇ ਵਿਅਕਤੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਮੌਤਾਂ ਲਈ ਆਪਣੀ ਹੀ ਵਿਧਵਾ ਨੂੰਹ ‘ਨਵੀਨਾ ਰਾਠੀਆ’ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਮਾਜ ’ਚ ਅਨੇਕਾਂ ਅਜਿਹੇ ਲੋਕ ਮੌਜੂਦ ਹਨ, ਜੋ ਲੋਕਾਂ ਨੂੰ ਤੰਤਰ-ਮੰਤਰ ਅਤੇ ਜਾਦੂ-ਟੂਣੇ ਦੇ ਜਾਲ ’ਚ ਫਸਾ ਕੇ ਉਨ੍ਹਾਂ ਕੋਲੋਂ ਕਤਲ ਤੱਕ ਦੇ ਅਪਰਾਧ ਕਰਵਾ ਰਹੇ ਹਨ। ਇਸ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਹੋਣ ਅਤੇ ਅਜਿਹੇ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਉੱਥੇ ਹੀ ਅਜਿਹੇ ਅਨਸਰਾਂ ਦੇ ਵਿਰੁੱਧ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਨ ਦੀ ਵੀ ਬੇਹੱਦ ਲੋੜ ਹੈ।
—ਵਿਜੇ ਕੁਮਾਰ
ਸੰਗੀਤ ਨਾਲ ‘ਤਣਾਅ ਮੁਕਤੀ’ ਦਾ ਵਧਦਾ ਟ੍ਰੈਂਡ
NEXT STORY