ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨ. ਐੱਸ. ਓ.) ਦੀ ਇਕ ਰਿਪੋਰਟ ’ਚ ਹਾਲ ਹੀ ’ਚ ਦੱਸਿਆ ਗਿਆ ਕਿ 69 ਫ਼ੀਸਦੀ ਔਰਤਾਂ ਆਪਣੇ ਬੱਚਿਆਂ ਅਤੇ ਘਰ ਦੀ ਦੇਖਭਾਲ ਦੇ ਕਾਰਨ ਨੌਕਰੀ ਨਹੀਂ ਕਰ ਸਕਦੀਆਂ। ਇਨ੍ਹਾਂ ’ਚੋਂ ਬਹੁਤ ਸਾਰੀਆਂ ਉੱਚ ਸਿੱਖਿਆ ਅਤੇ ਪ੍ਰੋਫੈਸ਼ਨਲ ਡਿਗਰੀਆਂ ਨਾਲ ਲੈਸ ਹਨ ਪਰ ਜਦੋਂ ਉਨ੍ਹਾਂ ਨੂੰ ਪਰਿਵਾਰਿਕ ਨੌਕਰੀ ’ਚੋਂ ਕਿਸੇ ਇਕ ਨੂੰ ਚੁਣਨਾ ਪੈਂਦਾ ਹੈ, ਤਾਂ ਉਹ ਪਰਿਵਾਰ ਨੂੰ ਪਹਿਲ ਦਿੰਦੀਆਂ ਹਨ। ਜਦਕਿ ਅਜਿਹਾ ਕਰਨ ਵਾਲੇ ਮਰਦਾਂ ਦੀ ਗਿਣਤੀ ਸਿਰਫ਼ ਇਕ ਫ਼ੀਸਦੀ ਹੈ।
ਇਹ ਰਿਪੋਰਟ ਦੇਸ਼ ਦੇ ਵੱਡੇ 46 ਸ਼ਹਿਰਾਂ ਬਾਰੇ ਹੈ, ਜਿੱਥੋਂ ਦੀ ਆਬਾਦੀ 10 ਲੱਖ ਜਾਂ ਉਸ ਤੋਂ ਵੱਧ ਹੈ। ਭਾਵ ਕਿ ਕਸਬਿਆਂ, ਪਿੰਡਾਂ ’ਚ ਸਥਿਤੀ ਕੀ ਹੋਵੇਗੀ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੂਰੇ ਭਾਰਤ ਬਾਰੇ ਤਿਆਰ ਤਮਾਮ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਹ 73 ਫ਼ੀਸਦੀ ਹੈ। ਜਿੱਥੇ ਬੱਚੇ ਦੇ ਜਨਮ ਤੋਂ ਬਾਅਦ ਅਕਸਰ ਔਰਤਾਂ ਰੁਜ਼ਗਾਰ ਨੂੰ ਤਿਆਗ ਦਿੰਦੀਆਂ ਹਨ।
ਇਹ ਸਥਿਤੀ ਭਾਰਤ ’ਚ ਹੀ ਨਹੀਂ, ਹੋਰ ਵਿਕਸਿਤ ਕਹੇ ਜਾਣ ਵਾਲੇ ਦੇਸ਼ਾਂ ’ਚ ਵੀ ਹੈ। ਭਾਰਤ ’ਚ ਤਾਂ ਚੰਗੇ ਡੇ-ਕੇਅਰ ਸੈਂਟਰਾਂ ਦੀ ਸਹੂਲਤ ਮਹਾਨਗਰਾਂ ਤੱਕ ’ਚ ਬਹੁਤ ਘੱਟ ਹੈ। ਜਦਕਿ ਅਮਰੀਕਾ ’ਚ ਡੇ-ਕੇਅਰ ਸੈਂਟਰ ’ਚ ਬੱਚਿਆਂ ਨੂੰ ਰੱਖਣਾ ਬਹੁਤ ਮਹਿੰਗਾ ਹੈ। ਦਫ਼ਤਰਾਂ ਦੇ ਆਉਣ-ਜਾਣ ਦਾ ਸਮਾਂ ਵੀ ਲਚਕੀਲਾ ਨਹੀਂ ਹੈ, ਇਸ ਲਈ ਉੱਥੇ ਵੀ ਬਹੁਤ ਸਾਰੀਆਂ ਔਰਤਾਂ ਬੱਚਿਆਂ ਨੂੰ ਸੰਭਾਲਣ ਲਈ ਨੌਕਰੀ ਛੱਡ ਦਿੰਦੀਆਂ ਹਨ। ਇਹੀ ਨਹੀਂ, ਤੈਅ ਸਮੇਂ ’ਤੇ ਕੰਮ ’ਤੇ ਪਰਤਣ ਦੀ ਲਾਜ਼ਮੀਅਤਾ ਵੀ ਔਰਤਾਂ ਨੂੰ ਕੰਮ ਛੱਡਣ ਲਈ ਮਜਬੂਰ ਕਰਦੀ ਹੈ।
ਇਕ ਸਮੱਸਿਆ ਇਹ ਵੀ ਹੈ ਕਿ ਭਾਵੇਂ ਔਰਤ ਪੂਰਾ ਦਿਨ ਕੰਮ ਕਰ ਕੇ ਥੱਕੀ-ਟੁੱਟੀ ਪਰਤੇ ਪਰ ਬੱਚਿਆਂ ਅਤੇ ਘਰ ਨੂੰ ਸੰਭਾਲਣ ਦੀ ਮੁੱਢਲੀ ਜ਼ਿੰਮੇਵਾਰੀ ਉਸ ਦੀ ਹੀ ਮੰਨੀ ਜਾਂਦੀ ਹੈ। ਅਜਿਹੇ ’ਚ ਜੇਕਰ ਬੱਚਾ ਛੋਟਾ ਹੈ, ਤਾਂ ਇਹ ਹੋਰ ਵੀ ਵਧ ਜਾਂਦੀ ਹੈ। ਇਸ ਲਈ ਇਹੀ ਸੌਖਾ ਲੱਗਦਾ ਹੈ ਕਿ ਪਹਿਲਾਂ ਬੱਚੇ ਦੀ ਠੀਕ ਤਰ੍ਹਾਂ ਦੇਖਭਾਲ ਕਰ ਲਈਏ, ਜਦੋਂ ਉਹ ਕੁਝ ਵੱਡਾ ਹੋ ਜਾਵੇ, ਤਾਂ ਫਿਰ ਤੋਂ ਨੌਕਰੀ ਦੀ ਭਾਲ ਕਰੀਏ। ਹਾਲਾਂਕਿ ਜਿਵੇਂ-ਜਿਵੇਂ ਸਮਾਂ ਲੰਘਦਾ ਹੈ, ਅਜਿਹੀਆਂ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਘਟਦੇ ਚਲੇ ਜਾਂਦੇ ਹਨ।
ਬਹੁਤ ਸਾਲ ਪਹਿਲਾਂ ਕਈ ਕੰਪਨੀਆਂ ਨੇ ਤੈਅ ਕੀਤਾ ਸੀ ਕਿ ਜੋ ਔਰਤਾਂ ਬੱਚਿਆਂ ਨੂੰ ਪਾਲਣ ਲਈ ਕੰਮ ਤੋਂ ਦੂਰ ਰਹਿੰਦੀਆਂ ਹਨ, ਜੇਕਰ ਉਹ ਦੁਬਾਰਾ ਤੋਂ ਨੌਕਰੀ ਪ੍ਰਾਪਤ ਕਰਨਾ ਚਾਹੁਣ ਤਾਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਨਾ ਕਿ ਨੌਕਰੀ ਨਾ ਦੇ ਕੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।
ਔਰਤਾਂ ਦੇ ਰੁਜ਼ਗਾਰ ਛੱਡਣ ਦੇ ਸਭ ਤੋਂ ਵੱਡੇ ਕਾਰਨਾਂ ’ਚ ਦੱਸਿਆ ਜਾਂਦਾ ਹੈ ਕਿ ਜਣੇਪਾ ਛੁੱਟੀ ਤੋਂ ਬਾਅਦ ਕੰਮ ’ਤੇ ਪਰਤਣ ਦੇ ਨਿਸ਼ਚਿਤ ਅਰਸੇ ਦਾ ਹੋਣਾ। ਦਫ਼ਤਰ ਦੇ ਸਮੇਂ ’ਚ ਆਉਣ-ਜਾਣ ਦੇ ਸਮੇਂ ’ਚ ਕੋਈ ਲਚਕੀਲਾਪਣ ਨਾ ਹੋਣਾ।
ਰਵਾਇਤੀ ਤੌਰ ’ਤੇ ਮਾਂ ਅਤੇ ਪਤਨੀ ਦੇ ਫ਼ਰਜ਼ਾਂ ਦੀ ਸੂਚੀ ਦਾ ਲੰਮਾ ਹੁੰਦੇ ਚਲੇ ਜਾਣਾ। ਜਿਸ ’ਚ ਔਰਤ ਦੇ ਰੁਜ਼ਗਾਰ ਦੇ ਮੁਕਾਬਲੇ, ਘਰ ਪ੍ਰਤੀ ਪਹਿਲ ਨੂੰ ਹਮੇਸ਼ਾ ਦਰਸਾਇਆ ਜਾਂਦਾ ਹੈ। ਜਿੱਥੇ ਸਿਰਫ਼ ਫ਼ਰਜ਼ ਲੱਦੇ ਜਾਂਦੇ ਹਨ, ਕਿਸੇ ਵੀ ਤਰ੍ਹਾਂ ਦੀ ਸਹੂਲਤ ਅਤੇ ਅਧਿਕਾਰ ਦੇਣ ਦੀ ਗੱਲ ਨਹੀਂ ਕੀਤੀ ਜਾਂਦੀ। ਜਦਕਿ ਫ਼ਰਜ਼ ਅਤੇ ਅਧਿਕਾਰ ਇਕ-ਦੂਜੇ ਦੇ ਪੂਰਕ ਹੀ ਹਨ। ਇਕ ਹਮੇਸ਼ਾ ਦੂਜੇ ਤੋਂ ਬਿਨਾਂ ਅਧੂਰਾ ਹੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ’ਚ ਬੱਚਿਆਂ ਨੂੰ ਪਾਲਣਾ, ਉਨ੍ਹਾਂ ਦੀ ਸਿੱਖਿਆ ਬਹੁਤ ਮਹਿੰਗੀ ਹੈ। ਔਰਤਾਂ ਸੋਚਦੀਆਂ ਹਨ ਕਿ ਜਿੰਨੇ ਪੈਸੇ ਦੀ ਨੌਕਰੀ ਕਰ ਰਹੀਆਂ ਹਨ, ਬੱਚਿਆਂ ਨੂੰ ਵੀ ਕਿਸੇ ਹੋਰ ਦੇ ਭਰੋਸੇ ਛੱਡਣ ਲਈ ਡੇ-ਕੇਅਰ ਸੈਂਟਰ ਜਾਂ ਘਰੇਲੂ ਸਹਾਇਕਾ ਦੀ ਮਦਦ ਲੈ ਰਹੀਆਂ ਹਨ। ਇਨ੍ਹਾਂ ’ਤੇ ਖ਼ੂਬ ਪੈਸੇ ਖ਼ਰਚ ਕਰ ਰਹੀਆਂ ਹਨ, ਬੱਚੇ ਵੀ ਮਾਂ ਤੋਂ ਦੂਰ ਹਨ, ਤਾਂ ਕਿਉਂ ਨਾ ਖ਼ੁਦ ਉਨ੍ਹਾਂ ਦੀ ਦੇਖਭਾਲ ਕਰਨ। ਇਸ ਨਾਲ ਜੋ ਪੈਸਾ ਨੌਕਰੀ ਤੋਂ ਕਮਾ ਕੇ ਹੋਰਨਾਂ ’ਤੇ ਖ਼ਰਚ ਕਰ ਰਹੀਆਂ ਹਨ, ਉਹ ਬਚ ਵੀ ਜਾਵੇਗਾ। ਬੱਚਿਆਂ ਨੂੰ ਵੀ ਮਾਂ ਦਾ ਸਮਾਂ ਅਤੇ ਦੇਖਭਾਲ ਮਿਲ ਜਾਵੇਗੀ।
ਜਦੋਂ ਇਸ ਰਿਪੋਰਟ ਨੂੰ ਪੜ੍ਹ ਰਹੀ ਸੀ, ਤਾਂ ਕੁਝ ਗੱਲਾਂ ਸਮਝ ’ਚ ਆ ਰਹੀਆਂ ਸਨ। ਇਕ ਤਾਂ ਇਹ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਨਾਲ ਸ਼ਹਿਰ ਕੇਂਦਰਿਤ ਹੈ, ਖ਼ਾਸ ਤੌਰ ’ਤੇ ਉਨ੍ਹਾਂ ਸ਼ਹਿਰਾਂ ’ਤੇ, ਜਿੱਥੋਂ ਦੀ ਆਬਾਦੀ ਦਸ ਲੱਖ ਤੋਂ ਉੱਪਰ ਹੈ। ਇਸ ’ਚ ਜਿਨ੍ਹਾਂ ਔਰਤਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ’ਚੋਂ ਵਧੇਰੇ ਇਕੱਲੇ ਪਰਿਵਾਰਾਂ ’ਚ ਹੀ ਰਹਿੰਦੀਆਂ ਹੋਣਗੀਆਂ। ਕਿਉਂਕਿ ਜਿਨ੍ਹਾਂ ਪਰਿਵਾਰਾਂ ’ਚ ਬਜ਼ੁਰਗ ਰਹਿੰਦੇ ਹਨ, ਭਾਵੇਂ ਉਹ ਖ਼ੁਦ ਕਿੰਨੀਆਂ ਹੀ ਪ੍ਰੇਸ਼ਾਨੀਆਂ ’ਚ ਹੋਣ, ਅਕਸਰ ਆਪਣੇ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਦੀ ਦੇਖਭਾਲ ’ਚ ਖ਼ੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਸਮਾਂ ਵੀ ਲੰਘਦਾ ਹੈ। ਬੱਚਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਦੇਖ ਕੇ ਪ੍ਰਸੰਨ ਵੀ ਹੁੰਦੇ ਹਨ। ਆਪਣਾ ਬਚਪਨ ਵੀ ਯਾਦ ਆਉਂਦਾ ਹੈ।
ਇਸ ਤੋਂ ਇਲਾਵਾ ਨਾ ਜਾਣੇ ਕਿਉਂ ਭਾਰਤ ’ਚ ਔਰਤ ਵਿਚਾਰ ’ਚੋਂ ਉਹ ਵੱਡੀ ਗਿਣਤੀ ਔਰਤਾਂ ਗਾਇਬ ਹਨ, ਜੋ ਵੱਡੇ ਸ਼ਹਿਰਾਂ ’ਚ ਨਹੀਂ ਰਹਿੰਦੀਆਂ। ਮੱਧ ਵਰਗ ਦੀਆਂ ਨਹੀਂ ਹਨ। ਜਿਨ੍ਹਾਂ ਕੋਲ ਅਸੀਮਿਤ ਸਾਧਨ ਵੀ ਨਹੀਂ। ਜਿਨ੍ਹਾਂ ਦੇ ਬੱਚੇ ਵੀ ਹਨ ਪਰ ਜੇਕਰ ਉਹ ਕੰਮ ਨਾ ਕਰਨ, ਤਾਂ ਇਕ ਦਿਨ ਦਾ ਭੋਜਨ ਵੀ ਨਾ ਪੱਕੇ। ਇਸ ਲਈ ਆਪਣੇ ਬੱਚਿਆਂ ਨੂੰ ਹੀ ਆਪਣੇ ਨਾਲ ਕੰਮ ’ਤੇ ਲੈ ਜਾਂਦੀਆਂ ਹਨ। ਕਦੇ ਮਜ਼ਦੂਰੀ ਕਰਨ, ਕਦੇ ਖੇਤ ’ਚ ਕੰਮ ਕਰਨ। ਇਨ੍ਹਾਂ ਦੇ ਬੱਚੇ ਕਿਸੇ ਸੜਕ ਦੇ ਕਿਨਾਰੇ ਜਾਂ ਕਿਸੇ ਰੁੱਖ ਦੇ ਹੇਠਾਂ ਗਰਮੀ, ਸਰਦੀ, ਧੁੱਪ, ਤਾਪ ਸਹਿੰਦੇ ਹੋਏ ਦਿਨ ਕੱਢ ਦਿੰਦੇ ਹਨ।
ਮਾਂ ਜਦੋਂ ਰੋਟੀ ਖਾਣ ਆਉਂਦੀ ਹੈ, ਉਦੋਂ ਹੀ ਇਕ ਨਜ਼ਰ ਇਨ੍ਹਾਂ ਨੂੰ ਦੇਖ ਲੈਂਦੀ ਹੈ, ਦੁੱਧ ਪਿਲਾਉਣਾ ਹੋਵੇ ਤਾਂ ਦੁੱਧ ਪਿਲਾ ਦਿੰਦੀ ਹੈ। ਸਗੋਂ ਛੋਟੇ ਸ਼ਹਿਰ ਤਾਂ ਕੀ, ਇਸ ਲੇਖਿਕਾ ਦਾ ਦਫ਼ਤਰ ਦਿੱਲੀ ਦੇ ਕਨਾਟ ਪਲੇਸ ’ਚ ਸੀ। ਇਕ ਵਾਰ ਉੱਥੇ ਸੜਕ ਅਤੇ ਸਬ-ਵੇਅ ਦਾ ਨਿਰਮਾਣ ਹੋ ਰਿਹਾ ਸੀ। ਇਕ ਗਰਭਵਤੀ ਔਰਤ ਇੱਟਾਂ ਢੋਣ ਦਾ ਕੰਮ ਕਰਦੀ ਸੀ। ਇਕ ਦਿਨ ਪਤਾ ਲੱਗਾ ਕਿ ਅੱਜ ਉਸਦਾ ਬੱਚਾ ਹੋਇਆ ਹੈ। ਲੱਗਿਆ ਕਿ ਹੁਣ ਉਹ ਕਈ ਦਿਨਾਂ ਤੱਕ ਸ਼ਾਇਦ ਨਾ ਦਿਸੇ ਪਰ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਅਗਲੇ ਹੀ ਦਿਨ ਤੋਂ ਫਿਰ ਇੱਟਾਂ ਢੋਣ ਲੱਗੀ।
—ਸ਼ਮਾ ਸ਼ਰਮਾ
ਯੂ.ਪੀ. ਚੋਣਾਂ ਲਈ ਭਾਜਪਾ ਅਤੇ ਵਿਰੋਧੀ ਧਿਰ ਦੀਆਂ ਤਿਆਰੀਆਂ
NEXT STORY