ਮਲੋਟ (ਜੁਨੇਜਾ) : ਸਰਕਾਰ ਅਤੇ ਪੁਲਸ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਅਣਪਛਾਤੇ ਨੰਬਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਹੋਣ ਵਾਲੀਆਂ ਆਨਲਾਈਨ ਠੱਗੀਆਂ ਖ਼ਿਲਾਫ਼ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਲੋਕ ਸਾਈਬਰ ਠੱਗਾਂ ਦੇ ਝਾਂਸੇ 'ਚ ਆ ਕੇ ਲੱਖਾਂ ਰੁਪਏ ਦੀ ਲੁੱਟ ਕਰਵਾ ਰਹੇ ਹਨ। ਅਕਸਰ ਅਜਿਹੇ ਮਾਮਲਿਆਂ ਦੀ ਜਾਣਕਾਰੀ ਪੁਲਸ ਜਾਂ ਸਾਕ-ਸਬੰਧੀਆਂ ਨੂੰ ਉਦੋਂ ਦਿੱਤੀ ਜਾਂਦੀ ਹੈ, ਜਦੋਂ ਪਾਣੀ ਸਿਰ ਤੋਂ ਲੰਘ ਚੁੱਕਾ ਹੁੰਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਕਿੱਲਿਆਂਵਾਲੀ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨਾਲ ਆਨਲਾਈਨ ਸਟੋਰ ਖੋਲ੍ਹਣ ਅਤੇ ਵੱਧ ਮੁਨਾਫ਼ਾ ਕਮਾਉਣ ਦੇ ਨਾਂ ’ਤੇ 12.59 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਗਈ ਹੈ। ਸਾਈਬਰ ਕ੍ਰਾਈਮ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮਨਜਿੰਦਰ ਸਿੰਘ ਪੁੱਤਰ ਲਖਵੀਰ ਸਿੰਘ, ਵਾਸੀ ਕੰਗਣਖੇੜਾ, ਹਾਲ ਆਬਾਦ ਨੇੜੇ ਮੰਗਲਮ ਹੋਮ, ਕਿੱਲਿਆਂਵਾਲੀ ਨੇ ਦੱਸਿਆ ਕਿ ਉਸ ਨੂੰ ਇੰਸਟਾਗ੍ਰਾਮ ’ਤੇ ਇਸ਼ਤਾ ਮਲਹੋਤਰਾ ਯੂ.ਐੱਸ.ਏ. ਵੱਲੋਂ ਆਨਲਾਈਨ ਬਿਜ਼ਨੈੱਸ ਸਬੰਧੀ ਮੈਸੇਜ ਆਏ ਸਨ।
ਉਕਤ ਆਈ.ਡੀ. ਚਲਾਉਣ ਵਾਲਿਆਂ ਨੇ ਉਸ ਨੂੰ ਆਨਲਾਈਨ ਸਟੋਰ ਬਣਾ ਕੇ ਪ੍ਰੋਡਕਟ ਖਰੀਦਣ ਅਤੇ ਵੇਚਣ ’ਤੇ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ। ਠੱਗਾਂ ਦੇ ਝਾਂਸੇ 'ਚ ਆ ਕੇ ਪੀੜਤ ਨੇ ਵੱਖ-ਵੱਖ ਅਣਜਾਣ ਖ਼ਾਤਿਆਂ 'ਚ ਕੁੱਲ 12 ਲੱਖ 59 ਹਜ਼ਾਰ 714 ਰੁਪਏ ਟਰਾਂਸਫਰ ਕਰ ਦਿੱਤੇ। ਰਕਮ ਹੜੱਪਣ ਤੋਂ ਬਾਅਦ ਜਦੋਂ ਮੁਲਜ਼ਮਾਂ ਨੇ ਸੰਪਰਕ ਤੋੜ ਲਿਆ, ਤਾਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸਾਈਬਰ ਕ੍ਰਾਈਮ ਪੁਲਸ ਨੇ ਇਸ਼ਤਾ ਮਲਹੋਤਰਾ (ਵਾਸੀ ਯੂ.ਐੱਸ.ਏ.) ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਾਰਕਿੰਗ 'ਚ ਗੰਭੀਰ ਹਾਲਤ 'ਚ ਮਿਲੇ ਨੌਜਵਾਨ ਦੀ ਮੌਤ
NEXT STORY