ਰਾਜਨੀਤੀ ਅਨਿਸ਼ਚਿਤਤਾਵਾਂ ਨਾਲ ਭਰੀ ਹੈ। ਇਥੇ ਕੁਝ ਵੀ ਹੋ ਸਕਦਾ ਹੈ। ਕੁਝ ਇਕ ਮਹੀਨੇ ਪਹਿਲਾਂ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਚੋਣ ਅਤੇ ਰਾਜਨੀਤਿਕ ਰੱਥ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ, ਉਸ ਨੂੰ ਰੋਕ ਪਾਉਣਾ ਅਸੰਭਵ ਜਿਹਾ ਲੱਗਦਾ ਸੀ। ਭਲਾ ਕਿਸ ਨੇ ਸੋਚਿਆ ਸੀ ਕਿ ਕੁੱਲ ਵੋਟਰਾਂ ’ਚ ਲਗਭਗ 35 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਜੈੱਨ-ਜ਼ੀ, ਅਗਲੀਆਂ ਚੋਣਾਂ ਤੋਂ ਤਿੰਨ ਸਾਲ ਪਹਿਲਾਂ ਹੀ ਇਕ ਅਜਿਹੀ ਸੰਭਾਵਿਤ ਰਾਜਨੀਤਿਕ ਦਰਾੜ ਪੈਦਾ ਕਰ ਦੇਵੇਗੀ, ਜੋ ਆਉਣ ਵਾਲੇ ਸਮੇਂ ’ਚ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ? ਸੰਕੇਤ ਸਾਫ਼ ਹਨ—ਅੱਗੇ ਦਾ ਦੌਰ ਉਥਲ-ਪੁਥਲ ਭਰਿਆ ਹੋ ਸਕਦਾ ਹੈ।
ਅਜਿਹੇ ਸਮੇਂ ’ਚ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਸਾਹਮਣੇ ਆਉਂਦੇ ਹਨ। ਪਰ ਕਿਸੇ ਰਾਜਨੀਤਿਕ ਜਾਂ ਵਿਚਾਰਧਾਰਕ ਭਾਸ਼ਣ ਦੇ ਨਾਲ ਨਹੀਂ। ਉਨ੍ਹਾਂ ਦੇ ਬਿਆਨ ਦਾ ਅਸਲੀ ਅਰਥ ਉਨ੍ਹਾਂ ਗੱਲਾਂ ’ਚ ਘੱਟ ਹੈ, ਜੋ ਉਨ੍ਹਾਂ ਸਿੱਧੇ ਤੌਰ ’ਤੇ ਕਹੀਆਂ ਅਤੇ ਉਨ੍ਹਾਂ ਸੰਕੇਤਾਂ ’ਚ ਵੱਧ ਹੈ ਕਿ ਉਨ੍ਹਾਂ ਨੇ ਕਿਸ ਨੂੰ ਅਤੇ ਕਿਸ ਗੱਲ ਲਈ ਸਿੱਧੇ ਤੌਰ ’ਤੇ ਝਿੜਕਿਆ। ਪਿਛਲੇ ਹਫ਼ਤੇ ਜੈੱਨ-ਜ਼ੀ ਨੂੰ ਲੈ ਕੇ ਉਨ੍ਹਾਂ ਦਾ ਦਖ਼ਲ ਇਸੇ ਤਰ੍ਹਾਂ ਦੀ ਸ਼੍ਰੇਣੀ ’ਚ ਆਉਂਦਾ ਹੈ। ਇਹੀ ਵਜ੍ਹਾ ਹੈ ਕਿ ਇਸ ਦਾ ਮਹੱਤਵ ਭਾਜਪਾ ਨੇ ਹੁਣ ਤੱਕ ਜਿੰਨਾ ਸਵੀਕਾਰ ਕੀਤਾ ਹੈ, ਉਸ ਤੋਂ ਕਿਤੇ ਵੱਧ ਹੈ।
ਉੱਪਰੀ ਤੌਰ ’ਤੇ ਦੇਖੀਏ ਤਾਂ ਇਹ ਜੈੱਨ-ਜ਼ੀ ਦੀ ਸ਼ਲਾਘਾ ਹੈ। ਭਾਗਵਤ ਦਾ ਕਹਿਣਾ ਹੈ ਕਿ ਸੜਕਾਂ ’ਤੇ ਉਤਰਨ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ, ਦਿਸ਼ਾਹੀਣ ਜਾਂ ਆਪਮੁਹਾਰੇ ‘ਰਾਸ਼ਟਰਵਿਰੋਧੀ’ ਨਹੀਂ ਮੰਨਿਆ ਜਾ ਸਕਦਾ। ਸਿੱਖਿਆ ਸੁਧਾਰਾਂ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਵਰਗੇ ਮੁੱਦਿਆਂ ਨੂੰ ਲੈ ਕੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਅਸਲ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧ ਲੋਕਤੰਤਰ ਦਾ ਹਿੱਸਾ ਹੈ ਅਤੇ ਜਦੋਂ ਗੱਲਬਾਤ ਦੇ ਰਵਾਇਤੀ ਰਸਤੇ ਬੰਦ ਹੋ ਜਾਣ, ਤਾਂ ਪ੍ਰਦਰਸ਼ਨ ਗੱਲਬਾਤ ਅਤੇ ਸਹਿਮਤੀ ਦਾ ਜ਼ਰੀਆ ਬਣ ਸਕਦਾ ਹੈ।
ਪਰ ਅਸਲੀ ਸੁਨੇਹਾ ਕਿਤੇ ਹੋਰ ਲੁਕਿਆ ਸੀ। ਉਨ੍ਹਾਂ ਦਾ ਜ਼ੋਰ ਇਸ ਗੱਲ ’ਤੇ ਸੀ ਕਿ ਸੱਚੀ ਲੀਡਰਸ਼ਿਪ ਭਾਸ਼ਣ ਦੇਣ, ਚੋਣਾਂ ਜਿੱਤਣ ਜਾਂ ਲੋਕਾਂ ਨੂੰ ਉਪਦੇਸ਼ ਦੇਣ ’ਚ ਨਹੀਂ, ਸਗੋਂ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ’ਚ ਹੈ। ਲੀਡਰਸ਼ਿਪ ਅੰਦਰੋਂ ਆਉਂਦੀ ਹੈ। ਇਕ ਆਗੂ ’ਚ ਗਿਆਨ ਹੋਣਾ ਚਾਹੀਦਾ ਹੈ, ਉਸ ਨੂੰ ਦੂਜਿਆਂ ਦੀਆਂ ਖੂਬੀਆਂ ਦੀ ਤਾਰੀਫ਼ ਕਰਨੀ ਚਾਹੀਦੀ ਹੈ ਅਤੇ ਸਫ਼ਲਤਾ ਤੇ ਜੱਸ ਸਾਰਿਆਂ ਨਾਲ ਵੰਡਣਾ ਚਾਹੀਦਾ ਹੈ।
ਬਿਨਾਂ ਸ਼ੱਕ, ਇਹ ਭਾਜਪਾ ਲੀਡਰਸ਼ਿਪ ਅਤੇ ਉਸ ਦੇ ਉਸ ਰਾਜਨੀਤਿਕ ਸੱਭਿਆਚਾਰ ’ਤੇ ਤਿੱਖਾ ਹਮਲਾ ਹੈ, ਜੋ ਗੱਲਬਾਤ ਦੀ ਬਜਾਏ ਹੁਕਮ ਦੇਣ ’ਚ ਵੱਧ ਸਹਿਜ ਹੁੰਦੀ ਜਾ ਰਹੀ ਹੈ। ਅੱਜ ਦਾ ਨੌਜਵਾਨ ਸਵਾਲ ਕਰਦਾ ਹੈ ਅਤੇ ਦਲੀਲ ਮੰਗਦਾ ਹੈ। ਇਸ ਲਈ ਉਸ ਨੂੰ ਅੱਖਾਂ ਬੰਦ ਕਰ ਕੇ ਆਗਿਆ ਪਾਲਣ ਵਾਲੀ ਪੁਰਾਣੀ ਰਾਜਨੀਤਿਕ ਭਾਸ਼ਾ ਰਾਹੀਂ ਨਹੀਂ ਕਾਬੂ ਕੀਤਾ ਜਾ ਸਕਦਾ।
ਸਾਲਾਂ ਤੋਂ ਅਸਹਿਮਤੀ ਦਾ ਜਵਾਬ ਅਕਸਰ ਇਸ ਸਵਾਲ ਨਾਲ ਦਿੱਤਾ ਗਿਆ ਹੈ ਕਿ ‘ਤੁਸੀਂ ਨਾਰਾਜ਼ ਕਿਉਂ ਹੋ?’ ਜਾਂ ‘ਤੁਹਾਡੀ ਸ਼ਿਕਾਇਤ ਕੀ ਹੈ?’ ਪੁੱਛਣ ਦੀ ਬਜਾਏ ਇਹ ਪੁੱਛਿਆ ਗਿਆ—‘ਤੁਹਾਡੇ ਪਿੱਛੇ ਕੌਣ ਹੈ?’ ਅਤੇ ‘ਕੀ ਤੁਸੀਂ ਰਾਸ਼ਟਰਵਿਰੋਧੀ ਹੋ?’ ਇਸ ਤਰ੍ਹਾਂ ਰਾਜਨੀਤਿਕ ਸ਼ਬਦਾਵਲੀ ਬੇਹੱਦ ਸੁਵਿਧਾਜਨਕ ਹੋ ਜਾਂਦੀ ਹੈ—ਵਿਰੋਧ ਨੂੰ ਸਾਜ਼ਿਸ਼, ਆਲੋਚਨਾ ਨੂੰ ਵਿਸ਼ਵਾਸਘਾਤ ਅਤੇ ਅਸਹਿਮਤੀ ਨੂੰ ਦੇਸ਼ਧ੍ਰੋਹ ਦੇ ਰੂਪ ’ਚ ਪੇਸ਼ ਕੀਤਾ ਜਾਣ ਲੱਗਦਾ ਹੈ।
ਇਸੇ ਲਈ ਭਾਗਵਤ ਦੀ ਸਲਾਹ ਨੂੰ ‘ਡੈਮੇਜ ਕੰਟਰੋਲ’ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਭਾਜਪਾ ਲੀਡਰਸ਼ਿਪ ਨੂੰ ਨੌਜਵਾਨਾਂ ਨੂੰ ਘੱਟ ਸਮਝਣ ਦੀ ਬਜਾਏ ਉਨ੍ਹਾਂ ਨੂੰ ਸਮਝਣ ਦੀ ਗੱਲ ਕਹੀ। ਹੁਕਮ ਨਾਲ ਨਹੀਂ, ਗੱਲਬਾਤ ਨਾਲ; ਆਦੇਸ਼ ਨਾਲ ਨਹੀਂ, ਸਹਿਮਤੀ ਨਾਲ। ਇਹ ਲੀਡਰਸ਼ਿਪ ਦੀ ਇਕ ਅਜਿਹੀ ਧਾਰਨਾ ਸਾਹਮਣੇ ਰੱਖਦੀ ਹੈ, ਜਿਸ ’ਚ ਅਧਿਕਾਰ ਦੀ ਵਰਤੋਂ ਆਪਣੇ ਆਪ ’ਚ ਟੀਚਾ ਨਹੀਂ ਹੈ। ਅਸਲੀ ਲੀਡਰਸ਼ਿਪ ਲੋਕਾਂ ਨੂੰ ਸਮਝਾਉਣ, ਉਨ੍ਹਾਂ ਦੀ ਗੱਲ ਸੁਣਨ, ਉਨ੍ਹਾਂ ਨੂੰ ਆਪਣੀ ਦਲੀਲ ਨਾਲ ਸਹਿਮਤ ਕਰਨ ਅਤੇ ਉਨ੍ਹਾਂ ਦੇ ਗੁੱਸੇ ਨੂੰ ਬਗਾਵਤ ਮੰਨੇ ਬਿਨਾਂ ਉਸ ਨੂੰ ਆਤਮਸਾਤ ਕਰਨ ਦੀ ਸਮਰੱਥਾ ਹੈ।
ਇਸ ਦਾ ਇਕ ਮਹੱਤਵਪੂਰਨ ਰਾਜਨੀਤਿਕ ਸੁਨੇਹਾ ਵੀ ਹੈ। ਜਿਹੜੀ ਸਰਕਾਰ ਇਸ ਫਰਕ ਨੂੰ ਸਮਝਦੀ ਹੈ, ਉਹ ਚੋਣਾਂ ਜਿੱਤ ਸਕਦੀ ਹੈ, ਪਰ ਇਸ ਨਾਲ ਉਹ ਵੋਟਰਾਂ ਦੇ ਦਿਲਾਂ ’ਤੇ ਸਥਾਈ ਅਧਿਕਾਰ ਹਾਸਲ ਨਹੀਂ ਕਰ ਲੈਂਦੀ। ਨਾਗਰਿਕ ਸਿਰਫ ਇਸ ਲਈ ਆਪਣੇ ਲੋਕਤੰਤਰਿਕ ਅਧਿਕਾਰ ਸਰਕਾਰ ਨੂੰ ਨਹੀਂ ਸੌਂਪ ਦਿੰਦੇ ਕਿ ਉਨ੍ਹਾਂ ਨੇ ਉਸ ਨੂੰ ਚੋਣਾਂ ’ਚ ਚੁਣਿਆ ਹੈ।
ਇਸ ਤੋਂ ਇਲਾਵਾ, ਜੈੱਨ-ਜ਼ੀ ਦੇ ਪ੍ਰਦਰਸ਼ਨਾਂ ਨੇ ਉਸ ਵਿਵਸਥਾ ਦੇ ਸਾਹਮਣੇ ਇਕ ਅਜਿਹੀ ਹਕੀਕਤ ਰੱਖ ਦਿੱਤੀ ਹੈ, ਜਿਸ ਨੂੰ ਸ਼ਾਇਦ ਉਸ ਨੇ ਘੱਟ ਕਰ ਕੇ ਆਂਕਿਆ ਸੀ। ਇਸ ਨਾਲ ਆਰ. ਐੱਸ. ਐੱਸ. ਨੂੰ ਇਹ ਕਹਿਣ ਦੀ ਗੁੰਜਾਇਸ਼ ਮਿਲਦੀ ਹੈ—‘‘ਅਸੀਂ ਸੁਣ ਰਹੇ ਹਾਂ, ਭਾਵੇਂ ਸਰਕਾਰ ਨਹੀਂ ਸੁਣ ਰਹੀ।’’ ਇਹ ਇਕ ਤਰ੍ਹਾਂ ਦਾ ਸੰਸਥਾਗਤ ਸੰਕੇਤ ਅਤੇ ਰਾਜਨੀਤਿਕ ਸੁਰੱਖਿਆ ਕਵਚ ਵੀ ਹੈ। ਜੈੱਨ-ਜ਼ੀ ਦੇ ਪ੍ਰਦਰਸ਼ਨਾਂ ਨੇ ਭਾਜਪਾ ਦੀ ਸਰਵਸ਼ਕਤੀਮਾਨ ਅਤੇ ਸਰਵਗਿਆ ਰਾਜਨੀਤਿਕ ਵਿਵਸਥਾ ਦੀ ਸਾਵਧਾਨੀ ਨਾਲ ਘੜੀ ਗਈ ਦਿੱਖ ’ਚ ਦਰਾੜ ਪਾ ਦਿੱਤੀ ਹੈ।
ਭਾਗਵਤ ਨੇ ਇਸ ਸਥਿਤੀ ਨੂੰ ਰਾਜਨੀਤਿਕ ਤੌਰ ’ਤੇ ਖ਼ਤਰਨਾਕ ਦੱਸਿਆ। ਭਾਜਪਾ ਸ਼ਾਇਦ ਇਹ ਭੁੱਲ ਰਹੀ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਸਮਾਜਿਕ ਪ੍ਰਵਾਨਗੀ ਗੁਆਚ ਜਾਣ ਤੋਂ ਬਾਅਦ ਉਸ ਨੂੰ ਦੁਬਾਰਾ ਹਾਸਲ ਕਰਨਾ ਕਿਤੇ ਵੱਧ ਔਖਾ ਹੁੰਦਾ ਹੈ। ਭਾਜਪਾ ਕਿਸੇ ਇਕ ਰੋਹ ਭਰੇ ਪ੍ਰਦਰਸ਼ਨ ਤੋਂ ਬਚ ਸਕਦੀ ਹੈ, ਪਰ ਉਹ ਅਜਿਹੀ ਪਾਰਟੀ ਬਣਨ ਦਾ ਜੋਖ਼ਮ ਨਹੀਂ ਉਠਾ ਸਕਦੀ, ਜਿਸ ’ਤੇ ਪੂਰੀ ਇਕ ਪੀੜ੍ਹੀ ਸਹਿਜੇ ਹੀ ਅਵਿਸ਼ਵਾਸ ਕਰਨ ਲੱਗੇ। ਆਖ਼ਿਰ ਜੈੱਨ-ਜ਼ੀ ਆਉਣ ਵਾਲੇ ਸਮੇਂ ’ਚ ਇਕ ਬੇਹੱਦ ਪ੍ਰਭਾਵਸ਼ਾਲੀ ਚੋਣ ਵਰਗ ਬਣਨ ਵਾਲੀ ਹੈ।
ਅਸਲ ਪ੍ਰੀਖਿਆ ਇਹ ਨਹੀਂ ਹੈ ਕਿ ਭਾਗਵਤ ਨੇ ਸਹੀ ਗੱਲ ਕਹੀ ਜਾਂ ਨਹੀਂ। ਅਸਲੀ ਸਵਾਲ ਇਹ ਹੈ ਕਿ ਕੀ ਆਰ. ਐੱਸ. ਐੱਸ. ਨਾਲ ਜੁੜਿਆ ਰਾਜਨੀਤਿਕ ਤੰਤਰ ਆਪਣੇ ਵਿਵਹਾਰ ’ਚ ਬਦਲਾਅ ਲਿਆਉਣ ਲਈ ਤਿਆਰ ਹੈ? ਕਿਉਂਕਿ ਸ਼ਬਦ ਕਹਿਣਾ ਸੌਖਾ ਹੈ, ਪਰ ਸੰਸਥਾਗਤ ਵਿਵਹਾਰ ਬਦਲਣਾ ਔਖਾ ਹੈ। ਜੇਕਰ ਪ੍ਰਦਰਸ਼ਨਕਾਰੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕੁੱਟਿਆ ਜਾਂਦਾ ਰਿਹਾ, ਹਿਰਾਸਤ ’ਚ ਲਿਆ ਜਾਂਦਾ ਰਿਹਾ ਜਾਂ ਰਾਸ਼ਟਰਵਿਰੋਧੀ ਕਰਾਰ ਦਿੱਤਾ ਜਾਂਦਾ ਰਿਹਾ, ਤਾਂ ਗੱਲਬਾਤ ਦਾ ਉਪਦੇਸ਼ ਮਹਿਜ਼ ਰਾਜਨੀਤਿਕ ਦਿਖਾਵਾ ਬਣ ਕੇ ਰਹਿ ਜਾਵੇਗਾ।
ਇਹੀ ਵਜ੍ਹਾ ਹੈ ਕਿ ਭਾਗਵਤ ਦੇ ਭਾਸ਼ਣ ਨੂੰ ਇਕ ਚਿਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਹ ਸੱਤਾ ਅਦਾਰੇ ਨੂੰ ਸੰਕੇਤ ਦੇ ਰਹੇ ਹਨ ਕਿ ਹੁਕਮ ਅਤੇ ਕੰਟਰੋਲ ਦੀ ਪੁਰਾਣੀ ਮਸ਼ੀਨਰੀ ਹੁਣ ਪਹਿਲਾਂ ਵਰਗੀ ਕਾਰਗਰ ਨਹੀਂ ਰਹੀ। ਤ੍ਰਾਸਦੀ ਇਹ ਹੈ ਕਿ ਜੈੱਨ-ਜ਼ੀ ਨੇ ਸ਼ਾਇਦ ਆਪਣੀਆਂ ਤਤਕਾਲੀ ਮੰਗਾਂ ਤੋਂ ਵੀ ਵੱਡੀ ਪ੍ਰਾਪਤੀ ਹਾਸਲ ਕਰ ਲਈ ਹੈ। ਉਸ ਨੇ ਸੱਤਾ ਅਦਾਰੇ ਨੂੰ ਆਪਣੀ ਰਾਜਨੀਤਿਕ ਭਾਸ਼ਾ ਬਦਲਣ ਲਈ ਮਜਬੂਰ ਕਰ ਦਿੱਤਾ ਹੈ।
ਭਾਗਵਤ ਨੇ ਮੋਦੀ-ਸ਼ਾਹ ਲੀਡਰਸ਼ਿਪ ਤੋਂ ਦੂਰੀ ਨਹੀਂ ਬਣਾਈ ਹੈ। ਉਨ੍ਹਾਂ ਨੇ ਇਸ ਤੋਂ ਵੀ ਵੱਧ ਰਾਜਨੀਤਿਕ ਤੌਰ ’ਤੇ ਸਮਝਦਾਰੀ ਭਰਿਆ ਕੰਮ ਕੀਤਾ ਹੈ—ਉਨ੍ਹਾਂ ਨੂੰ ਸੱਤਾ ਦੀਆਂ ਸੀਮਾਵਾਂ ਦੀ ਯਾਦ ਦਿਵਾਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੰਘ ਮੁਖੀ ਨੇ ਭਾਜਪਾ ਨੂੰ ਟਕਰਾਅ ਤੋਂ ਗੱਲਬਾਤ ਵੱਲ ਪਰਤਣ ਦਾ ਰਸਤਾ ਸੁਝਾਇਆ ਹੈ, ਉਹ ਵੀ ਆਪਣੀ ਵਿਚਾਰਧਾਰਕ ਜਾਂ ਰਾਜਨੀਤਿਕ ਸਥਿਤੀ ਛੱਡੇ ਬਿਨਾਂ। ਭਾਜਪਾ ਇਸ ਰਸਤੇ ਨੂੰ ਅਪਣਾਉਂਦੀ ਹੈ ਜਾਂ ਨਹੀਂ, ਇਹ ਸਮਾਂ ਦੱਸੇਗਾ, ਪਰ ਚਿਤਾਵਨੀ ਸਪੱਸ਼ਟ ਹੈ—ਲਗਾਤਾਰ ਸਵਾਲ ਕਰਨ ਵਾਲੀ ਨਵੀਂ ਪੀੜ੍ਹੀ ’ਤੇ ਬੀਤੇ ਦੌਰ ਦੇ ਔਜ਼ਾਰਾਂ ਨਾਲ ਰਾਜ ਨਹੀਂ ਕੀਤਾ ਜਾ ਸਕਦਾ।
-ਪੂਨਮ ਆਈ. ਕੌਸ਼ਿਸ਼
ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
NEXT STORY