ਸੰਸਾਰ ’ਚ ਸ਼ਾਇਦ ਚੀਨ ਹੀ ਇਕ ਅਜਿਹਾ ਦੇਸ਼ ਹੈ ਜੋ ਦੂਜੇ ਦੇਸ਼ਾਂ ਦੀ ਧਰਤੀ ’ਤੇ ਆਪਣਾ ਦਾਅਵਾ ਜਤਾਉਂਦਾ ਰਹਿੰਦਾ ਹੈ। ਭਾਰਤ ਵੀ ਇਸ ਦਾ ਅਪਵਾਦ ਨਹੀਂ ਹੈ ਅਤੇ ਚੀਨ ਦੇ ਸ਼ਾਸਕਾਂ ਨੇ ਲੰਬੇ ਸਮੇਂ ਤੋਂ ਅਰੁਣਾਚਲ ਪ੍ਰਦੇਸ਼ ’ਤੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ।
ਤਾਜ਼ਾ ਘਟਨਾਕ੍ਰਮ ’ਚ, ਪਿਛਲੇ ਦਿਨੀਂ ਚੀਨ ਨੇ ਇਕ ਵਾਰ ਫਿਰ ਅਰੁਣਾਚਲ ਪ੍ਰਦੇਸ਼ ’ਚ ਸਥਿਤ ਭਾਰਤੀ ਸ਼ਹਿਰਾਂ ਨੂੰ ਆਪਣੇ ਚੀਨੀ ਨਾਂ ਦੇ ਦਿੱਤੇ ਅਤੇ ਚੀਨ ਵਾਰ-ਵਾਰ ਉਨ੍ਹਾਂ ’ਤੇ ਆਪਣਾ ਦਾਅਵਾ ਕਰਦਾ ਜਾ ਰਿਹਾ ਹੈ, ਜਦੋਂ ਕਿ ਅਰੁਣਾਚਲ ਪ੍ਰਦੇਸ਼ ਤਾਂ ਮੂਲ ਰੂਪ ’ਚ ਭਾਰਤ ਦਾ ਹੀ ਹੈ।
ਮੈਕਮੋਹਨ ਰੇਖਾ ਬਣਾਏ ਜਾਣ ਤੋਂ ਬਾਅਦ ਤਿੱਬਤ ਅਤੇ ਭਾਰਤ ਵਿਚਾਲੇ ਹੋਈ ਸੰਧੀ ’ਚ ਵੀ ਅਰੁਣਾਚਲ ਪ੍ਰਦੇਸ਼ ਭਾਰਤ ’ਚ ਹੀ ਸੀ। ਕਿਸੇ ਵੀ ਤਿੱਬਤੀ ਜਾਂ ਅਰੁਣਾਚਲੀ ਨੂੰ ਇਹ ਪੁੱਛਣ ’ਤੇ ਕਿ ਕੀ ਉਹ ਚੀਨ ਦੇ ਅਧੀਨ ਜਾਣਾ ਚਾਹੁੰਦਾ ਹੈ, ਤਾਂ ਉਸ ਦਾ ਜਵਾਬ ‘ਨਹੀਂ’ ’ਚ ਹੀ ਹੁੰਦਾ ਹੈ ਅਤੇ ਉਹ ਸਾਰੇ ਆਪਣੇ ਆਪ ਨੂੰ ਭਾਰਤੀ ਹੀ ਮੰਨਦੇ ਹਨ।
ਚੀਨ ਵੱਲੋਂ ਅਰੁਣਾਚਲ ’ਤੇ ਆਪਣੀ ਮਾਲਕੀ ਦਾ ਦਾਅਵਾ ਕਰਨ ਦੇ ਪਿੱਛੇ ਤਿੰਨ ਮੁੱਖ ਕਾਰਨ ਹਨ। ਪਹਿਲਾ ਅਰੁਣਾਚਲ ਪ੍ਰਦੇਸ਼ ਦੇ ਤਾਵਾਂਗ ਜ਼ਿਲੇ ’ਚ ਛੇਵੇਂ ਦਲਾਈ ਲਾਮਾ ਦੇ ਜਨਮ ਸਥਾਨ ’ਤੇ ਬਣਿਆ ਇਕ ਮੱਠ ਹੈ ਅਤੇ ਇਹ ਸਥਾਨ ਚੀਨ ਦੇ ਕਬਜ਼ੇ ’ਚ ਆ ਜਾਣ ਨਾਲ ਚੀਨ ਪੂਰੇ ਤਿੱਬਤ ’ਤੇ ਆਪਣਾ ਭਾਵਨਾਤਮਕ ਅਤੇ ਇਤਿਹਾਸਕ ਤੌਰ ’ਤੇ ਕੰਟਰੋਲ ਕਰਨ ਦੀ ਸਥਿਤੀ ’ਚ ਆ ਸਕਦਾ ਹੈ।
ਚੀਨ ਨੇ 1962 ਤੋਂ ਹੀ ਤਿੱਬਤ ’ਤੇ ਕਬਜ਼ਾ ਕੀਤਾ ਹੋਇਆ ਹੈ, ਪਰ ਉੱਥੋਂ ਦੇ ਲੋਕ ਅਜੇ ਵੀ ਆਪਣੇ ਆਪ ਨੂੰ ਬੋਧੀ ਮੰਨਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਤੋਂ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਚੀਨ ਨਾਲ ਨਹੀਂ ਜੋੜ ਸਕਦੇ।
ਦੂਜੇ ਪਾਸੇ, ਚੀਨ ਦੇ ਹੱਥਾਂ ’ਚ ਤਾਵਾਂਗ ਜ਼ਿਲਾ ਆ ਜਾਣ ’ਤੇ ਚੀਨ ਦੇ ਸ਼ਾਸਕ ਅਗਲੇ ਦਲਾਈ ਲਾਮਾ ਦੀ ਖੁਦ ਚੋਣ ਕਰ ਕੇ ਉਸ ਨੂੰ ਹੀ ਸਵੀਕਾਰ ਕਰਨ ਲਈ ਤਿੱਬਤ ’ਤੇ ਜ਼ੋਰ ਦੇਣ ਲੱਗਣਗੇ, ਕਿਉਂਕਿ ਮੌਜੂਦਾ ਦਲਾਈ ਲਾਮਾ ਦੇ ਕਾਫ਼ੀ ਬਜ਼ੁਰਗ ਹੋ ਜਾਣ ਦੇ ਕਾਰਨ ਚੀਨ ਦੇ ਸ਼ਾਸਕ ਉਨ੍ਹਾਂ ਦੀ ਥਾਂ ’ਤੇ ਆਪਣੇ ਚੁਣੇ ਹੋਏ ਦਲਾਈ ਲਾਮਾ ਬਣਾਉਣਾ ਚਾਹੁੰਦੇ ਹਨ।
ਦੂਜਾ, ਅਰੁਣਾਚਲ ਪ੍ਰਦੇਸ਼ ਬਹੁਤ ਜ਼ਿਆਦਾ ਉਚਾਈ ’ਤੇ ਵੱਸਿਆ ਹੋਣ ਕਾਰਨ ਚੀਨ ਦੇ ਸ਼ਾਸਕ ਉੱਥੋਂ ਬ੍ਰਹਮਪੁੱਤਰ ਵੱਲੋਂ ਭਾਰਤ ’ਚ ਹੋਣ ਵਾਲੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਸਕਣਗੇ। ਇਸ ਲਈ ਚੀਨ ਲਈ ਨਾ ਸਿਰਫ਼ ਜੰਗ ’ਚ, ਪਰ ਰਣਨੀਤਕ ਤੌਰ ’ਤੇ ਵੀ ਇਹ ਮਹੱਤਵਪੂਰਨ ਹੈ। ਇਸ ਲਈ ਵੀ ਅਰੁਣਾਚਲ ਪ੍ਰਦੇਸ਼ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ।
ਚੀਨ ਦੇ ਸ਼ਾਸਕਾਂ ਦੇ ਇਸ ਤਰ੍ਹਾਂ ਦੇ ਦਾਅਵਿਆਂ ਦੇ ਜਵਾਬ ’ਚ ਭਾਰਤ ਵਲੋਂ ਲਗਾਤਾਰ ਇਸ ਖੇਤਰ ਨੰੂ ਆਪਣੇ ਨਕਸ਼ੇ ’ਚ ਦਿਖਾਇਆ ਜਾ ਰਿਹਾ ਹੈ ਅਤੇ ਮੌਜੂਦਾ ਘਟਨਾਚੱਕਰ ’ਚ ਭਾਰਤ ਨੇ ਇਸ ਖੇਤਰ ’ਤੇ ਆਪਣੀ ਮਾਲਕੀ ਦੁਹਰਾਈ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ।
ਕਿਉਂਕਿ ਚੀਨ 1962 ਤੋਂ ਹੀ ਧੋਖੇ ਨਾਲ ਇਸ ’ਤੇ ਆਪਣਾ ਦਾਅਵਾ ਅਤੇ ਮਾਲਕੀ ਸਿੱਧ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗਿਆ ਹੋਇਆ ਹੈ, ਇਸ ਲਈ ਭਾਰਤ ਨੂੰ ਇਸ ਖੇਤਰ ’ਚ ਆਪਣੇ ਫ਼ੌਜੀ ਅੱਡੇ ਮਜ਼ਬੂਤ ਕਰਨ ਦੀ ਲੋੜ ਹੈ।
ਧਿਆਨ ਦੇਣ ਦੀ ਇਕ ਗੱਲ ਇਹ ਵੀ ਹੈ ਕਿ ਹੁਣ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਚੀਨ ਸਮਝ ਰਿਹਾ ਹੈ ਕਿ ਉਹ ਸਭ ਨੂੰ ਫੌਜੀ ਉਪਕਰਨਾਂ ਨਾਲ ਸਪੋਰਟ ਕਰ ਰਿਹਾ ਹੈ ਅਤੇ ਇਸ ਲਈ ਉਸ ਦੇ ਮੁਕਾਬਲੇ ’ਚ ਹੋਰ ਕੋਈ ਵੀ ਇੰਨਾ ਮਜ਼ਬੂਤ ਨਹੀਂ ਹੈ।
ਇਹੀ ਕਾਰਨ ਹੈ ਕਿ ਚੀਨ ’ਚ ਵਧੀ ਹੋਈ ਬੇਰੁਜ਼ਗਾਰੀ ਅਤੇ ਅਰਥਵਿਵਸਥਾ ਕਮਜ਼ੋਰ ਹੋਣ ਦੇ ਬਾਵਜੂਦ ਚੀਨ ਦੇ ਸ਼ਾਸਕ ਆਪਣੀ ਜਨਤਾ ਦਾ ਧਿਆਨ ਭੰਗ ਕਰਨ ਲਈ ਇਸ ਕਿਸਮ ਦੇ ਹੱਥਕੰਡੇ ਅਪਣਾ ਸਕਦੇ ਹਨ।
ਹਾਲਾਂਕਿ ਭਾਰਤ ਸ਼ੁਰੂ ਤੋਂ ਹੀ ਚੀਨ ਵੱਲੋਂ ਭਾਰਤੀ ਖੇਤਰ ’ਚ ਵੱਖ-ਵੱਖ ਥਾਵਾਂ ਦੇ ਫ਼ਰਜ਼ੀ ਨਾਂ ਰੱਖਣ ਦੇ ਯਤਨਾਂ ਨੂੰ ਖਾਰਿਜ ਕਰਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਭਾਰਤ ਨੇ ਚੀਨ ਦੇ ਇਨ੍ਹਾਂ ਯਤਨਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਇਸ ਕਿਸਮ ਦੀਆਂ ਆਧਾਰਹੀਣ ਗੱਲਾਂ ਨਾਲ ਅਸਲੀਅਤ ਨੂੰ ਨਹੀਂ ਬਦਲਿਆ ਜਾ ਸਕਦਾ।
‘ਡਿਜੀਟਲ ਵੈੱਲਨੈੱਸ’ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ
NEXT STORY