ਭਾਰਤੀ ਸੁਰੱਖਿਆ ਬਲਾਂ ਅਤੇ ਰੱਖਿਆ ਅਦਾਰਿਆਂ ਨਾਲ ਜੁੜੇ ਕੁਝ ਮੈਂਬਰਾਂ ਵੱਲੋਂ ਹਨੀ ਟ੍ਰੈਪ ਅਤੇ ਪੈਸਿਆਂ ਦੇ ਲਾਲਚ ’ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਆਈ. ਐੱਸ. ਆਈ.’ ਲਈ ਜਾਸੂਸੀ ਕਰਨ ਅਤੇ ਉਸ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠ ਲਿਖੇ ਅਨੁਸਾਰ ਦਰਜ ਹਨ :
* 31 ਮਈ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਕ ਪਾਕਿਸਤਾਨੀ ਮਹਿਲਾ ਏਜੰਟ ਦੇ ‘ਹਨੀ ਟ੍ਰੈਪ’ ’ਚ ਫਸ ਕੇ ਉਸ ਨੂੰ ਭਾਰਤ ਦੀਆਂ ਗੁਪਤ ਜੰਗੀ ਯੋਜਨਾਵਾਂ, ਫਾਈਟਰ ਜੈੱਟਾਂ ਦੀ ਆਵਾਜਾਈ ਅਤੇ ਇਕ ਸੀਕ੍ਰੇਟ ਡਰੋਨ ਯੂਨਿਟ ਦੀ ਜਾਣਕਾਰੀ ਦੇਣ ਦੇ ਦੋਸ਼ ਹੇਠ ਭਾਰਤੀ ਹਵਾਈ ਫੌਜ ਦੇ ਇਕ ਵਿੰਗ ਕਮਾਂਡਰ ‘ਮਨੋਰਥ ਸਿੰਘ ਸੱਭਰਵਾਲ’ ਨੂੰ ਗ੍ਰਿਫ਼ਤਾਰ ਕੀਤਾ।
‘ਮਨੋਰਥ ਸਿੰਘ ਸੱਭਰਵਾਲ’ ਨੇ ਪਾਕਿਸਤਾਨੀ ਮਹਿਲਾ ਜਾਸੂਸ ਨੂੰ ਰਾਜਸਥਾਨ ’ਚ ਫੌਜੀ ਅਭਿਆਸ ਅਤੇ ਡਰੋਨ ਯੂਨਿਟ ਦੀਆਂ ਸਮਰੱਥਾਵਾਂ ਨਾਲ ਜੁੜੀ ਜਾਣਕਾਰੀ, ਲੜਾਕੂ ਜਹਾਜ਼ਾਂ ਦੀ ਤਾਇਨਾਤੀ ਅਤੇ ਇਸ ਨਾਲ ਜੁੜੇ ਦਸਤਾਵੇਜ਼ਾਂ ਦੇ ਪੰਨੇ ਵੀ ਭੇਜੇ। ‘ਮਨੋਰਥ ਸਿੰਘ’ ਨੇ ਪਾਕਿ ਮਹਿਲਾ ਏਜੰਟ ਨੂੰ ਕਿਹਾ ਸੀ ਕਿ ਉਸ ਦੀ ਹਰ ‘ਨਿਊਡ’ (ਨੰਗੀ) ਫੋਟੋ ਦੇ ਬਦਲੇ ਉਹ ਉਸ ਨੂੰ ਭਾਰਤੀ ‘ਵਾਰ ਪਲਾਨ’ ਦਾ ਇਕ ਨਵਾਂ ਪੇਜ ਦੇਵੇਗਾ। ‘ਮਨੋਰਥ ਸਿੰਘ’ ਉੱਤੇ ਆਪਣੇ ਅਧੀਨ ਮੁਲਾਜ਼ਮਾਂ ਦੇ ਫੋਨ ’ਚ ‘ਸਪਾਈਵੇਅਰ’ ਪਾਉਣ ਦਾ ਵੀ ਦੋਸ਼ ਹੈ।
* 1 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ‘ਕਾਊਂਟਰ ਇੰਟੈਲੀਜੈਂਸ ਸੈੱਲ’ ਨੇ ‘ਆਪ੍ਰੇਸ਼ਨ ਫਾਇਰ ਵਾਲ-2026’ ਦੇ ਨਾਂ ਨਾਲ ਚਲਾਈ ਮੁਹਿੰਮ ਤਹਿਤ ਇਕ ਵੱਡੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ।
ਇਨ੍ਹਾਂ ’ਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਏਜੰਟਾਂ ਨਾਲ ਜੁੜਨ ਅਤੇ ਸਮੁੰਦਰੀ ਫੌਜ ਦੇ ਜਹਾਜ਼ਾਂ ਤੇ ਟਿਕਾਣਿਆਂ ਦੀ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ। ਇਨ੍ਹਾਂ ’ਚੋਂ ਇਕ ਭਾਰਤੀ ਸਮੁੰਦਰੀ ਫੌਜ ’ਚ ਮਲਾਹ ‘ਪ੍ਰਦੀਪ ਮੁਖਰਜੀ’ ’ਤੇ ‘ਹਨੀ ਟ੍ਰੈਪ’ ਦਾ ਸ਼ਿਕਾਰ ਹੋ ਕੇ ਪਾਕਿਸਤਾਨ ਦੀ ਆਈ. ਐੱਸ. ਆਈ. ਨੂੰ ਸਮੁੰਦਰੀ ਫੌਜ ਸਬੰਧੀ ਗੁਪਤ ਡਾਟਾ ਲੀਕ ਕਰਨ ਦਾ ਵੀ ਦੋਸ਼ ਹੈ।
ਇਸੇ ਤਰ੍ਹਾਂ ਭਾਰਤੀ ਸਮੁੰਦਰੀ ਫੌਜ ਦੇ ਸਿਵਲੀਅਨ ਕੰਟਰੈਕਟ ਡਰਾਈਵਰ ‘ਅੰਨਾਮ ਸਾਈ ਵਰਪ੍ਰਸਾਦ’ ਨੂੰ ਪੈਸਿਆਂ ਦੇ ਬਦਲੇ ਪੂਰਬੀ ਸਮੁੰਦਰੀ ਫੌਜ ਕਮਾਨ ਦੀ ਸੰਵੇਦਨਸ਼ੀਲ ਜਾਣਕਾਰੀ ਆਈ. ਐੱਸ. ਆਈ. ਨੂੰ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਮੁਹਿੰਮ ਤਹਿਤ ਤਾਮਿਲਨਾਡੂ ਦੇ ‘ਵੇਲੋਰ’ ਵਿਚ ਰਿਟਾਇਰਡ ਫੌਜੀ ਅਧਿਕਾਰੀ ‘ਬਾਬੂ’ ਨੂੰ ਫੌਜ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਲੀਕ ਕਰਨ ਅਤੇ ਵ੍ਹਟਸਐਪ ਰਾਹੀਂ ਇਕ ਅਣਪਛਾਤੀ ਔਰਤ ਨੂੰ ਫੌਜੀ ਸਾਜ਼ੋ-ਸਾਮਾਨ ਅਤੇ ਭਾਰਤੀ ਫੌਜ ਨਾਲ ਜੁੜੀ ਗੁਪਤ ਜਾਣਕਾਰੀ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।
* 4-5 ਅਕਤੂਬਰ ਨੂੰ ਅਸਾਮ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਕੇਂਦਰੀ ਏਜੰਸੀਆਂ ਦੇ ਇਨਪੁੱਟ ’ਤੇ ਫੌਜ ਦੇ ਇਕ ਰਿਟਾਇਰਡ ਜਵਾਨ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਬਕਾ ਜਵਾਨ ਫੌਜ ’ਚ ਠੇਕੇ ’ਤੇ ਮੁੜ ਤਾਇਨਾਤ ਸੀ ਅਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਸੁਰੱਖਿਆ ਫੋਰਸਾਂ ਦੀਆਂ ਸਰਗਰਮੀਆਂ ਨਾਲ ਜੁੜੀਆਂ ਜਾਣਕਾਰੀਆਂ ਭੇਜ ਰਿਹਾ ਸੀ।
* 29 ਅਕਤੂਬਰ ਨੂੰ ਪੰਜਾਬ ਪੁਲਸ ਦੇ ‘ਸਟੇਟ ਸਪੈਸ਼ਲ ਆਪ੍ਰੇਸ਼ਨਜ਼ ਸੈੱਲ’ ਨੇ ‘15-ਜੈਕ ਰਾਈਫਲਜ਼’ ਨਾਲ ਸਬੰਧਤ ‘ਰਾਜਬੀਰ ਸਿੰਘ’ ਨੂੰ ਪੱਛਮੀ ਬੰਗਾਲ ਦੇ ‘ਅਲੀਪੁਰ ਦੁਆਰ’ ਦੇ ‘ਹਾਸੀਮਾਰਾ’ ਆਰਮੀ ਬੇਸ ਤੋਂ ਗ੍ਰਿਫ਼ਤਾਰ ਕੀਤਾ। ਉਸ ’ਤੇ ‘ਹਾਸੀਮਾਰਾ’ ਕੈਂਪ ਦੀ ਰਣਨੀਤਕ ਲੋਕੇਸ਼ਨ ਤੇ ਫੌਜੀ ਅਦਾਰਿਆਂ ਦੀ ਗੁਪਤ ਜਾਣਕਾਰੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਆਈ. ਐੱਸ. ਆਈ.’ ਨੂੰ ਭੇਜਣ ਦਾ ਦੋਸ਼ ਸੀ।
ਅਜਿਹੇ ਹਾਲਾਤ ਦਰਮਿਆਨ ਹਵਾਈ ਸੈਨਾ ਮੁਖੀ ‘ਆਸ਼ੂਤੋਸ਼ ਦੀਕਸ਼ਿਤ’ ਦੀ ਇਸ ਚਿਤਾਵਨੀ ਨੂੰ ਅਣਗੌਲਿਆਂ ਨਹੀਂ ਜਾ ਸਕਦਾ ਕਿ ‘ਵਿਦੇਸ਼ੀ ਜਾਸੂਸੀ ਨੈੱਟਵਰਕ’ ਹੁਣ ਸਿਰਫ਼ ਹਨੀ ਟ੍ਰੈਪ ਤੱਕ ਹੀ ਸੀਮਤ ਨਹੀਂ ਹਨ, ਉਹ ਦੂਜੇ ਤਰੀਕਿਆਂ ਨਾਲ ਵੀ ਭਾਰਤੀ ਰੱਖਿਆ ਖੇਤਰ ਦੀਆਂ ਨਾਜ਼ੁਕ ਜਾਣਕਾਰੀਆਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਇਹ ਤਾਂ ਕੁਝ ਮਿਸਾਲਾਂ ਹੀ ਹਨ, ਹਵਾਈ ਸੈਨਾ ਮੁਖੀ ਆਸ਼ੂਤੋਸ਼ ਦੀਕਸ਼ਿਤ ਦੀ ਚਿਤਾਵਨੀ ਦੇ ਮੱਦੇਨਜ਼ਰ ਚੌਕਸੀ ਵਧਾਉਣ ਅਤੇ ਆਪਣੇ ਆਲੇ-ਦੁਆਲੇ ਦੇ ਮਾਹੌਲ ’ਤੇ ਚੌਕਸ ਨਜ਼ਰ ਰੱਖਣ ਦੀ ਲੋੜ ਹੈ, ਕੀ ਪਤਾ ਕਿਸ ਰੂਪ ’ਚ ਕੋਈ ਦੇਸ਼ਧ੍ਰੋਹੀ ਕੋਈ ਨਵੀਂ ਚਾਲ ਚੱਲਣ ਲਈ ਮੌਕੇ ਦੀ ਤਾਕ ’ਚ ਹੋਵੇ।
-ਵਿਜੇ ਕੁਮਾਰ
ਸਮਾਜ ’ਚ ਆਪਣੇ ਪੈਰ ਪਸਾਰ ਰਿਹਾ ਹੈ ‘ਵਾਈਫ ਸਵੈਪਿੰਗ’
NEXT STORY