ਪੱਛਮੀ ਦੇਸ਼ਾਂ ਦੀ ਵੇਖਾ-ਵੇਖੀ ਭਾਰਤ ’ਚ ਵੀ ਹੁਣ ਸਵਿੰਗਰਸ ਭਾਵ ਅਜਿਹੇ ਜੋੜੇ ਜੋ ਸੈਕਸ ਸਬੰਧਾਂ ਲਈ ਆਪਸ ’ਚ ਪਤੀ ਜਾਂ ਪਤਨੀ ਦੀ ਅਦਲਾ-ਬਦਲੀ ਕਰਦੇ ਹਨ, ਦੀਆਂ ਘਟਨਾਵਾਂ ਤੇ ਇਨ੍ਹਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਖੁੱਲ੍ਹੀ ਭਾਸ਼ਾ ’ਚ ‘ਵਾਈਫ ਸਵੈਪਿੰਗ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਇਸ ਸਮਾਜਿਕ ਮਾੜੇ ਕੰਮ ਅਧੀਨ ਲੋਕ ਆਪਣੀ ਪਤਨੀ ਨੂੰ ਦੂਜੇ ਮਰਦ ਨਾਲ ਸਬੰਧ ਬਣਾਉਣ ਦੀ ਛੋਟ ਦਿੰਦੇ ਹਨ। ਇਸ ’ਚ ਪਤੀ-ਪਤਨੀ ਦੋਵਾਂ ਦੀ ਸਹਿਮਤੀ ਰਹਿੰਦੀ ਹੈ। ਇਹ ਇਕ ਸਮਾਜਿਕ ਚਿੰਤਾ ਹੈ।
ਜਿਵੇਂ-ਜਿਵੇਂ ਸਮਾਜ ਬੋਲਡ ਅਤੇ ਖੁੱਲ੍ਹਾ ਹੁੰਦਾ ਜਾ ਰਿਹਾ ਹੈ, ਰਿਸ਼ਤਿਆਂ ਦੇ ਵੀ ਕਈ ਨਵੇਂ-ਨਵੇਂ ਰੂਪ ਸਾਹਮਣੇ ਆ ਰਹੇ ਹਨ। ਇਸੇ ਕੜੀ ’ਚ ਅੱਜਕੱਲ ਵਾਈਫ ਸਵੈਪਿੰਗ ਦਾ ਚਲਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਸਾਡਾ ਸਮਾਜ ਅਜੇ ਇੰਨਾ ਬੋਲਡ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਸਮਾਜ ’ਚ ਥਾਂ ਦੇਵੇ। ਕਈ ਸੋਸ਼ਲ ਮੀਡੀਆ ਰਿਪੋਰਟਾਂ ਦੱਸ ਰਹੀਆਂ ਹਨ ਕਿ ਅਨੇਕ ਸ਼ਹਿਰਾਂ ਦੇ ਵੱਡੇ-ਵੱਡੇ ਹੋਟਲਾਂ ’ਚ ਪਾਰਟੀਆਂ ਦੀ ਆੜ ’ਚ ਇਹ ਖੇਡ ਖੁੱਲ੍ਹੇਆਮ ਖੇਡੀ ਜਾਂਦੀ ਹੈ। ਸਮਾਜ ’ਚ ਅਜਿਹੇ ਲੋਕਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਆਮ ਤੌਰ ’ਤੇ ਉਹ ਪਾਰਟੀਆਂ ’ਚ ਸ਼ਿਰਕਤ ਕਰਦੇ ਹਨ। ਪਾਰਟੀ ’ਚ ਜੇ ਕੋਈ ਹੋਰ ਮਰਦ ਕਿਸੇ ਦੀ ਪਤਨੀ ’ਚ ਰੁਚੀ ਲੈਂਦਾ ਹੈ ਤਾਂ ਕੋਈ ਇਸ ਦੀ ਪਰਵਾਹ ਨਹੀਂ ਕਰਦਾ ਸਗੋਂ ਪਤਨੀ ਨੂੰ ਦੂਜੇ ਮਰਦ ਕੋਲ ਜਾਣ ਲਈ ਪ੍ਰੇਰਿਤ ਕਰਦਾ ਹੈ। ਸਮਲਿੰਗੀਆਂ ਵਾਂਗ ਅਜਿਹੇ ਜੋੜੇ ਆਪਣੀ ਤਰ੍ਹਾਂ ਦੀ ਸੋਚ ਵਾਲੇ ਜੋੜੇ ਨੂੰ ਆਸਾਨੀ ਨਾਲ ਪਛਾਣ ਲੈਂਦੇ ਹਨ। ਉਨ੍ਹਾਂ ਦੀ ‘ਬਾਡੀ ਲੈਂਗੂਏਜ’ ਅਤੇ ਵਤੀਰਾ ਆਮ ਜੋੜੇ ਨਾਲੋਂ ਬਹੁਤ ਵੱਖਰਾ ਹੁੰਦਾ ਹੈ।
ਖਿੱਚ ਅਤੇ ਸੁੰਦਰਤਾ ’ਤੇ ਨਿਰਭਰ ਇਹ ਮਾੜੀ ਵਿਵਸਥਾ ਦਿਨੋਂ-ਦਿਨ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਅੱਜਕੱਲ ਟੀ. ਵੀ., ਸਿਨੇਮਾ, ਓ. ਟੀ. ਟੀ. ਪਲੇਟਫਾਰਮ ਅਤੇ ਪੌਰਨ ਦੇ ਫੈਲਾਅ ਕਾਰਨ ਪਤੀ-ਪਤਨੀ ਦੇ ਆਪਸੀ ਭਰੋਸੇ ’ਚ ਕਮੀ ਆ ਰਹੀ ਹੈ। ਹਰ ਵਾਈਫ ਸਵੈਪਿੰਗ ਮਾਮਲੇ ’ਚ ਕਿਤੇ ਮਰਦ ਤਾਂ ਕਿਤੇ ਔਰਤ ਨੇ ਆਪਣੀ ਸੈਕਸ ਭੁੱਖ ਮਿਟਾਉਣੀ ਹੁੰਦੀ ਹੈ। ਇਸ ਹਵਸ ਦਰਮਿਅਾਨ ਪਿਆਰ ਤਾਂ ਇੰਝ ਗਾਇਬ ਹੋ ਗਿਆ ਹੈ, ਜਿਵੇਂ ਗਧੇ ਦੇ ਸਿਰ ਤੋਂ ਸਿੰਙ।
ਸਮਾਜ ਸ਼ਾਸਤਰੀਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅੱਜ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਇਸ ਖੇਡ ’ਚ ਰੁਚੀ ਲੈ ਰਹੀਆਂ ਹਨ। ਕਈ ਵਾਰ ਖ਼ਬਰਾਂ ਦੀਆਂ ਸੁਰਖੀਆਂ ’ਚ ਅਜਿਹੇ ਮਾਮਲੇ ਲੋਕਾਂ ਲਈ ਉਤਸੁਕਤਾ ਬਣੇ ਹੋਏ ਹਨ ਕਿ ਆਖ਼ਰ ਪਤੀ-ਪਤਨੀ ਅਜਿਹਾ ਕਿਉਂ ਕਰਦੇ ਹਨ? ਇਸ ਦੇ ਪਿੱਛੇ ਉਨ੍ਹਾਂ ਦੀ ਕੀ ਮਾਨਸਿਕਤਾ ਹੁੰਦੀ ਹੈ? ਕੀ ਆਉਣ ਵਾਲੇ ਦਿਨਾਂ ’ਚ ਇਹ ਖੇਡ ਦੇਸ਼ ਦੇ ਹਰ ਕੋਨੇ ’ਚ ਪੈਰ ਪਸਾਰ ਲਵੇਗੀ? ਇਸ ’ਤੇ ਡੂੰਘਾ ਚਿੰਤਨ ਹੋਣਾ ਚਾਹੀਦਾ ਹੈ।
ਮਨੋਵਿਗਿਆਨੀ ਕਹਿੰਦੇ ਹਨ ਕਿ ਭਾਵੇਂ ਵਾਈਫ ਸਵੈਪਿੰਗ ਸਮਾਜ ’ਚ ਆਪਣੀ ਥਾਂ ਬਣਾ ਰਹੀ ਹੈ ਪਰ ਇਹ ਰਿਸ਼ਤਿਆਂ ਲਈ ਸੁਨਾਮੀ ਤੋਂ ਘੱਟ ਨਹੀਂ। ਇਨ੍ਹੀਂ ਦਿਨੀਂ ਐਡਵੈਂਚਰ ਅਤੇ ਮਜ਼ੇ ਲਈ ਗੈਰ-ਕੁਦਰਤੀ ਸੈਕਸ ਦਾ ਰੁਝਾਨ ਲੋਕਾਂ ’ਚ ਵਧ ਰਿਹਾ ਹੈ। ਅਜਿਹੇ ਲੋਕ ਲੀਹ ਤੋਂ ਹਟ ਕੇ ਸੈਕਸ ਦੀ ਇੱਛਾ ਦੀ ਪੂਰਤੀ ਲਈ ਵਾਈਫ ਸਵੈਪਿੰਗ ਵਰਗੇ ਮਾੜੇ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ। ਮਨੋਵਿਗਿਆਨ ਕਹਿੰਦਾ ਹੈ ਕਿ ਕੁਝ ਲੋਕ ਲੰਬੇ ਸਮੇਂ ਤੱਕ ਇਕ ਪਾਰਟਨਰ ਨਾਲ ਰਹਿ ਕੇ ਬੋਰ ਹੋ ਜਾਂਦੇ ਹਨ। ਇਸ ਤੋਂ ਬਚਣ ਲਈ ਵੀ ਉਹ ਅਜਿਹਾ ਕਰਦੇ ਹਨ। ਪਤੀ-ਪਤਨੀ ਜੇ ਵਾਈਫ ਸਵੈਪਿੰਗ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੇ ਆਪਸੀ ਰਿਸ਼ਤੇ ਖ਼ਤਮ ਹੋ ਜਾਂਦੇ ਹਨ, ਕਿਉਂਕਿ ਭਾਰਤੀ ਸਮਾਜ ’ਚ ਵਿਆਹ ਭਰੋਸੇ ’ਤੇ ਟਿਕਿਆ ਹੋਇਆ ਪਵਿੱਤਰ ਰਿਸ਼ਤਾ ਹੁੰਦਾ ਹੈ। ਇਸ ਤਰ੍ਹਾਂ ਦੇ ਰਿਸ਼ਤੇ ਕਾਰਨ ਦੋਵਾਂ ਦਾ ਇਕ-ਦੂਜੇ ਤੋਂ ਭਰੋਸਾ ਖ਼ਤਮ ਹੋ ਜਾਂਦਾ ਹੈ। ਇਸ ਦਾ ਬੱਚਿਆਂ ਦੇ ਭਵਿੱਖ ’ਤੇ ਬਹੁਤ ਬੁਰਾ ਅਸਰ ਹੁੰਦਾ ਹੈ।
ਕੌੜਾ ਸੱਚ ਹੈ ਕਿ ਸਾਡੇ ਆਲੇ-ਦੁਆਲੇ ’ਚ ਦਿਨ-ਬ-ਦਿਨ ਇਹ ਰੁਝਾਨ ਵਧ ਰਿਹਾ ਹੈ। ਇਸ ਲਈ ਸਾਡੇ ਦਰਮਿਅਾਨ ਮੌਜੂਦ ਅਖੌਤੀ ਲਿਬਰਲਸ, ਮਾਡਰਨਸ, ਮੈਂਸ ਈਗੋਸਿਸਟ ਤੇ ਫੈਮੀਨਿਸਟ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹਨ। ਭਾਰਤ ਵਰਗੇ ਸੱਭਿਆਚਾਰ ਨਾਲ ਭਰਪੂਰ ਦੇਸ਼ ’ਚ ਇਸ ਚਲਨ ਦਾ ਜਨਮ ਹੋਣ ਦਾ ਮੁੱਖ ਕਾਰਨ ਵੇਖਾ-ਵੇਖੀ ਵੀ ਹੈ। ਇੰਟਰਨੈੱਟ ਤੇ ਇੰਟਰਨੈੱਟ ਰਾਹੀਂ ਵਾਈਫ ਸਵੈਪਿੰਗ ਦੀਆਂ ਮਿਲਣ ਵਾਲੀਆਂ ਸੂਚਨਾਵਾਂ ਦੇ ਨਾਲ-ਨਾਲ ਪੱਛਮੀ ਦੇਸ਼ਾਂ ’ਚ ਹੋ ਰਹੀਆਂ ਸਰਗਰਮੀਅਾਂ ਦੀ ਰੀਸ ਵੀ ਸਾਡੇ ਮਾਹੌਲ ’ਚ ਵਾਈਫ ਸਵੈਪਿੰਗ ਨੂੰ ਹੁਲਾਰਾ ਦੇ ਰਹੀ ਹੈ।
ਕੁੱਲ ਮਿਲਾ ਕੇ ਭਾਰਤੀ ਸਮਾਜਿਕ ਮਾਹੌਲ ’ਚ ਵਿਆਹ ਇਕ ਅਜਿਹੀ ਸਨਮਾਨਜਨਕ ਵਿਵਸਥਾ ਰਹੀ ਹੈ ਜੋ ਔਰਤ ਅਤੇ ਮਰਦ ਨੂੰ ਸਾਰੀ ਉਮਰ ਲਈ ਇਕ-ਦੂਜੇ ਨਾਲ ਜੋੜ ਕੇ ਰੱਖਦੀ ਹੈ ਪਰ ਹੁਣ ਸਭ ਕੁਝ ਕਿਉਂ ਬਦਲ ਰਿਹਾ ਹੈ? ਅਜਿਹੇ ਹਾਲਾਤ ’ਚ ਸਿਰਫ਼ ਆਪਣੇ ਸਰੀਰਕ ਭੋਗ-ਵਿਲਾਸ ਨਾਲ ਸਬੰਧਤ ਅਨੈਤਿਕ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੇ ਜੀਵਨ ਸਾਥੀ ਦੀ ਅਦਲਾ-ਬਦਲੀ ਕਰਨਾ ਹਮੇਸ਼ਾ ਨਿੰਦਣਯੋਗ ਤੇ ਨਫਰਤ ਭਰਿਅਾ ਸਮਾਜਿਕ ਕਾਰਜ ਹੀ ਮੰਨਿਆ ਜਾਵੇਗਾ।
-ਡਾ. ਵਰਿੰਦਰ ਭਾਟੀਆ
‘ਘਟਦੀ ਆਬਾਦੀ’ ਤੇ ਏ. ਆਈ. ਦਾ ਡਰ
NEXT STORY