ਹਾਲਾਂਕਿ ਸਰਕਾਰ ਕਈ ਸਾਲਾਂ ਤੋਂ ਦੇਸ਼ ’ਚ ਨਾਜਾਇਜ਼ ਤਰੀਕੇ ਨਾਲ ਸੋਨੇ ਅਤੇ ਹੋਰ ਕੀਮਤੀ ਚੀਜ਼ਾਂ ਦੀ ਸਮੱਗਲਿੰਗ ਰੋਕਣ ਦੇ ਯਤਨ ਕਰ ਰਹੀ ਹੈ ਅਤੇ ਇਸ ਨੇ ਇਸ ਲਈ ਕਈ ਕਾਨੂੰਨ ਵੀ ਬਣਾਏ ਹਨ ਪਰ ਸਮੱਗਲਰ ਵੀ ਨਿੱਤ ਨਵੇਂ ਤਰੀਕੇ ਲੱਭ ਕੇ ਸਰਕਾਰ ਦੇ ਯਤਨਾਂ ਨੂੰ ਨਾਕਾਮ ਕਰ ਰਹੇ ਹਨ। ਇੱਥੇ ਸਿਰਫ 2 ਮਹੀਨਿਆਂ ’ਚ ਦੇਸ਼ ਦੇ ਹਵਾਈ ਅੱਡਿਆਂ ਤੋਂ ਬਰਾਮਦ ਕੀਤੇ ਗਏ ਸੋਨੇ ਦਾ ਵੇਰਵਾ ਹੇਠਾਂ ਦਰਜ ਕਰ ਰਹੇ ਹਾਂ :
* 6 ਜਨਵਰੀ ਨੂੰ ‘ਜੇਦਾਹ’ ਤੋਂ ਆਏ ਇਕ ਵਿਅਕਤੀ ਦੇ ਬੈਗੇਜ ਦੀ ਦਿੱਲੀ ਹਵਾਈ ਅੱਡੇ ’ਤੇ ਤਲਾਸ਼ੀ ਦੌਰਾਨ ਔਰਤਾਂ ਦੇ ਕੱਪੜਿਆਂ ’ਚ ਲੱਗੇ ਚਾਂਦੀ ਦੀ ਪਰਤ ਚੜ੍ਹੇ ਬਟਨਾਂ ’ਚ ਲੁਕੋਇਆ 29 ਲੱਖ ਰੁਪਏ ਕੀਮਤ ਦਾ 379 ਗ੍ਰਾਮ ਸੋਨਾ ਬਰਾਮਦ ਹੋਇਆ।
* 13 ਜਨਵਰੀ ਨੂੰ ‘ਦਿੱਲੀ’ ਹਵਾਈ ਅੱਡੇ ’ਤੇ ‘ਬਹਿਰੀਨ’ ਤੋਂ ਆਏ ਇਕ ਪਤੀ-ਪਤਨੀ ਕੋਲੋਂ 1 ਕਰੋੜ 41 ਲੱਖ ਰੁਪਏ ਕੀਮਤ ਦਾ 1.9 ਕਿੱਲੋਂ ਸੋਨਾ ਬਰਾਮਦ ਕੀਤਾ ਗਿਆ। ਇਹ ਸੋਨਾ ਉਹ ਆਪਣੇ ਟਰਾਲੀ ਬੈਗ ’ਚ ਤਾਰਾਂ ਦੇ ਰੂਪ ’ਚ ਲੁਕੋ ਕੇ ਲਿਆਏ ਸਨ।
* 23 ਜਨਵਰੀ ਨੂੰ ਕਸਟਮ ਅਧਿਕਾਰੀਆਂ ਨੇ ‘ਦਿੱਲੀ’ ਹਵਾਈ ਅੱਡੇ ’ਤੇ ‘ਜੇਦਾਹ’ ਤੋਂ ਆਏ ਇਕ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲੈਣ ’ਤੇ ਉਸ ਦੀ ਅਚਾਰ ਦੀ ਬੋਤਲ ’ਚ ਲੁਕੋਏ ਹੋਏ 10 ਲੱਖ ਰੁਪਏ ਕੀਮਤ ਦੇ 100 ਗ੍ਰਾਮ ਸੋਨੇ ਦੇ 4 ਟੁਕੜੇ ਬਰਾਮਦ ਕੀਤੇ।
ਇਸੇ ਦਿਨ ‘ਰਿਆਦ’ ਤੋਂ ਆਏ ਇਕ ਯਾਤਰੀ ਦੇ ਲਗੇਜ ’ਚ ‘ਨਿਵੀਆ ਕਰੀਮ’ ਅਤੇ ‘ਟਾਈਗਰ ਮਾਰਕਾ ਬਾਮ’ ਦੇ ਡੱਬੇ ’ਚ 23.76 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ 318 ਗ੍ਰਾਮ ਸੋਨੇ ਦੀਆਂ 18 ਸਟ੍ਰਿਪ ਬਰਾਮਦ ਕੀਤੀਆਂ ਗਈਆਂ।
* 4 ਫਰਵਰੀ ਨੂੰ ਅਧਿਕਾਰੀਆਂ ਨੇ ‘ਜੈਪੁਰ’ ਹਵਾਈ ਅੱਡੇ ’ਤੇ ‘ਸ਼ਾਰਜਾਹ’ ਤੋਂ ਆਏ ਇਕ ਯਾਤਰੀ ਕੋਲੋਂ ‘ਮਿਕਸਰ ਗ੍ਰਾਈਂਡਰ ਮਸ਼ੀਨ’ ਅੰਦਰ ਲੁਕੋਇਆ ਹੋਇਆ 60 ਲੱਖ ਰੁਪਏ ਕੀਮਤ ਦਾ 700 ਗ੍ਰਾਮ ਸੋਨਾ ਜ਼ਬਤ ਕੀਤਾ।
* 6 ਫਰਵਰੀ ਨੂੰ ਕਸਟਮ ਅਧਿਕਾਰੀਆਂ ਨੇ ‘ਦਿੱਲੀ’ ਹਵਾਈ ਅੱਡੇ ’ਤੇ ‘ਮਿਲਾਨ’ (ਇਟਲੀ) ਤੋਂ ਆਏ 2 ਲੋਕਾਂ ਕੋਲੋਂ 10 ਕਿਲੋ ਤੋਂ ਵੱਧ ਵਜ਼ਨੀ ਅਤੇ 7.8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਜ਼ਬਤ ਕੀਤੇ ਜੋ ਉਨ੍ਹਾਂ ਨੇ ਬੈਲਟ ’ਚ ਲੁਕੋਏ ਹੋਏ ਸਨ।
* 7 ਫਰਵਰੀ ਨੂੰ ਕਸਟਮ ਅਧਿਕਾਰੀਆਂ ਨੇ ‘ਮੁੰਬਈ’ ਹਵਾਈ ਅੱਡੇ ’ਤੇ ‘ਨੈਰੋਬੀ’ ਤੋਂ ਆਈਆਂ 4 ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4 ਕਰੋੜ ਰੁਪਏ ਦਾ 5.185 ਕਿਲੋ ਸੋਨਾ ਜ਼ਬਤ ਕੀਤਾ ਜੋ ਉਨ੍ਹਾਂ ਨੇ ਆਪਣੇ ਬੁਰਕੇ ਅਤੇ ਹੋਰ ਕੱਪੜਿਆਂ ’ਚ ਲੁਕੋਇਆ ਹੋਇਆ ਸੀ।
* 14 ਫਰਵਰੀ ਨੂੰ ‘ਮੁੰਬਈ’ ਦੇ ਕੌਮਾਂਤਰੀ ਹਵਾਈ ਅੱਡੇ ’ਤੇ 6.28 ਕਰੋੜ ਰੁਪਏ ਮੁੱਲ ਦੇ 7.143 ਕਿਲੋ ਸੋਨੇ ਦੀ ਸਮੱਗਲਿੰਗ ਦੇ ਦੋਸ਼ ’ਚ 3 ‘ਈਰਾਨੀ’ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 23 ਫਰਵਰੀ ਨੂੰ ‘ਦਿੱਲੀ’ ਹਵਾਈ ਅੱਡੇ ’ਤੇ ‘ਬੈਂਕਾਕ’ ਤੋਂ ਪੁੱਜੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕਬਜ਼ੇ ’ਚੋਂ 6.08 ਕਰੋੜ ਰੁਪਏ ਮੁੱਲ ਦਾ ਹੀਰਿਆਂ ਜੜਿਆ ਸੋਨੇ ਦਾ ਹਾਰ ਬਰਾਮਦ ਕੀਤਾ ਗਿਆ।
* 26 ਫਰਵਰੀ ਨੂੰ ‘ਜੇਦਾਹ’ ਤੋਂ ‘ਦਿੱਲੀ’ ਆਏ ਜਹਾਜ਼ ਤੋਂ ਉੱਤਰੇ ਇਕ ਯਾਤਰੀ ਦੇ ਬੈਗ ’ਚੋਂ ਖਜੂਰਾਂ ਦੇ ਅੰਦਰ ਲੁਕੋ ਕੇ ਰੱਖਿਆ ਗਿਆ 172 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।
* 2 ਮਾਰਚ ਨੂੰ ‘ਸ਼ਾਰਜਾਹ’ ਤੋਂ ‘ਤਿਰੂਚਿਰਾਪੱਲੀ’ ਪੁੱਜੀ ਇਕ ਮਹਿਲਾ ਯਾਤਰੀ ਦੇ ਬੈਗੇਜ ’ਚੋਂ ਇਕ ‘ਆਈਸ ਕ੍ਰੱਸ਼ਰ ਮਸ਼ੀਨ’ ’ਚ ਲੁਕੋ ਕੇ ਲਿਆਂਦਾ ਜਾ ਰਿਹਾ ਲਗਭਗ 1.23 ਕਰੋੜ ਰੁਪਏ ਮੁੱਲ ਦਾ 1.395 ਕਿਲੋ ਸੋਨਾ ਜ਼ਬਤ ਕੀਤਾ ਗਿਆ।
* ਅਤੇ ਹੁਣ 3 ਮਾਰਚ ਰਾਤ ਨੂੰ ‘ਦੁਬਈ’ ਤੋਂ ਬੈਂਗਲੁਰੂ ਦੇ ‘ਕੈਂਪੇਗੌੜਾ ਹਵਾਈ ਅੱਡੇ’ ’ਤੇ ਪੁੱਜੀ ਕੰਨੜ ਅਦਾਕਾਰ ‘ਰਾਨਿਆ ਰਾਵ’ ਨੂੰ ਅਧਿਕਾਰੀਆਂ ਨੇ ਉਸ ਦੇ ਕਬਜ਼ੇ ’ਚੋਂ 12.56 ਕਰੋੜ ਰੁਪਏ ਮੁੱਲ ਦਾ 14.8 ਕਿਲੋ ਸੋਨਾ ਜ਼ਬਤ ਕਰ ਕੇ ਗ੍ਰਿਫਤਾਰ ਕੀਤਾ।
ਉਸ ਨੇ ਜ਼ਿਆਦਾਤਰ ਸੋਨਾ ਆਪਣੇ ਸਰੀਰ ’ਤੇ ਪਹਿਨਿਆ ਹੋਇਆ ਸੀ ਅਤੇ ਆਪਣੇ ਕੱਪੜਿਆਂ ’ਚ ਸੋਨੇ ਦੀਆਂ ਛੜਾਂ ਲੁਕੋ ਕੇ ਰੱਖੀਆਂ ਹੋਈਆਂ ਸਨ। ‘ਰਾਨਿਆ’ ਆਈ. ਪੀ. ਐੱਸ. ਅਧਿਕਾਰੀ ‘ਰਾਮਚੰਦਰ ਰਾਵ’ ਦੀ ਮਤਰੇਈ ਬੇਟੀ ਹੈ। ਉਸ ਕੋਲੋਂ 4.73 ਕਰੋੜ ਰੁਪਏ ਮੁੱਲ ਦੀਆਂ ਹੋਰ ਚੀਜ਼ਾਂ ਸਮੇਤ ਕੁੱਲ 17.29 ਕਰੋੜ ਰੁਪਏ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ।
ਉਪਰੋਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਤੱਤਾਂ ਨੇ ਆਪਣੀਆਂ ਨਾਜਾਇਜ਼ ਸਰਗਰਮੀਆਂ ਕਿੰਨੀਆਂ ਵਧਾ ਦਿੱਤੀਆਂ ਹਨ ਅਤੇ ਭਾਰਤ ਦੀ ਅਰਥ ਵਿਵਸਥਾ ਨੂੰ ਭਾਰੀ ਸੱਟ ਮਾਰ ਰਹੇ ਹਨ।
ਹਾਲਾਂਿਕ ਅਧਿਕਾਰੀ ਅਪਰਾਧੀਆਂ ਨੂੰ ਫੜਨ ’ਚ ਸਫਲ ਹੋ ਰਹੇ ਹਨ ਪਰ ਇਸ ’ਚ ਹੋਰ ਤੇਜ਼ੀ ਲਿਆਉਣ ਅਤੇ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਤੁਰੰਤ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।
ਇਸ ਦੇ ਨਾਲ ਹੀ ਅਪਰਾਧੀਆਂ ਨੂੰ ਫੜਨ ਵਾਲੇ ਸਟਾਫ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਪ੍ਰੇਰਣਾ ਮਿਲੇ ਅਤੇ ਉਹ ਵੱਧ ਚੁਸਤੀ ਅਤੇ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।
–ਵਿਜੇ ਕੁਮਾਰ
ਇਕ ਯੁੱਧ, ਨਸ਼ੇ ਦੇ ਵਿਰੁੱਧ : ਸਮੱਸਿਆਵਾਂ- ਅਵਿਵਸਥਾਵਾਂ ਦੀ ਜੜ੍ਹ ਤੱਕ ਪਹੁੰਚਣਾ ਪਵੇਗਾ
NEXT STORY