ਸੰਸਦ ਦਾ ਸਰਦ ਰੁੱਤ ਸੈਸ਼ਨ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਖ਼ਬਰ ਵੀ ਸੂਤਰਾਂ ਦੇ ਹਵਾਲੇ ਨਾਲ ਮੀਡੀਆ ’ਚ ਆ ਗਈ ਪਰ ਮਾਨਸੂਨ ਸੈਸ਼ਨ ਦੀ ਸਮਾਪਤੀ ਅਜੇ ਤੱਕ ਨਹੀਂ ਕੀਤੀ ਗਈ ਹੈ। ਬੇਸ਼ੱਕ ਇਸ ’ਚ ਗੈਰ-ਸੰਵਿਧਾਨਿਕ ਕੁਝ ਵੀ ਨਹੀਂ, ਪਰ ਇਹ ਆਮ ਵੀ ਨਹੀਂ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਦੇ 3 ਮਹੀਨੇ ਬਾਅਦ ਵੀ ਸੰਸਦ ਸੈਸ਼ਨ ਦੀ ਸਮਾਪਤੀ ਨਹੀਂ ਹੋਈ। ਨੀਟ ਪੇਪਰ ਲੀਕ ਮੁੱਦੇ ’ਤੇ ਜੰਤਰ-ਮੰਤਰ ਅੰਦੋਲਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਆਦਿ ਘਟਨਾਚੱਕਰ ’ਤੇ ਹੰਗਾਮੇ ਦੀ ਭੇਟ ਚੜ੍ਹ ਗਏ ਸੰਸਦ ਦੇ ਮਾਨਸੂਨ ਸੈਸ਼ਨ ਦੀ ਕਾਰਵਾਈ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ।
ਸਦਨ ’ਚ ਅਜਿਹਾ ਹੀ ਐਲਾਨ ਕੀਤਾ ਜਾਂਦਾ ਹੈ ਪਰ ਕੁਝ ਦਿਨ ’ਚ ਹੀ ਸੈਸ਼ਨ ਸਮਾਪਤੀ ਦੀ ਖ਼ਬਰ ਵੀ ਆ ਜਾਂਦੀ ਹੈ ਪਰ ਮਾਨਸੂਨ ਸੈਸ਼ਨ ਦੇ ਸਮਾਪਤੀ ਦੀ ਖ਼ਬਰ ਅੱਜ ਤੱਕ ਨਹੀਂ ਆਈ। ਹਾਂ, ਵਿਚ-ਵਿਚ ਹੱਦਬੰਦੀ ਬਿੱਲ ਪਾਸ ਕਰਵਾਉਣ ਲਈ ਮਾਨਸੂਨ ਸੈਸ਼ਨ ਮੁੜ ਸ਼ੁਰੂ ਕਰਨ ਜਾਂ ਵਿਸ਼ੇਸ਼ ਸੈਸ਼ਨ ਸੱਦਣ ਦੀਆਂ ਖ਼ਬਰਾਂ ਜ਼ਰੂਰ ਸੂਤਰਾਂ ਦੇ ਹਵਾਲੇ ਨਾਲ ਆਉਂਦੀਆਂ ਰਹੀਆਂ। ਇਨ੍ਹਾਂ ਖ਼ਬਰਾਂ ’ਚ ਦਾਅਵਾ ਵੀ ਕੀਤਾ ਜਾਂਦਾ ਰਿਹਾ ਕਿ ਸਰਕਾਰ ਨੇ ਹੱਦਬੰਦੀ ਬਿੱਲ ਪਾਸ ਕਰਵਾਉਣ ਲਈ ਜ਼ਰੂਰੀ ਦੋ-ਤਿਹਾਈ ਬਹੁਮਤ ਦਾ ਜੁਗਾੜ ਸੰਸਦ ਦੇ ਦੋਵੇਂ ਸਦਨਾਂ ’ਚ ਕਰ ਲਿਆ ਹੈ।
ਧਿਆਨ ਰਹੇ ਕਿ ਇਸੇ ਸਾਲ ਬਜਟ ਸੈਸ਼ਨ ’ਚ 17 ਅਪ੍ਰੈਲ ਨੂੰ ਸਰਕਾਰ ਦਾ ਹੱਦਬੰਦੀ ਬਿੱਲ ਲੋਕ ਸਭਾ ’ਚ 298 ਦੇ ਮੁਕਾਬਲੇ 352 ਵੋਟਾਂ ਨਾਲ ਡਿੱਗ ਗਿਆ ਸੀ। ਅਸਾਮ ’ਚ ਸੱਤਾ ਦੀ ਹੈਟ੍ਰਿਕ, ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਤੋਂ ਸੱਤਾ ਖੋਹ ਲੈਣ ਅਤੇ ਉਨ੍ਹਾਂ ਦੀ ਤ੍ਰਿਣਮੂਲ ਕਾਂਗਰਸ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ’ਚ ਵੰਡ ਨਾਲ ਭਾਜਪਾ ਦੇ ਬੁਲੰਦ ਹੌਸਲਿਆਂ ਦੇ ਕਾਰਨ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਮਾਨਸੂਨ ਸੈਸ਼ਨ ’ਚ ਹੀ ਦੋ-ਤਿਹਾਈ ਬਹੁਮਤ ਦਾ ਜੁਗਾੜ ਕਰ ਕੇ ਹੱਦਬੰਦੀ ਬਿੱਲ ਪਾਸ ਕਰਵਾਉਂਦੇ ਹੋਏ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਪਸਤ ਕਰ ਦੇਵੇਗੀ ਪਰ ਨੀਟ ਪੇਪਰ ਲੀਕ ਮਾਮਲੇ ’ਚ ਜੰਤਰ-ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਅਤੇ ਅੰਤ ’ਚ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਸਾਰਾ ਰਾਜਨੀਤਿਕ ਦ੍ਰਿਸ਼ ਬਦਲ ਗਿਆ।
ਐੱਸ. ਆਈ. ਆਰ. ਪ੍ਰਕਿਰਿਆ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਦੋ ਹੋਰ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੀ ਅਸਹਿਮਤੀ ਦੇ ਮੀਡੀਆ ’ਚ ਖੁਲਾਸੇ ਨਾਲ ਵੀ ਸਰਕਾਰ ਲਈ ਅਸਹਿਜ ਸਥਿਤੀਆਂ ਬਣ ਗਈਆਂ ਪਰ ਸੈਸ਼ਨ ਸਮਾਪਤੀ ਨਾ ਹੋਣ ਨਾਲ ਵਿਰੋਧੀ ਧਿਰ ’ਤੇ ਵੀ ਇਕ ਮਨੋਵਿਗਿਆਨਕ ਦਬਾਅ ਬਣਿਆ ਰਿਹਾ।
ਦਰਅਸਲ ਅਣਮਿੱਥੇ ਸਮੇਂ ਲਈ ਮੁਲਤਵੀ ਕਾਰਵਾਈ ਵਾਲੇ ਮਾਨਸੂਨ ਸੈਸ਼ਨ ਦਾ ਵਿਸਥਾਰ 2 ਦਿਨ ਦੇ ਸ਼ਾਰਟ ਨੋਟਿਸ ’ਤੇ ਸਦਨ ਦੇ ਸਪੀਕਰ ਵੀ ਕਰ ਸਕਦੇ ਹਨ, ਜਦਕਿ ਨਵਾਂ ਸੈਸ਼ਨ 14 ਦਿਨ ਦੇ ਨੋਟਿਸ ’ਤੇ ਰਾਸ਼ਟਰਪਤੀ ਹੀ ਸੱਦ ਸਕਦੇ ਹਨ। ਸੰਵਿਧਾਨ ਦੇ ਧਾਰਾ 85 ਮੁਤਾਬਕ ਸੰਸਦ ਦੇ 2 ਸੈਸ਼ਨਾਂ ਦੇ ਦਰਮਿਆਨ 6 ਮਹੀਨੇ ਤੋਂ ਵੱਧ ਦਾ ਫਰਕ ਨਹੀਂ ਹੋਣਾ ਚਾਹੀਦਾ ਪਰ ਨਵਾਂ ਸੈਸ਼ਨ ਸੱਦਣ ਤੋਂ ਪਹਿਲਾਂ ਪਿਛਲੇ ਸੈਸ਼ਨ ਨੂੰ ਮੁਲਤਵੀ ਕਰਨ ਦੀ ਜ਼ਿੰਮੇਵਾਰੀ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ।
ਇਸ ਤੋਂ ਪਹਿਲਾਂ ਮਾਨਸੂਨ ਸੈਸ਼ਨ ਦੀ ਸਮਾਪਤੀ ’ਚ ਦੇਰੀ ਦਾ ਰਿਕਾਰਡ 87 ਦਿਨਾਂ ਦਾ ਸੀ, ਜਦੋਂ ਜੁਲਾਈ, 2008 ’ਚ ਭਾਰਤ-ਅਮਰੀਕੀ ਪ੍ਰਮਾਣੂ ਸੰਧੀ ਅਤੇ ਉਸ ’ਤੇ ਬੇਭਰੋਸਗੀ ਮਤੇ ਦੇ ਮੱਦੇਨਜ਼ਰ 2 ਦਿਨ ਲਈ ਸਦਨ ਦੀ ਵਿਸ਼ੇਸ਼ ਬੈਠਕ ਸੱਦੀ ਗਈ ਸੀ। ਮੋਦੀ ਸਰਕਾਰ ਦੇ 12 ਸਾਲ ਦੇ ਕਾਰਜਕਾਲ ’ਚ ਪਹਿਲੀ ਵਾਰ ਉਸ ਦਾ ਕੋਈ ਬਿੱਲ ਡਿੱਗਿਆ ਸੀ, ਇਸ ਲਈ ਉਹ ਆਰਾਮ ਨਾਲ ਤਾਂ ਨਹੀਂ ਬੈਠੇਗੀ, ਪਰ ਬਿੱਲ ਪਾਸ ਕਰਵਾਉਣ ਲਈ ਸੰਸਦ ਦੇ ਦੋਵੇਂ ਹੀ ਸਦਨਾਂ ’ਚ ਦੋ-ਤਿਹਾਈ ਬਹੁਮਤ ਚਾਹੀਦਾ ਹੈ, ਜੋ ਉਸ ਕੋਲ ਨਹੀਂ ਹੈ।
ਬੇਸ਼ੱਕ ਬਿੱਲ ਦਾ ਵਿਰੋਧ ਕਰ ਰਹੇ, ਖ਼ਾਸ ਕਰ ਕੇ ਦੱਖਣ ਭਾਰਤੀ ਅਤੇ ਖੇਤਰੀ ਦਲਾਂ ਨੂੰ ਮਨਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਰਾਜਾਂ ’ਚ ਲੋਕ ਸਭਾ ਦੀਆਂ ਸੀਟਾਂ 50 ਫੀਸਦੀ ਵਧਾਉਣ ਦਾ ਪ੍ਰਸਤਾਵ ਵੀ ਦਿੱਤਾ ਸੀ, ਤਾਂ ਜੋ ਅਨੁਪਾਤ ਜਿਉਂ ਦਾ ਤਿਉਂ ਬਣਿਆ ਰਹੇ ਪਰ ਉਹ ਪ੍ਰਸਤਾਵ ਬਿੱਲ ਦਾ ਹਿੱਸਾ ਨਹੀਂ ਸੀ। ਉਸ ਨੂੰ ਬਿੱਲ ’ਚ ਸ਼ਾਮਲ ਕਰਨ ਲਈ ਸ਼ਾਹ ਨੇ 1 ਘੰਟੇ ਦਾ ਸਮਾਂ ਵੀ ਮੰਗਿਆ, ਪਰ ਗੱਲ ਬਣੀ ਨਹੀਂ ਅਤੇ ਬਿੱਲ ਡਿੱਗ ਗਿਆ। ਬੇਸ਼ੱਕ ਤ੍ਰਿਣਮੂਲ ਕਾਂਗਰਸ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ’ਚ ਵੰਡ ਨਾਲ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦਾ ਗਿਣਤੀ ਬਲ ਬਿਹਤਰ ਹੋਇਆ ਹੈ ਪਰ ਅਜੇ ਵੀ ਦੋ-ਤਿਹਾਈ ਬਹੁਮਤ ਦੇ ਅੰਕੜੇ ਤੋਂ ਪਿੱਛੇ ਹੈ।
ਡੀ. ਐੱਮ. ਕੇ. ਮੁਖੀ ਐੱਮ. ਕੇ. ਸਟਾਲਿਨ ਜਨਗਣਨਾ ਆਧਾਰਿਤ ਹੱਦਬੰਦੀ ਦੇ ਵਿਰੋਧ ’ਚ ਦੱਖਣ ਭਾਰਤੀ ਰਾਜਾਂ ਨੂੰ ਲਾਮਬੰਦ ਕਰ ਰਹੇ ਸਨ। ਤਾਮਿਲਨਾਡੂ ਦੀ ਸੱਤਾ ਤੋਂ ਬੇਦਖਲ ਡੀ. ਐੱਮ. ਕੇ. ਹੁਣ ਜਦਕਿ ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੀ ਬਾਹਰ ਆ ਗਈ ਹੈ, ਭਾਜਪਾ ਨੂੰ ਉਸ ਤੋਂ ਸਮਰਥਨ ਦੀ ਉਮੀਦ ਹੈ, ਪਰ ਉਸ ਦੇ ਬਾਅਦ ਵੀ ਦੋ-ਤਿਹਾਈ ਬਹੁਮਤ ਦਾ ਅੰਕੜਾ ਕੁਝ ਦੂਰ ਨਜ਼ਰ ਆਉਂਦਾ ਹੈ। ਉਹ ਅੰਕੜਾ ਪਾਉਣ ਲਈ ਮੋਦੀ ਸਰਕਾਰ ਦੋ ਮੋਰਚਿਆਂ ’ਤੇ ਕੰਮ ਕਰ ਰਹੀ ਹੈ। ਪਹਿਲਾ, ਐੱਨ. ਸੀ. ਪੀ. ਦੇ ਦੋਵੇਂ ਗੁੱਟ ਇਕ ਹੋ ਕੇ ਜਾਂ ਵੱਖ ਰਹਿੰਦੇ ਹੋਏ ਹੀ ਬਿੱਲ ਦਾ ਸਮਰਥਨ ਕਰਨ। ਦੂਜਾ, ਉਸ ਦੇ ਬਾਅਦ ਵੀ ਬਹੁਮਤ ’ਚ ਕਮੀ ਰਹੇ ਤਾਂ ਕੁਝ ਛੋਟੇ ਦਲ ਵੋਟਿੰਗ ਤੋਂ ਗੈਰ-ਹਾਜ਼ਰ ਹੋ ਜਾਣ, ਤਾਂ ਜੋ ਸਦਨ ਦੀ ਪ੍ਰਭਾਵੀ ਗਿਣਤੀ ’ਚ ਦੋ-ਤਿਹਾਈ ਬਹੁਮਤ ਦਾ ਅੰਕੜਾ ਥੋੜ੍ਹਾ ਹੋਰ ਹੇਠਾਂ ਆ ਜਾਵੇ।
ਮੋਦੀ ਸਰਕਾਰ ਦੀ ਰਣਨੀਤੀ ਬਾਰੇ ਅਨੁਮਾਨ ਲਗਾਉਣਾ ਹਮੇਸ਼ਾ ਜੋਖ਼ਮ ਭਰਿਆ ਰਿਹਾ ਹੈ। ਇਸ ਲਈ ਕਹਿਣਾ ਮੁਸ਼ਕਲ ਹੈ ਕਿ ਬਹੁਮਤ ਪ੍ਰਤੀ ਆਸਵੰਦ ਹੋਣ ’ਤੇ ਹੱਦਬੰਦੀ ਬਿੱਲ ਪਾਸ ਕਰਵਾਉਣ ਲਈ ਉਹ ਮਾਨਸੂਨ ਸੈਸ਼ਨ ਦਾ ਵਿਸਥਾਰ ਕਰਨਾ ਪਸੰਦ ਕਰੇਗੀ ਜਾਂ ਫਿਰ ਸਰਦ ਰੁੱਤ ਸੈਸ਼ਨ ਸੱਦਣਾ। ਹਾਂ, ਰਾਜਨੀਤਿਕ ਸਮਝ ਦਾ ਤਕਾਜ਼ਾ ਹੈ ਕਿ ਪਹਿਲਾਂ ਨੀਟ ਪੇਪਰ ਲੀਕ ਅਤੇ ਫਿਰ ਐੱਸ. ਆਈ. ਆਰ. ਵਿਵਾਦ ਨਾਲ ਅਸਹਿਜ ਮੋਦੀ ਸਰਕਾਰ ਅਤੇ ਭਾਜਪਾ ਹੱਦਬੰਦੀ ਬਿੱਲ ਦੇ ਮਾਸਟਰ ਸਟ੍ਰੋਕ ਨਾਲ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਰਾਜਨੀਤਿਕ ਵਿਚਾਰ-ਵਟਾਂਦਰਾ ਅਤੇ ਮਾਹੌਲ ਬਦਲਣਾ ਚਾਹੇਗੀ, ਜਿੱਥੇ ਉਹ ਫਿਰ ਤੋਂ ਹਮਲਾਵਰ ਦਿਸੇ ਅਤੇ ਵਿਰੋਧੀ ਧਿਰ ਰੱਖਿਆਤਮਕ।
-ਰਾਜਕੁਮਾਰ ਸਿੰਘ
ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ!
NEXT STORY