ਨਵੀਂ ਦਿੱਲੀ — ਮਾਰਕੀਟ ਰੈਗੂਲੇਟਰ ਇੰਡੀਅਨ ਸਿਕਊਰਟੀਜ਼ ਐਂਡ ਐਕਸਚੇਂਜ ਬੋਰਡ(ਸੇਬੀ) ਪੇਪਰ 'ਤੇ ਮੌਜੂਦ(ਭੌਤਿਕ) ਸ਼ੇਅਰ ਸਰਟੀਫਿਕੇਟ ਨੂੰ ਖਤਮ ਕਰਕੇ ਉਸ ਨੂੰ ਡਿਜ਼ੀਟਲ ਫਾਰਮੇਟ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਟੀਚੇ ਨੂੰ ਅਮਲੀ ਜਾਮਾ ਪਹਿਨਾਉਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਮੌਜੂਦਾ ਸਮੇਂ ਵਿਚ ਜ਼ਿਆਦਾਤਰ ਕਾਰੋਬਾਰ ਡੀਮੈਟ ਫਾਰਮੈਟ 'ਚ ਹੋ ਰਿਹਾ ਹੈ ਪਰ ਜੇਕਰ ਕੀਮਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਭੌਤਿਕ ਸ਼ੇਅਰ ਦੀ ਹਿੱਸੇਦਾਰੀ ਕਾਫੀ ਜ਼ਿਆਦਾ ਹੈ।
3,450 ਸੂਚੀਬੱਧ ਕੰਪਨੀਆਂ ਦੇ ਨਵੀਨਤਮ ਸ਼ੇਅਰਹੋਲਡਿੰਗ ਫਾਰਮੈਟ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਤੋਂ ਪਤਾ ਲੱਗਾ ਕਿ ਕਰੀਬ 3.91 ਲੱਖ ਕਰੋੜ ਰੁਪਏ ਮੁੱਲ ਦੇ ਸ਼ੇਅਰ ਅਜੇ ਵੀ ਭੌਤਿਕ ਰੂਪ ਵਿਚ ਮੌਜੂਦ ਹਨ। ਕੁੱਲ ਸਤੰਬਰ 2018 ਤੱਕ 3,282 ਕੰਪਨੀਆਂ ਦੇ ਕੋਈ ਨਾ ਕੋਈ ਸ਼ੇਅਰ ਅਜੇ ਵੀ ਭੌਤਿਕ ਰੂਪ ਵਿਚ ਸ਼ੇਅਰਧਾਰਕਾਂ ਕੋਲ ਸਨ।
ਸੇਬੀ ਨੇ ਇਸ ਹਫਤੇ ਭੌਤਿਕ ਪ੍ਰਤੀਭੂਤੀਆਂ ਨੂੰ ਬਦਲਣ ਲਈ ਨਿਯਮ ਜਾਰੀ ਕੀਤੇ ਸਨ ਜਿਨ੍ਹਾਂ ਨੂੰ ਰਜਿਸਟਰਾਰ ਐਂਡ ਟਰਾਂਸਫਰ ਏਜੈਂਟ(ਆਰ.ਟੀ.ਏ.) ਦੁਆਰਾ ਕੀਤਾ ਜਾਣਾ ਹੈ। 6 ਨਵੰਬਰ ਨੂੰ ਜਾਰੀ ਸਰਕੂਲਰ ਵਿਚ ਕਿਹਾ ਗਿਆ ਸੀ ਕਿ ਸੇਬੀ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ ਕਿ ਆਰ.ਟੀ.ਏ. ਪ੍ਰਤੀਭੂਤੀਆਂ ਦੇ ਟਰਾਂਸਫਰ ਲਈ ਵੱਖ-ਵੱਖ ਦਸਤਾਵੇਜ਼ਾਂ ਦੀ ਮੰਗ ਕਰ ਰਿਹਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰਜਿਸਟਰਾਰ ਐਸੋਸੀਏਸ਼ਨ ਆਫ ਇੰਡੀਆ ਅਤੇ ਡਿਪਾਜ਼ਟਰੀ ਨਾਲ ਬੈਠਕ ਕੀਤੀ ਗਈ। ਇਸ ਤੋਂ ਬਾਅਦ ਫੀਜ਼ੀਕਲ ਸ਼ੇਅਰਾਂ ਦੇ ਟਰਾਂਸਫਰ ਲਈ ਇਕ ਪ੍ਰਮਾਣੀਕ੍ਰਿਤ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ। ਇਹ ਪਛਾਣ ਦਸਤਾਵੇਜ਼ਾਂ ਦੇ ਉਪਲੱਬਧ ਨਾ ਹੋਣ ਅਤੇ ਨਾਮ ਦਾ ਮਿਲਾਣ ਨਾ ਹੋਣ ਵਰਗੇ ਮੁੱਦਿਆਂ ਨੂੰ ਦੇਖੇਗਾ। ਸੇਬੀ ਨੇ ਮਾਰਚ 2018 ਦੀ ਬੋਰਡ ਬੈਠਕ ਵਿਚ ਭੌਤਿਕ(ਫੀਜ਼ੀਕਲ) ਸ਼ੇਅਰ ਬਾਰੇ ਚਰਚਾ ਕੀਤੀ ਸੀ।
ਸੇਬੀ ਨਾਲ ਬੈਠਕ ਵਿਚ ਦੱਸਿਆ ਗਿਆ ਸੀ ਕਿ ਸ਼ੇਅਰਾਂ ਦੇ ਫੀਜ਼ੀਕਲ ਰੂਪ 'ਚ ਰਹਿਣ ਦੇ ਕਈ ਨੁਕਸਾਨ ਹਨ। ਇਸ ਵਿਚ ਆਪਣੇ ਗਾਹਕ ਨੂੰ ਪਛਾਣਨ ਦੀ ਪ੍ਰਕਿਰਿਆ ਦਾ ਪਾਲਣ ਨਹੀਂ ਹੁੰਦਾ ਹੈ, ਜਿਸ ਕਰਕੇ ਇਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਬੈਠਕ ਵਿਚ ਦੱਸਿਆ ਗਿਆ,'ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਧੋਖਾਧੜੀ ਦੇ ਨਾਲ-ਨਾਲ ਫਰਜ਼ੀ ਇਕਾਈਆਂ ਵਲੋਂ ਪ੍ਰਤੀਭੂਤੀਆਂ ਦੇ ਟਰਾਂਸਫਰ ਨੂੰ ਰੋਕਣ ਲਈ ਸਾਰੀਆਂ ਪ੍ਰਤੀਭੂਤੀਆਂ ਨੂੰ ਡਿਜ਼ੀਟਲ ਰੂਪ 'ਚ ਰੱਖਣਾ ਲਾਜ਼ਮੀ ਕੀਤਾ ਜਾਵੇ।' ਹਾਲਾਂਕਿ 10 ਅਗਸਤ ਦੇ ਸਰਕੂਲਰ 'ਚ ਕਿਹਾ ਗਿਆ ਸੀ, ' ਨਿਵੇਸ਼ਕਾਂ ਕੋਲ 5 ਦਸੰਬਰ 2018 ਦੇ ਬਾਅਦ ਵੀ ਸ਼ੇਅਰਾਂ ਨੂੰ ਭੌਤਿਕ ਰੂਪ ਵਿਚ ਰੱਖਣ ਦਾ ਵਿਕਲਪ ਹੋਵੇਗਾ ਅਤੇ ਫੀਜ਼ੀਕਲ ਰੂਪ ਵਿਚ ਰੱਖਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਇਸ ਵਿਚ ਕਿਹਾ ਗਿਆ ਸੀ ਕਿ ਵਾਰਿਸ ਜਾਂ ਉਤਰਾਧਿਕਾਰੀ ਦੇ ਮਾਮਲੇ 'ਚ ਫੀਜ਼ੀਕਲ ਸ਼ੇਅਰਾਂ ਦਾ ਟਰਾਂਸਫਰ ਹੁਣ ਵੀ ਕੀਤਾ ਜਾ ਸਕਦਾ ਹੈ। ਸ਼ੇਅਰ ਸਰਟੀਫਿਕੇਟ 'ਤੇ ਨਾਂ ਬਦਲਣ ਦੇ ਮਾਮਲੇ 'ਚ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਸਰਕੂਲਰ ਮੁਤਾਬਕ ਹੋਰ ਤਰ੍ਹਾਂ ਦੇ ਟਰਾਂਸਫਰ ਲਈ ਸ਼ੇਅਰਾਂ ਨੂੰ ਡਿਜੀਟਲ ਰੂਪ ਦੇਣ ਦੀ ਜ਼ਰੂਰਤ ਹੋਵੇਗੀ। ਅਜਿਹੀ ਸਥਿਤੀ ਵਿਚ ਸ਼ੇਅਰਾਂ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਅਜੇ ਵੀ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ। ਮੁੱਲ ਦੇ ਹਿਸਾਬ ਨਾਲ ਚੋਟੀ ਦੀਆਂ ਤਿੰਨ ਕੰਪਨੀਆਂ ਦੇ ਕਰੀਬ 30 ਫੀਸਦੀ ਸ਼ੇਅਰ ਭੌਤਿਕ ਫਾਰਮੈਟ ਵਿਚ ਹਨ।
ਤੁਹਾਡੇ ਕੋਲ ਵੀ ਹੈ ਇਹ ATM ਜਾਂ ਕ੍ਰੈਡਿਟ ਕਾਰਡ, ਤਾਂ ਪੈ ਸਕਦੈ 'ਟੈਕਸ' ਦਾ ਬੋਝ!
NEXT STORY