ਮੁੰਬਈ— ਜੇਕਰ ਤੁਹਾਡੇ ਕੋਲ ਵੀ ਵੀਜ਼ਾ, ਮਾਸਟਰ ਕਾਰਡ ਜਾਂ ਅਮਰੀਕਨ ਐਕਸਪ੍ਰੈੱਸ ਕਾਰਡ ਹੈ ਤਾਂ ਹੋ ਸਕਦਾ ਹੈ ਕਿ ਜਲਦ ਤੁਹਾਨੂੰ ਇਸ 'ਤੇ ਪਹਿਲਾਂ ਨਾਲੋਂ ਵਧ ਫੀਸ ਅਦਾ ਕਰਨੀ ਪਵੇ, ਜਿਸ ਨਾਲ ਤੁਹਾਡੀ ਜੇਬ 'ਤੇ ਬੋਝ ਵਧੇਗਾ। ਦਰਅਸਲ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਾਸਟਰ ਕਾਰਡ, ਵੀਜ਼ਾ ਅਤੇ ਅਮਰੀਕਨ ਐਕਸਪ੍ਰੈੱਸ ਹੁਣ ਆਪਣੇ ਸਰਵਰ ਭਾਰਤ 'ਚ ਹੀ ਸਥਾਪਤ ਕਰਨ ਜਾ ਰਹੇ ਹਨ। ਇਸ ਨਾਲ ਭਾਰਤ ਦੇ ਲੋਕਾਂ ਦਾ ਟ੍ਰਾਂਜੈਕਸ਼ਨ ਸੰਬੰਧੀ ਡਾਟਾ ਦੇਸ਼ 'ਚ ਹੀ ਸਟੋਰ ਹੋਵੇਗਾ ਪਰ ਨਾਲ ਹੀ ਇਨ੍ਹਾਂ ਕੰਪਨੀਆਂ ਨੂੰ ਭਾਰਤ 'ਚ ਹੋਣ ਵਾਲੀ ਆਮਦਨ 'ਤੇ 15 ਫੀਸਦੀ ਟੈਕਸ ਭਰਨਾ ਪੈ ਸਕਦਾ ਹੈ।
ਉਂਝ ਭਾਰਤ 'ਚ ਸਥਾਪਤ ਕੰਪਨੀਆਂ ਦੀ ਕਾਰਪੋਰੇਟ ਇਨਕਮ 'ਤੇ 30 ਫੀਸਦੀ ਟੈਕਸ ਲੱਗਦਾ ਹੈ। ਹਾਲਾਂਕਿ ਗਲੋਬਲ ਪੇਮੈਂਟ ਕੰਪਨੀਆਂ ਕੋਲੋਂ 15 ਫੀਸਦੀ ਟੈਕਸ ਲਿਆ ਜਾ ਸਕਦਾ ਹੈ ਕਿਉਂਕਿ ਭਾਰਤ ਦਾ ਸਿੰਗਾਪੁਰ ਵਰਗੇ ਦੇਸ਼ਾਂ ਨਾਲ ਟੈਕਸ ਸਮਝੌਤਾ ਹੈ ਅਤੇ ਇਹ ਕੰਪਨੀਆਂ ਸਿੰਗਾਪੁਰ ਤੋਂ ਆਪਰੇਟ ਹੁੰਦੀਆਂ ਹਨ। ਖਬਰਾਂ ਹਨ ਕਿ ਇਹ ਕੰਪਨੀਆਂ 15 ਫੀਸਦੀ ਟੈਕਸ ਦਾ ਵੀ ਬੋਝ ਕਾਰਡ ਹੋਲਡਰਾਂ 'ਤੇ ਪਾਉਣ ਜਾ ਰਹੀਆਂ ਹਨ। ਮਤਲਬ ਇਨ੍ਹਾਂ ਕੰਪਨੀਆਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਧਾਰਕਾਂ ਕੋਲੋਂ ਵਾਧੂ ਫੀਸ ਵਸੂਲੀ ਜਾ ਸਕਦੀ ਹੈ।
ਹੁਣ ਤਕ ਇਨ੍ਹਾਂ ਗਲੋਬਲ ਪੇਮੈਂਟ ਕੰਪਨੀਆਂ ਨੂੰ ਭਾਰਤ 'ਚ ਟੈਕਸ ਤੋਂ ਛੋਟ ਸੀ ਕਿਉਂਕਿ ਭਾਰਤ 'ਚ ਇਨ੍ਹਾਂ ਨੂੰ ਸਥਾਈ ਕੰਪਨੀ ਦਾ ਦਰਜਾ ਪ੍ਰਾਪਤ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਇਹ ਕੰਪਨੀਆਂ ਭਾਰਤ 'ਚ ਸਿੰਗਾਪੁਰ ਦਫਤਰ ਤੋਂ ਕੰਮਕਾਰ ਚਲਾਉਂਦੀਆਂ ਸਨ, ਜਦੋਂ ਕਿ ਡਾਟਾ ਅਮਰੀਕਾ ਅਤੇ ਆਇਰਲੈਂਡ 'ਚ ਸਟੋਰ ਕੀਤਾ ਜਾਂਦਾ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਮਾਸਟਰ ਕਾਰਡ, ਵੀਜ਼ਾ ਅਤੇ ਅਮਰੀਕਨ ਐਕਸਪ੍ਰੈੱਸ ਕੰਪਨੀ ਵੱਲੋਂ ਭਾਰਤ 'ਚ ਸਰਵਰ ਸਥਾਪਤ ਕਰਨ ਨਾਲ ਇਨ੍ਹਾਂ ਨੂੰ ਇੱਥੇ ਦਾ ਸਥਾਈ ਦਰਜਾ ਮਿਲ ਜਾਵੇਗਾ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਨੂੰ ਭਾਰਤ 'ਚ ਟੈਕਸ ਭਰਨਾ ਪਵੇਗਾ।
ਪ੍ਰਚੂਨ ਖੁਰਾਕੀ ਬਾਜ਼ਾਰ ’ਚ ਨਿਵੇਸ਼ ਤੇਜ਼ੀ ਨਾਲ ਵਧੇਗਾ : ਐਸੋਚੈਮ
NEXT STORY