ਲੁਧਿਆਣਾ (ਧੀਮਾਨ)-ਜੀ. ਐੱਸ. ਟੀ. ਬਿੱਲ ਘਪਲੇ ਦੀਆਂ ਪਰਤਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਦੀਆਂ ਕਰੀਬ 500 ਅਜਿਹੀਆਂ ਕੰਪਨੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਜਾਅਲੀ ਬਿੱਲ ਵੇਚਣ ਵਾਲੀਆਂ 130 ਫਰਮਾਂ ਤੋਂ ਬਿੱਲ ਖਰੀਦੇ ਹਨ। ਇਨ੍ਹਾਂ 'ਤੇ ਪਹਿਲੇ ਗੇੜ ਵਿਚ 30 ਕਰੋੜ ਰੁਪਏ ਤੋਂ ਵੱਧ ਦੀ ਰਿਕਵਰੀ ਬਣ ਗਈ ਹੈ, ਜਿਸ ਨੂੰ ਰਿਕਵਰ ਕਰਨ ਲਈ ਜੀ. ਐੱਸ. ਟੀ. ਵਿਭਾਗ ਉੱਠ ਖੜ੍ਹਾ ਹੈ। ਇਹ 500 ਕੰਪਨੀਆਂ ਸਟੇਟ ਜੀ. ਐੱਸ. ਟੀ. ਅਤੇ ਸੈਂਟਰਲ ਜੀ. ਐੱਸ. ਟੀ. ਵਿਭਾਗ ਕੋਲ ਰਜਿਸਟਰਡ ਹਨ। ਇਨ੍ਹਾਂ ਵਿਚ ਹੌਜ਼ਰੀ, ਧਾਗੇ, ਨਿਟਵੀਅਰ, ਫਰਨੇਸ, ਸਾਈਕਲ ਤੇ ਸਾਈਕਲ ਪਾਰਟਸ ਅਤੇ ਆਟੋ ਪਾਰਟਸ ਦੀਆਂ ਕੰਪਨੀਆਂ ਪ੍ਰਮੁੱਖ ਹਨ।
ਬੀਤੇ ਦਿਨੀਂ ਪੁਲਸ ਨੇ ਜੋ ਮਨੀਸ਼ ਅਗਰਵਾਲ ਅਤੇ ਉਸ ਦੇ ਸਾਥੀ ਗੁਰਪ੍ਰੀਤ ਨੂੰ ਫੜਿਆ ਸੀ ਉਸ ਤੋਂ ਇਹ ਖੁਲਾਸਾ ਹੋਇਆ ਹੈ ਕਿ ਉਸ ਨੇ 130 ਕੰਪਨੀਆਂ ਬਣਾਈਆਂ ਹੋਈਆਂ ਸਨ। ਇਨ੍ਹਾਂ ਦਾ ਅਜੇ ਤੀਸਰਾ ਸਾਥੀ ਰਾਜੀਵ ਜਿਸ ਨੂੰ ਮੁੱਖ ਸਰਗਣਾ ਮੰਨਿਆ ਜਾ ਰਿਹਾ ਹੈ, ਉਹ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਮਨੀਸ਼ ਅਗਰਵਾਲ ਜੁਡੀਸ਼ੀਅਲ ਕਸਟਿਡੀ ਵਿਚ ਹੈ ਅਤੇ ਗੁਰਪ੍ਰੀਤ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਹੈ। ਪਤਾ ਲੱਗਾ ਹੈ ਕਿ ਤਿੰਨਾਂ ਨੇ ਮਿਲ ਕੇ 130 ਕੰਪਨੀਆਂ ਬਣਾਈਆਂ ਸਨ। ਅੱਗੇ ਉਨ੍ਹਾਂ ਨੇ ਬਾਜ਼ਾਰ 'ਚ ਬਿੱਲ ਵੇਚੇ। ਜਿਨ੍ਹਾਂ ਕੰਪਨੀਆਂ ਨੂੰ ਬਿੱਲ ਵੇਚੇ ਉਨ੍ਹਾਂ ਦੇ ਨਾਂ ਇਨ੍ਹਾਂ ਨੇ ਪੁਲਸ ਨੂੰ ਅਤੇ ਜੀ. ਐੱਸ. ਟੀ. ਵਿਭਾਗ ਨੂੰ ਦੱਸ ਦਿੱਤੇ ਹਨ।
ਸੂਚੀ 'ਚ ਛੋਟੀਆਂ-ਵੱਡੀਆਂ ਕਰੀਬ 500 ਕੰਪਨੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਜੀ. ਐੱਸ. ਟੀ. ਬਚਾਉਣ ਅਤੇ ਜਾਅਲੀ ਰਿਫੰਡ ਕਲੇਮ ਕਰਨ ਲਈ ਦੋਸ਼ੀਆਂ ਦੀਆਂ ਕੰਪਨੀਆਂ ਤੋਂ ਜਾਅਲੀ ਬਿੱਲ ਖਰੀਦੇ। ਜਾਂਚ ਜ਼ੋਰਾਂ 'ਤੇ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਜੀ. ਐੱਸ. ਟੀ. ਦੀ ਟੈਕਸ ਚੋਰੀ 100 ਕਰੋੜ ਤੋਂ ਉੱਪਰ ਵੀ ਜਾ ਸਕਦੀ ਹੈ। ਮਨੀਸ਼ ਅਗਰਵਾਲ ਅਜੇ ਸਿਰਫ ਇਕ ਛੋਟਾ ਜਿਹਾ ਪਿਆਦਾ ਹੈ। ਵਿਭਾਗ ਨੇ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ 'ਚ ਬਿੱਲ ਵੇਚਣ ਵਾਲੇ ਜਿਨ੍ਹਾਂ ਲੋਕਾਂ ਨੇ ਇਥੇ ਛਾਪੇਮਾਰੀ ਕੀਤੀ ਉਨ੍ਹਾਂ ਦੀ ਜਾਂਚ ਦਾ ਨਤੀਜਾ ਆਉਣਾ ਅਜੇ ਬਾਕੀ ਹੈ।
ਮੰਡੀ 'ਚ ਅਜੇ ਵੀ ਧੜੱਲੇ ਨਾਲ ਵਿਕ ਰਹੇ ਜਾਅਲੀ ਬਿੱਲ
ਮੰਡੀ ਗੋਬਿੰਦਗੜ੍ਹ ਟੈਕਸ ਦੇ ਜਾਅਲੀ ਬਿੱਲ ਵੇਚਣ ਦਾ ਮੁੱਖ ਅੱਡਾ ਹੈ। ਜਾਅਲੀ ਬਿੱਲ ਵੇਚਣ ਵਾਲੇ ਗ੍ਰਿਫਤਾਰ ਵੀ ਹੋਏ ਅਤੇ ਇਥੇ ਛਾਪੇ ਵੀ ਵਿਭਾਗ ਨੇ ਜੰਮ ਕੇ ਮਾਰੇ ਪਰ ਗਿਰੋਹ ਦੇ ਰੂਪ ਵਿਚ ਕੰਮ ਕਰਨ ਵਾਲਿਆਂ ਨੂੰ ਵਿਭਾਗ ਦਾ ਬਿਲਕੁਲ ਵੀ ਡਰ ਨਹੀਂ ਹੈ। ਅਜੇ ਵੀ ਅਮਨ ਅਤੇ ਗੌਰਵ ਨਾਮਕ ਇਕ ਅਜਿਹੇ ਗੁੱਟ ਹਨ, ਜੋ ਮੰਡੀ ਦੀ ਫਰਨੇਸ ਇਕਾਈਆਂ ਨੂੰ ਬਿਨਾਂ ਡਰ ਦੇ ਧੜੱਲੇ ਨਾਲ ਬਿੱਲ ਵੇਚ ਰਹੇ ਹਨ। ਇਸ ਨੂੰ ਫੜਨ ਲਈ ਵਿਭਾਗ ਨੇ ਕਈ ਜਗ੍ਹਾ ਹੱਥ-ਪੈਰ ਮਾਰੇ ਪਰ ਅਧਿਕਾਰੀਆਂ ਦੀ ਪਕੜ 'ਚ ਨਹੀਂ ਆ ਸਕੇ। ਇੰਨਾ ਪਤਾ ਲੱਗਾ ਹੈ ਕਿ ਜੀ. ਐੱਸ. ਟੀ. ਵਿਭਾਗ ਨੇ ਇਨ੍ਹਾਂ ਦੇ ਐੱਚ. ਡੀ. ਐੱਫ. ਸੀ. ਮੰਡੀ ਗੋਬਿੰਦਗੜ੍ਹ ਅਤੇ ਕੇਨਰਾ ਬੈਂਕ ਲੁਧਿਆਣਾ ਦੀ ਸ਼ਾਖਾ ਤੋਂ ਅਕਾਊਂਟ ਸਟੇਟਮੈਂਟ ਲੈ ਲਈ ਹੈ। ਵਿਭਾਗ ਹੁਣ ਉਨ੍ਹਾਂ ਫਰਨੇਸ ਇਕਾਈਆਂ 'ਤੇ ਛਾਪੇਮਾਰੀ ਕਰੇਗਾ, ਜਿਨ੍ਹਾਂ ਨੇ ਆਪਣੇ ਅਕਾਉੂਂਟ ਨਾਲ ਇਨ੍ਹਾਂ ਦੇ ਅਕਾਊਂਟ 'ਚ ਐਂਟਰੀ ਘੁਮਾਈ।
ਛਾਣਬੀਣ 'ਚ ਪਤਾ ਲੱਗਾ ਹੈ ਕਿ ਜਾਅਲੀ 130 ਕੰਪਨੀਆਂ ਨੇ ਅੱਗੇ 500 ਕੰਪਨੀਆਂ ਨੂੰ ਬਿੱਲ ਵੇਚੇ ਹਨ। ਹੁਣ ਵਿਭਾਗ ਇਨ੍ਹਾਂ ਕੰਪਨੀਆਂ ਤੋਂ ਵੀ ਇਕ-ਇਕ ਪਾਈ ਦੀ ਰਿਕਵਰੀ ਕਰੇਗਾ। ਫਿਲਹਾਲ ਪਹਿਲੇ ਗੇੜ ਵਿਚ 30 ਕਰੋੜ ਤੋਂ ਵੱਧ ਦੀ ਜੀ. ਐੱਸ. ਟੀ. ਦੀ ਟੈਕਸ ਚੋਰੀ ਸਾਹਮਣੇ ਆਈ ਹੈ। ਇਹ ਅੰਕੜਾ ਵਧ ਸਕਦਾ ਹੈ। ਇਥੋਂ ਤੱਕ ਕਿ ਮੰਡੀ ਗੋਬਿੰਦਗੜ੍ਹ ਵਿਚ ਹੋਰਨਾਂ ਗੁੱਟਾਂ ਵੱਲੋਂ ਬਿੱਲ ਵੇਚੇ ਜਾ ਰਹੇ ਉਸ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਪਹੁੰਚ ਗਈਆਂ ਹਨ। ਇਨ੍ਹਾਂ ਨੂੰ ਵੀ ਜਲਦੀ ਧਰ ਦਬੋਚਿਆ ਜਾਵੇਗਾ।
ਦੇਸ਼ ਦੀ ਆਰਥਕ ਵਾਧਾ ਦਰ ਅਗਲੇ ਵਿੱਤੀ ਸਾਲ 7.3 ਫ਼ੀਸਦੀ ਰਹਿਣ ਦੀ ਉਮੀਦ
NEXT STORY