ਨਵੀਂ ਦਿੱਲੀ - ਬੀਤੇ ਦਿਨੀਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ ਆਮ ਨਹੀਂ ਹੈ। ਬਾਜ਼ਾਰ ’ਚ ਹਰ ਦਿਨ ਜਿਸ ਤਰ੍ਹਾਂ ਕੀਮਤਾਂ ਵਧ ਰਹੀਆਂ ਹਨ, ਉਹ ਸਿਰਫ਼ ਮੰਗ ਜਾਂ ਸੱਟੇਬਾਜ਼ੀ ਦਾ ਨਤੀਜਾ ਨਹੀਂ ਹੈ। ਇਸ ਦੇ ਪਿੱਛੇ ਗਲੋਬਲ ਅਰਥਵਿਵਸਥਾ ਦੀ ਇਕ ਅਜਿਹੀ ਕਰਵਟ ਹੈ, ਜੋ ਆਉਣ ਵਾਲੇ ਸਮੇਂ ’ਚ ਸਾਡੀ ਸਭ ਦੀ ਜੇਬ ’ਤੇ ਡੂੰਘਾ ਅਸਰ ਪਾ ਸਕਦੀ ਹੈ।
ਇਹ ਸੰਕੇਤ ਹੈ ਇਕ ਵੱਡੀ ਤਬਦੀਲੀ ਦਾ, ਜਿਸ ਨੂੰ ਆਰਥਿਕ ਮਾਹਿਰ ‘ਡੀ-ਡਾਲਰਾਈਜ਼ੇਸ਼ਨ’ ਦਾ ਨਾਂ ਦੇ ਰਹੇ ਹਨ। ਸੌਖੇ ਸ਼ਬਦਾਂ ’ਚ ਕਹੀਏ ਤਾਂ ਦੁਨੀਆ ਹੁਣ ਅਮਰੀਕੀ ਡਾਲਰ ਦੇ ਮੋਹ-ਜਾਲ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਅਮਰੀਕਾ ਦਾ ਉਹ ਸੁਪਰਪਾਵਰ ਵਾਲੀ ਆਰਥਿਕ ਬਾਦਸ਼ਾਹਤ ਖਤਰੇ ’ਚ ਪੈ ਸਕਦੀ ਹੈ, ਜੋ ਦਹਾਕਿਆਂ ਤੋਂ ਡਾਲਰ ਦੀ ਤਾਕਤ ’ਤੇ ਟਿਕੀ ਹੋਈ ਸੀ।
ਕਿਉਂ ਸ਼ੁਰੂ ਹੋਈ ਡਾਲਰ ਤੋਂ ਦੂਰੀ?
ਇਸ ਪੂਰੀ ਕਹਾਣੀ ਦੀਆਂ ਜੜ੍ਹਾਂ ਅਮਰੀਕਾ ਦੀ ਕਰਜ਼ਾ ਨੀਤੀ ਅਤੇ ਗਲੋਬਲ ਵਿਸ਼ਵਾਸ ’ਚ ਲੁਕੀਆਂ ਹਨ। ਹੁਣ ਤੱਕ ਦੁਨੀਆ ਦੇ ਦੇਸ਼ ਅਮਰੀਕਾ ਨੂੰ ਸੁਰੱਖਿਅਤ ਮੰਨ ਕੇ ਆਪਣਾ ਪੈਸਾ ‘ਯੂ. ਐੱਸ. ਬਾਂਡ’ (ਅਮਰੀਕੀ ਸਰਕਾਰੀ ਬਾਂਡ) ’ਚ ਨਿਵੇਸ਼ ਕਰ ਰਹੇ ਸਨ। ਮੰਨਿਆ ਜਾਂਦਾ ਸੀ ਕਿ ਅਮਰੀਕਾ ਕਦੇ ਡੁੱਬ ਨਹੀਂ ਸਕਦਾ ਅਤੇ ਉੱਥੇ ਪੈਸਾ ਸੁਰੱਖਿਅਤ ਰਹੇਗਾ, ਪਰ ਹੁਣ ਇਹ ਭਰੋਸਾ ਡਗਮਗਾ ਰਿਹਾ ਹੈ। ਭਾਰਤ ਅਤੇ ਚੀਨ ਵਰਗੇ ਵੱਡੇ ਦੇਸ਼ਾਂ ਨੇ ਹੁਣ ਅਮਰੀਕਾ ਤੋਂ ਆਪਣਾ ਪੈਸਾ ਵਾਪਸ ਕੱਢਣਾ ਸ਼ੁਰੂ ਕਰ ਦਿੱਤਾ ਹੈ।
ਭਾਰਤ-ਚੀਨ ਨੇ ਅਮਰੀਕੀ ਬਾਂਡ ਵੇਚ ਕੇ ਖਰੀਦਿਆ ਸੋਨਾ
ਅੰਕੜੇ ਇਸ ਬਦਲਾਅ ਦੀ ਗਵਾਹੀ ਦੇ ਰਹੇ ਹਨ। ਨਵੰਬਰ 2024 ’ਚ ਭਾਰਤ ਕੋਲ ਲੱਗਭਗ 21,52,000 ਕਰੋੜ ਰੁਪਏ ਦੇ ਅਮਰੀਕੀ ਬਾਂਡ ਸਨ ਪਰ ਸਿਰਫ਼ ਇਕ ਸਾਲ ਦੇ ਅੰਦਰ ਨਵੰਬਰ 2025 ਤੱਕ ਭਾਰਤ ਨੇ ਇਸ ’ਚੋਂ 4,36,000 ਕਰੋੜ ਰੁਪਏ ਦੇ ਬਾਂਡ ਵੇਚ ਦਿੱਤੇ। ਭਾਵ ਭਾਰਤ ਨੇ ਅਮਰੀਕੀ ਕਰਜ਼ੇ ’ਚ ਆਪਣੀ ਹਿੱਸੇਦਾਰੀ 20 ਫੀਸਦੀ ਤੋਂ ਵੱਧ ਘਟਾ ਦਿੱਤੀ।
ਇਹੀ ਹਾਲ ਚੀਨ ਦਾ ਹੈ, ਜਿਸ ਨੇ ਇਕ ਸਾਲ ’ਚ ਲੱਗਭਗ 8 ਲੱਖ ਕਰੋੜ ਰੁਪਏ ਦੇ ਬਾਂਡ ਵੇਚ ਦਿੱਤੇ ਹਨ। ਬ੍ਰਾਜ਼ੀਲ ਅਤੇ ਆਇਰਲੈਂਡ ਵਰਗੇ ਦੇਸ਼ ਵੀ ਇਸੇ ਰਾਹ ’ਤੇ ਹਨ। ਸਵਾਲ ਇਹ ਹੈ ਕਿ ਬਾਂਡ ਵੇਚ ਕੇ ਜੋ ਪੈਸਾ (ਡਾਲਰ) ਵਾਪਸ ਮਿਲ ਰਿਹਾ ਹੈ, ਉਸ ਦਾ ਕੀ ਹੋ ਰਿਹਾ ਹੈ? ਜਵਾਬ ਹੈ— ਸੋਨਾ।
ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਸੋਨੇ ਦੀ ਹਿੱਸੇਦਾਰੀ 15 ਫੀਸਦੀ ਤੋਂ ਟੱਪੀ
ਦੁਨੀਆ ਭਰ ਦੇ ਕੇਂਦਰੀ ਬੈਂਕ ਹੁਣ ਡਾਲਰ ਦੇ ਕਾਗਜ਼ ਦੇ ਟੁਕੜਿਆਂ ਦੀ ਬਜਾਏ ਠੋਸ ਸੋਨੇ ’ਤੇ ਭਰੋਸਾ ਪ੍ਰਗਟਾਅ ਰਹੇ ਹਨ। ਬਾਂਡ ਵੇਚਣ ਤੋਂ ਮਿਲੀ ਰਕਮ ਦੀ ਵਰਤੋਂ ਵੱਡੇ ਪੱਧਰ ’ਤੇ ਸੋਨਾ ਖਰੀਦਣ ਲਈ ਕੀਤੀ ਜਾ ਰਹੀ ਹੈ। ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਸੋਨੇ ਦੀ ਹਿੱਸੇਦਾਰੀ ਇਤਿਹਾਸਕ ਤੌਰ ’ਤੇ ਵਧ ਕੇ 15 ਫੀਸਦੀ ਤੋਂ ਟੱਪ ਗਈ ਹੈ।
ਸਾਲ 2021 ਤੋਂ 2025 ਦਰਮਿਆਨ ਭਾਰਤ ਨੇ 1,26,000 ਕਿਲੋਗ੍ਰਾਮ ਸੋਨਾ ਖਰੀਦਿਆ ਹੈ। ਚੀਨ ਨੇ ਤਾਂ ਹੋਰ ਵੀ ਹਮਲਾਵਰ ਰੁਖ਼ ਅਪਣਾਉਂਦੇ ਹੋਏ 4 ਸਾਲਾਂ ’ਚ 3.5 ਲੱਖ ਕਿਲੋਗ੍ਰਾਮ ਤੋਂ ਵੱਧ ਸੋਨਾ ਆਪਣੇ ਖਜ਼ਾਨੇ ’ਚ ਜਮ੍ਹਾ ਕਰ ਲਿਆ ਹੈ।
ਇਸ ਬਦਲਾਅ ਪਿੱਛੇ ਰੂਸ-ਯੂਕ੍ਰੇਨ ਯੁੱਧ ਦੌਰਾਨ ਵਾਪਰੀ ਇਕ ਘਟਨਾ ਵੀ ਜ਼ਿੰਮੇਵਾਰ ਹੈ। ਜਦੋਂ ਅਮਰੀਕਾ ਨੇ ਰੂਸ ਦੇ ਡਾਲਰ ਭੰਡਾਰ ਨੂੰ ਫ੍ਰੀਜ਼ (ਜ਼ਬਤ) ਕਰ ਦਿੱਤਾ, ਤਾਂ ਪੂਰੀ ਦੁਨੀਆ ਨੂੰ ਸਮਝ ਆ ਗਿਆ ਕਿ ਡਾਲਰ ਹੁਣ ‘ਸੁਰੱਖਿਅਤ’ ਨਹੀਂ ਰਿਹਾ। ਅਮਰੀਕਾ ਕਦੇ ਵੀ ਆਪਣੀ ਕਰੰਸੀ ਦੀ ਵਰਤੋਂ ਹਥਿਆਰ ਵਜੋਂ ਕਰ ਸਕਦਾ ਹੈ, ਪਰ ਸੋਨੇ ਨੂੰ ਕੋਈ ਫ੍ਰੀਜ਼ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਬੇਭਰੋਸਗੀ ਦੇ ਦੌਰ ’ਚ ਹਰ ਦੇਸ਼ ਆਪਣੇ ਘਰ ’ਚ ਸੋਨਾ ਭਰ ਕੇ ਰੱਖਣਾ ਚਾਹੁੰਦਾ ਹੈ, ਤਾਂ ਜੋ ਮੁਸ਼ਕਲ ਸਮੇਂ ’ਚ ਕਿਸੇ ਦਾ ਮੁਹਤਾਜ ਨਾ ਹੋਣਾ ਪਵੇ।
ਅਮਰੀਕਾ ਦੀ ਨੀਂਦ ਉੱਡੀ
ਡਾਲਰ ਦੇ ਡਿੱਗਦੀ ਅਕਸ ਨੇ ਅਮਰੀਕਾ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਇਕ ਸਾਲ ’ਚ ਡਾਲਰ ਦੀ ਵੈਲਿਊ ’ਚ 11 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ 4 ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਰਾਸ਼ਟਰਪਤੀ ਡੋਨਾਲਡ ਟਰੰਪ, ਜੋ ‘ਅਮਰੀਕਾ ਫਸਟ’ ਦੀ ਗੱਲ ਕਰਦੇ ਹਨ, ਉਨ੍ਹਾਂ ਲਈ ਇਹ ਇਕ ਵੱਡਾ ਝਟਕਾ ਹੈ। ਟਰੰਪ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਜੋ ਦੇਸ਼ ਡਾਲਰ ਨੂੰ ਛੱਡ ਕੇ ਦੂਜੀਆਂ ਕਰੰਸੀਆਂ ’ਚ ਵਪਾਰ ਕਰਨਗੇ, ਉਨ੍ਹਾਂ ’ਤੇ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ। ਉਹ ਇਸ ਨੂੰ ਅਮਰੀਕਾ ਦੇ ਹਿੱਤਾਂ ਖ਼ਿਲਾਫ਼ ਇਕ ਸਾਜ਼ਿਸ਼ ਮੰਨਦੇ ਹਨ।
ਆਮ ਆਦਮੀ ਲਈ ਇਸ ਦੇ ਕੀ ਮਾਇਨੇ ਹਨ?
ਇਸ ਭੂ-ਸਿਆਸੀ ਖਿੱਚੋਤਾਣ ਦਾ ਸਿੱਧਾ ਅਸਰ ਸੋਨੇ ਦੀਆਂ ਕੀਮਤਾਂ ’ਤੇ ਦਿਸ ਰਿਹਾ ਹੈ। ਜਦੋਂ ਦੁਨੀਆ ਦੇ ਵੱਡੇ ਬੈਂਕ ਸੋਨਾ ਖਰੀਦਣਗੇ, ਤਾਂ ਮੰਗ ਵਧੇਗੀ ਅਤੇ ਕੀਮਤਾਂ ਅਸਮਾਨ ਛੂਹਣਗੀਆਂ। ਨਿਵੇਸ਼ਕਾਂ ਨੂੰ ਵੀ ਹੁਣ ਸ਼ੇਅਰ ਬਾਜ਼ਾਰ ਜਾਂ ਡਾਲਰ ਨਾਲੋਂ ਵੱਧ ਭਰੋਸਾ ਸੋਨੇ ’ਤੇ ਹੋ ਰਿਹਾ ਹੈ। ਜੇਕਰ ‘ਡੀ-ਡਾਲਰਾਈਜ਼ੇਸ਼ਨ’ ਦੀ ਇਹ ਪ੍ਰਕਿਰਿਆ ਤੇਜ਼ ਹੋਈ, ਤਾਂ ਆਉਣ ਵਾਲੇ ਸਮੇਂ ’ਚ ਵਿਸ਼ਵ ਵਪਾਰ ਦੇ ਨਿਯਮ ਬਦਲ ਸਕਦੇ ਹਨ, ਜਿਸ ਨਾਲ ਪੈਟਰੋਲ-ਡੀਜ਼ਲ ਤੋਂ ਲੈ ਕੇ ਦਰਾਮਦ ਕੀਤੇ ਸਾਮਾਨ ਦੀਆਂ ਕੀਮਤਾਂ ’ਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ।
Budget 2026: ਰੇਲ ਯਾਤਰੀਆਂ ਲਈ ਖੁਸ਼ਖਬਰੀ! ਰੇਲ ਦਾ ਸਫਰ ਹੋਵੇਗਾ ਸਸਤਾ, ਜਾਣੋ ਕਿੰਨਾ ਹੋਵੇਗਾ ਫਾਇਦਾ
NEXT STORY