ਮੁੰਬਈ - ਉੱਘੇ ਉਦਯੋਗਪਤੀ ਰਤਨ ਟਾਟਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ। ਟਾਟਾ ਸੰਨਜ਼ 'ਚ ਟਾਟਾ ਟਰੱਸਟ ਦੀ ਲਗਭਗ 66 ਫੀਸਦੀ ਹਿੱਸੇਦਾਰੀ ਹੈ। ਟਾਟਾ ਸੰਨਜ਼ 165 ਬਿਲੀਅਨ ਡਾਲਰ ਦੇ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਹੈ। ਨੋਏਲ ਟਾਟਾ ਦੇ ਟਾਟਾ ਟਰੱਸਟ ਦੇ ਚੇਅਰਮੈਨ ਬਣਨ ਤੋਂ ਬਾਅਦ ਇਸ 'ਚ ਅਹਿਮ ਬਦਲਾਅ ਹੋਇਆ ਹੈ।
ਇਕ ਰਿਪੋਰਟ ਮੁਤਾਬਕ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੇ ਟਰੱਸਟੀ ਹੁਣ ਸਥਾਈ ਮੈਂਬਰ ਬਣ ਗਏ ਹਨ। ਪਹਿਲਾਂ ਇਹ ਨਿਯੁਕਤੀ ਇੱਕ ਨਿਸ਼ਚਿਤ ਸਮੇਂ ਲਈ ਹੁੰਦੀ ਸੀ। ਇਸ ਕਦਮ ਤੋਂ ਬਾਅਦ, ਬੋਰਡ ਦੇ ਮੈਂਬਰ ਉਦੋਂ ਤੱਕ ਸੇਵਾਮੁਕਤ ਨਹੀਂ ਹੋਣਗੇ ਜਦੋਂ ਤੱਕ ਉਹ ਅਸਤੀਫਾ ਦੇਣ ਦਾ ਫੈਸਲਾ ਨਹੀਂ ਕਰਦੇ ਅਤੇ ਟਰੱਸਟ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਹੀ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਫੈਸਲਾ ਵੀਰਵਾਰ ਨੂੰ ਦੋਵਾਂ ਟਰੱਸਟਾਂ ਦੀ ਬੋਰਡ ਮੀਟਿੰਗ ਵਿੱਚ ਲਿਆ ਗਿਆ।
67 ਸਾਲਾ ਨੋਏਲ ਟਾਟਾ ਨੂੰ 11 ਅਕਤੂਬਰ ਨੂੰ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਟਰੱਸਟ ਦੀ ਇਹ ਦੂਜੀ ਮੀਟਿੰਗ ਸੀ। ਟਾਟਾ ਸੰਨਜ਼ ਵਿੱਚ ਸਰ ਰਤਨ ਟਾਟਾ ਟਰੱਸਟ ਦੀ 27.98 ਫੀਸਦੀ ਹਿੱਸੇਦਾਰੀ ਹੈ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੀ 23.56 ਫੀਸਦੀ ਹਿੱਸੇਦਾਰੀ ਹੈ, ਯਾਨੀ ਇਨ੍ਹਾਂ ਦੋਵਾਂ ਟਰੱਸਟਾਂ ਦੀ ਟਾਟਾ ਸੰਨਜ਼ ਵਿੱਚ 50 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ। ਰਿਪੋਰਟ ਮੁਤਾਬਕ ਇਕ ਸੂਤਰ ਨੇ ਕਿਹਾ ਕਿ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੇ ਸਾਰੇ ਮੈਂਬਰ ਹੁਣ ਸਥਾਈ ਮੈਂਬਰ ਹੋਣਗੇ। ਹੁਣ ਤੱਕ ਉਨ੍ਹਾਂ ਦਾ ਕਾਰਜਕਾਲ ਸਿਰਫ ਤਿੰਨ ਸਾਲ ਦਾ ਸੀ। ਸਰ ਰਤਨ ਟਾਟਾ ਟਰੱਸਟ ਸਾਲ 1919 ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੀ ਸਥਾਪਨਾ ਸਾਲ 1932 ਵਿਚ ਕੀਤੀ ਗਈ ਸੀ।
ਰਤਨ ਟਾਟਾ ਦੀ ਵਸੀਅਤ
ਸਰ ਰਤਨ ਟਾਟਾ ਟਰੱਸਟ ਦੇ ਸੱਤ ਮੈਂਬਰ ਹਨ ਜਦੋਂ ਕਿ ਸਰ ਦੋਰਾਬਜੀ ਟਾਟਾ ਟਰੱਸਟ ਦੇ ਛੇ ਮੈਂਬਰ ਹਨ। ਨੋਏਲ ਟਾਟਾ ਦੇ ਨਾਲ-ਨਾਲ ਸਾਬਕਾ ਰੱਖਿਆ ਸਕੱਤਰ ਵਿਜੇ ਸਿੰਘ, ਵੇਣੂ ਸ਼੍ਰੀਨਿਵਾਸਨ, ਮੇਹਲੀ ਮਿਸਤਰੀ ਅਤੇ ਵਕੀਲ ਡੇਰੀਅਸ ਖੰਬਟਾ ਦੋਵੇਂ ਟਰੱਸਟਾਂ 'ਚ ਸ਼ਾਮਲ ਹਨ। ਮੇਹਲੀ ਮਿਸਤਰੀ ਅਤੇ ਡੇਰਿਅਸ ਖੰਬਟਾ ਮਰਹੂਮ ਰਤਨ ਟਾਟਾ ਦੇ ਕਰੀਬੀ ਮੰਨੇ ਜਾਂਦੇ ਹਨ। ਰਤਨ ਟਾਟਾ ਨੇ ਮੇਹਲੀ ਮਿਸਤਰੀ ਅਤੇ ਡੇਰਿਅਸ ਖੰਬਟਾ ਨੂੰ ਆਪਣੀ ਵਸੀਅਤ ਨੂੰ ਐਗਜ਼ੀਕਿਊਟ ਦੀ ਜ਼ਿੰਮੇਵਾਰੀ ਦਿੱਤੀ ਹੈ। ਰਤਨ ਟਾਟਾ ਨੇ ਆਪਣੇ ਪਿੱਛੇ ਲਗਭਗ 7,900 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ।
100% ਸਬਸਕ੍ਰਿਪਸ਼ਨ ਦੇ ਨਾਲ IPO ਦੀ ਧੂਮ, ਛੋਟੇ ਨਿਵੇਸ਼ਕਾਂ 'ਚ ਖਰੀਦਦਾਰੀ ਦਾ ਰੁਝਾਨ, GMP ਵੀ ਬਿਹਤਰ
NEXT STORY