ਮੁੰਬਈ— ਸਕੂਟਰ-ਮੋਟਰਸਾਈਕਲ ਤੇ ਕਾਰਾਂ ਦੀ ਵਿਕਰੀ 'ਚ ਲਗਾਤਾਰ ਜਾਰੀ ਗਿਰਾਵਟ ਕਾਰਨ ਜਿੱਥੇ ਵ੍ਹੀਕਲਸ ਇੰਡਸਟਰੀ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦੀ ਮੰਗ ਕਰ ਰਹੀ ਹੈ, ਉੱਥੇ ਹੀ ਬਜਾਜ ਆਟੋ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਬਜਾਜ ਨੇ ਕਟੌਤੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਰਾਜੀਵ ਬਜਾਜ ਦਾ ਕਹਿਣਾ ਹੈ ਕਿ ਇੰਡਸਟਰੀ 'ਚ ਮੰਦੀ ਦਾ ਸਭ ਤੋਂ ਵੱਡਾ ਕਾਰਨ ਕੰਪਨੀਆਂ ਵੱਲੋਂ ਪ੍ਰਾਡਕਸ਼ਨ 'ਚ ਹੱਦ ਤੋਂ ਵੱਧ ਵਾਧਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸੁਸਤੀ ਦਾ ਪ੍ਰਭਾਵ ਬਹੁਤ ਥੋੜ੍ਹੀ ਹੱਦ ਤਕ ਹੀ ਹੈ ਤੇ ਜੀ. ਐੱਸ. ਟੀ. 'ਚ ਕਟੌਤੀ ਕਰਨ ਦੀ ਜ਼ਰੂਰਤ ਨਹੀਂ ਹੈ।
20 ਸਤੰਬਰ ਨੂੰ ਹੋਣ ਜਾ ਰਹੀ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਕੌਂਸਲ ਦੀ ਬੈਠਕ ਤੋਂ ਪਹਿਲਾਂ ਰਾਜੀਵ ਬਜਾਜ ਦਾ ਇਹ ਕਹਿਣਾ ਵ੍ਹੀਕਲਸ ਇੰਡਸਟਰੀ ਦੀ ਚਿੰਤਾ ਵਧਾ ਸਕਦਾ ਹੈ ਕਿਉਂਕਿ ਕਈ ਦਿੱਗਜ ਦਰਾਂ 'ਚ ਕਮੀ ਦੀ ਮੰਗ ਕਰ ਰਹੇ ਹਨ। ਉੱਥੇ ਹੀ, ਇਹ ਵੀ ਸੰਭਾਵਨਾ ਹੈ ਕਿ ਕੌਂਸਲ ਦੀ ਬੈਠਕ 'ਚ ਸਰਕਾਰ ਵ੍ਹੀਕਲਸ 'ਤੇ ਜੀ. ਐੱਸ. ਟੀ. ਦਰਾਂ ਘਟਾਉਣ ਨੂੰ ਲੈ ਕੇ ਵਿਚਾਰ ਕਰ ਸਕਦੀ ਹੈ।
ਰਾਜੀਵ ਬਜਾਜ ਨੇ ਕਿਹਾ ਕਿ ਇੰਡਸਟਰੀ ਤੇਜ਼ੀ ਨਾਲ ਆਪਣਾ ਸਟਾਕ ਖਤਮ ਕਰਨ 'ਚ ਲੱਗੀ ਹੈ, ਤਾਂ ਕਿ ਭਾਰਤ ਸਟੇਜ-6 ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਨਵੰਬਰ ਤਕ ਹੱਲ ਹੋ ਜਾਵੇਗੀ। ਬਜਾਜ ਨੇ ਕਿਹਾ ਕਿ ਅਜਿਹੀ ਕੋਈ ਇੰਡਸਟਰੀ ਨਹੀਂ ਹੈ, ਜੋ ਬਿਨਾਂ ਗਿਰਾਵਟ ਦਰਜ ਕੀਤੇ ਹਮੇਸ਼ਾ ਵਧਦੀ ਰਹੇ। ਰਾਜੀਵ ਬਜਾਜ ਨੇ ਇੰਡਸਟਰੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕੰਪਨੀਆਂ ਨੂੰ ਗਲੋਬਲ ਪੱਧਰ 'ਤੇ ਆਪਣੀ ਛਾਪ ਛੱਡਣੀ ਚਾਹੀਦੀ ਹੈ ਤਾਂ ਕਿ ਇਕ ਬਾਜ਼ਾਰ ਦੀ ਕਮਜ਼ੋਰੀ ਕਾਰਨ ਕਿਸੇ ਕੰਪਨੀ ਦੀ ਸਿਹਤ ਨਾ ਵਿਗੜੇ। ਜ਼ਿਕਰਯੋਗ ਹੈ ਕਿ ਬਜਾਜ ਆਟੋ ਦੇਸ਼ ਦੀ ਤੀਜੀ ਸਭ ਤੋਂ ਵੱਡੀ ਮੋਟਰਸਾਈਲ ਕੰਪਨੀ ਹੈ।
ਰਿਟਰਨ ਰਿਵਾਈਜ਼ 'ਤੇ ਹੋ ਸਕਦੀ ਹੈ ਜਾਂਚ, ਇਨ੍ਹਾਂ ਗੱਲਾਂ ਦਾ ਖਾਸ ਤੌਰ 'ਤੇ ਰੱਖੋ ਧਿਆਨ
NEXT STORY