ਨਵੀਂ ਦਿੱਲੀ (ਏਜੰਸੀਆਂ) - ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਐਤਵਾਰ ਨੂੰ ਸੜਕ ਹਾਦਸੇ ’ਚ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਮਿਸਤਰੀ ਸੜਕ ਰਸਤੇ ਤੋਂ ਅਹਿਮਦਾਬਾਦ ਤੋਂ ਮੁੰਬਈ ਤੋਂ ਜਾ ਰਹੇ ਸਨ, ਉਦੋਂ ਮੁੰਬਈ ਨਜ਼ਦੀਕ ਪਾਲਘਰ ਕੋਲ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟੱਕਰਾ ਗਈ। ਦੱਸ ਦਈਏ ਕਿ ਸਾਇਰਸ ਮਿਸਤਰੀ ਕਰੀਬ 1000 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਛੱਡ ਗਏ। ਇਹ ਹਾਦਸਾ ਸਾਇਰਸ ਦੇ ਪਿਤਾ ਪਾਲੋਨਜੀ ਸ਼ਾਪੂਰਜੀ ਮਿਸਤਰੀ ਦੀ ਮੌਤ ਕਰੀਬ 3 ਮਹੀਨਿਆਂ ਦੇ ਅੰਦਰ ਹੋਇਆ। ਬੀਤੀ 28 ਜੂਨ ਨੂੰ 94 ਸਾਲ ਦੀ ਉਮਰ ’ਚ ਅਰਬਪਤੀ ਪਾਲੋਨਜੀ ਮਿਸਤਰੀ ਦਾ ਦਿਹਾਂਤ ਹੋ ਗਿਆ ਸੀ। ਮਿਸਤਰੀ ਪਰਿਵਾਰ ਦੇ ਸਭ ਤੋਂ ਛੋਟੇ ਬੇਟੇ ਸਾਇਰਸ ਨੇ ਬੇਹੱਦ ਘਟ ਸਮੇਂ ’ਚ ਸ਼ਾਪੂਰਜੀ ਗਰੁੱਪ ਨੂੰ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਤਕ ਪਹੁੰਚਾਇਆ।
ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਦਾ ਕਾਰੋਬਾਰ ਕਈ ਦੇਸ਼ਾਂ ’ਚ ਫੈਲਿਆ ਹੈ। ਮਿਸਤਰੀ ਦਾ ਕਾਰੋਬਾਰ ਭਾਰਤ, ਪੱਛਮੀ ਏਸ਼ੀਆ ਅਤੇ ਅਫਰੀਕਾ ਤਕ ਫੈਲਿਆ ਹੋਇਆ ਹੈ। ਟਾਟਾ ਸੰਜ਼ ’ਚ ਮਿਸਤਰੀ ਦੀ 18.4 ਫੀਸਦੀ ਹਿੱਸੇਦਾਰੀ ਹੈ। ਸਾਇਰਸ ਮਿਸਤਰੀ 2012 ਤੋਂ 2016 ਤਕ ਟਾਟਾ ਸੰਜ਼ ਗਰੁੱਪ ਦੇ ਚੇਅਰਮੈਨ ਰਹੇ ਸਨ। 4 ਜੁਲਾਈ 1968 ਨੂੰ ਜੰਮੇ ਮਿਸਤਰੀ ਗਰੁੱਪ ਦੇ 6ਵੇਂ ਚੇਅਰਮੈਨ ਸਨ।
ਇਹ ਵੀ ਪੜ੍ਹੋ : ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦਾ ਹੋਇਆ ਦਿਹਾਂਤ
ਆਇਰਲੈਂਡ ’ਚ ਪੈਦਾ ਹੋਏ 54 ਸਾਲ ਦੇ ਸਾਇਰਸ ਮਿਸਤਰੀ ਨੇ ਲੰਡਨ ਬਿਜ਼ਨੈੱਸ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੂੰ 1994 ’ਚ ਸ਼ਾਪੂਰਜੀ ਪਾਲੋਨਜੀ ਗਰੁੱਪ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਸੀ। ਮਿਸਤਰੀ ਦਾ ਕਾਰੋਬਾਰ ਕੰਸਟਰਕਸ਼ਨ, ਇੰਜੀਨੀਅਰਿੰਗ, ਰੀਅਲ ਅਸਟੇਟ ਸਮੇਤ ਕਈ ਹੋਰ ਖੇਤਰਾਂ ’ਚ ਫੈਲਿਆ ਹੋਇਆ ਹੈ। ਉਥੇ ਸ਼ਾਪੂਰਜੀ ਪਾਲੋਨਜੀ ਗਰੁੱਪ ਦਾ ਕਾਰੋਬਾਰ ਦੁਨੀਆ ਭਰ ਦੇ 50 ਦੇਸ਼ਾਂ ’ਚ ਫੈਲਿਆ ਹੋਇਆ ਹੈ।
ਲੰਡਨ ਤੋਂ ਐੱਮ. ਬੀ. ਏ. ਕਰਨ ਤੋਂ ਬਾਅਦ ਸੰਭਾਲਿਆ ਫੈਮਿਲੀ ਬਿਜ਼ਨੈੱਸ
ਸਾਇਰਸ ਮਿਸਤਰੀ ਦੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਕੈਥੇਡ੍ਰਲ ਐਂਡ ਜਾਨ ਕਾਨਨ ਸਕੂਲ ਤੋਂ ਹੋਈ। ਇਸ ਤੋਂ ਬਾਅਦ ਇੰਜੀਨੀਅਰਿੰਗ ਕਰਨ ਉਹ ਲੰਡਨ ਚਲੇ ਗਏ। ਸਿਵਲ ਇੰਜੀਨੀਅਰਿੰਗ ’ਚ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੇ ਲੰਡਨ ਬਿਜ਼ਨੈੱਸ ਸਕੂਲ ਤੋਂ ਮਾਸਟਰਸ ਕੀਤੀ। ਐੱਮ. ਬੀ. ਏ. ਕਰਨ ਤੋਂ ਬਾਅਦ ਸਾਇਰਸ ਨੇ ਆਪਣਾ ਫੈਮਿਲੀ ਬਿਜ਼ਨੈੱਸ (ਪਾਲੋਨਜੀ ਗਰੁੱਪ) ਸੰਭਾਲਨ ਲੱਗੇ। 1991 ’ਚ ਉਹ ਪਾਲੋਨਜੀ ਗਰੁੱਪ ਨਾਲ ਜੁੜੇ। 3 ਸਾਲ ਤੋਂ ਬਾਅਦ 1994 ’ਚ ਉਨ੍ਹਾਂ ਨੂੰ ਇਸ ਗਰੁੱਪ ਦਾ ਨਿਰਦੇਸ਼ਕ ਬਣਾਇਆ ਗਿਆ।
ਬਣਾਏ ਕਈ ਰਿਕਾਰਡ, ਫਿਰ ਟਾਟਾ ਗਰੁੱਪ ’ਚ ਐਂਟਰੀ
ਸਾਇਰਸ ਮਿਸਤਰੀ ਦੇ ਨਿਰਦੇਸ਼ਕ ਬਣਨ ਤੋਂ ਬਾਅਦ ਪਾਲੋਨਜੀ ਗਰੁੱਪ ਕੰਪਨੀ ਨੇ ਕਈ ਰਿਕਾਰਡ ਬਣਾਏ। ਭਾਰਤ ’ਚ ਸਭ ਤੋਂ ਉਚੇ ਰਿਹਾਇਸ਼ੀ ਟਾਵਰ ਦੇ ਨਿਰਮਾਣ ਤੋਂ ਲੈ ਕੇ ਸਭ ਤੋਂ ਲੰਮੇ ਰੇਲ ਪੁਲ ਅਤੇ ਸਭ ਤੋਂ ਵੱਡੀਆਂ ਬੰਦਰਗਾਹਾਂ ਦੇ ਨਿਰਮਾਣ ਤਕ ਕੰਪਨੀ ਨੇ ਕਈ ਵੱਡੇ ਪ੍ਰਾਜੈਕਟ ਸਫਲਤਾਪੂਰਨ ਪੂਰੇ ਕੀਤੇ।
ਇਹ ਵੀ ਪੜ੍ਹੋ : ਜਾਣੋ ਸਾਇਰਸ ਮਿਸਤਰੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ
ਮਿਸਤਰੀ-ਟਾਟਾ ਵਿਵਾਦ ਨੇ ਹਿਲਾਇਆ ਕਾਰਪੋਰੇਟ ਜਗਤ
ਜੇਕਰ ਕਾਰਪੋਰੇਟ ਜਗਤ ਦੇ ਝਗੜੇ ਦੀ ਗੱਲ ਕਰੀਏ ਤਾਂ ਸਾਇਰਸ ਮਿਸਤਰੀ ਅਤੇ ਰਤਨ ਟਾਟਾ ਵਿਚਕਾਰ ਦਾ ਵਿਵਾਦ ਸਭ ਤੋਂ ਵੱਡਾ ਰਿਹਾ। ਸਾਲਾਂ ਤਕ ਇਨ੍ਹਾਂ ਦਰਮਿਆਨ ਤਣਾਅ ਅਤੇ ਵਿਵਾਦ ਚਲਦਾ ਰਿਹਾ। ਇਨ੍ਹਾਂ ਦੋਵਾਂ ਵਿਚਕਾਰ ਦੇ ਅੰਤ੍ਰਿਕ ਝਗੜੇ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਝਗੜਾ ਮੰਨਿਆ ਜਾਂਦਾ ਹੈ। ਲੱਖ ਕੋਸ਼ਿਸ਼ਾਂ ਅਤੇ ਬਚਾਅ ਤੋਂ ਬਾਅਦ ਵੀ ਦੋਵਾਂ ਪੱਖਾਂ ’ਚ ਸਲਾਹ ਨਾ ਹੋ ਸਕੀ। ਮੀਡੀਆ ਰਿਪੋਰਟ ਦੀਆਂ ਮੰਨੀਏ ਤਾਂ ਦੋਵਾਂ ਪੱਖਾਂ ’ਚ ਤਕਰਾਰ ਇਨ੍ਹਾਂ ਗੱਲਾਂ ’ਤੇ ਰਹੀ ਕਿ ਟਾਟਾ ਗਰੁੱਪ ਚੋਣਾਂ ਲਈ ਫੰਡ ਕਿਵੇਂ ਦੇਵੇ, ਕਿਹੜੇ ਪ੍ਰਾਜੈਕਟ ਅਤੇ ਕਿਸ ਪ੍ਰਾਜੈਕਟ ’ਚ ਕਿਵੇਂ ਨਿਵੇਸ਼ ਕੀਤਾ ਜਾਵੇ, ਕੀ ਟਾਟਾ ਗਰੁੱਪ ਨੂੰ ਅਮਰੀਕੀ ਫਾਸਟ ਫੂਡ ਚੇਨ ਨਾਲ ਜੁੜਨਾ ਚਾਹੀਦਾ ਹੈ, ਵਰਗੇ ਮੁੱਦਿਆਂ ’ਤੇ ਮਦਭੇਦ ਅਤੇ ਵਿਵਾਦ ਰਹੇ। ਇਨ੍ਹਾਂ ਗੱਲਾਂ ’ਤੇ ਵਿਵਾਦ ਵਧਦਾ ਗਿਆ ਅਤੇ ਅੱਗੇ ਸਥਿਤੀ ਇੰਨੀ ਖਰਾਬ ਹੋਈ ਕਿ ਮਾਮਲਾ ਸੁਪਰੀਮ ਕੋਰਟ ’ਚ ਪਹੁੰਚ ਗਿਆ।
ਸਾਇਰਸ ਮਿਸਤਰੀ ਦੀ ਮੌਤ ਨਾਲ ਸਾਰੇ ਹੈਰਾਨ
ਬਿਜ਼ਨੈੱਸ ਮੈਨ ਸਾਇਰਸ ਮਿਸਤਰੀ ਦੀ ਅਚਾਨਕ ਮੌਤ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ ਬੁਲਾਰੇ ਸੁਪ੍ਰਿਆ ਸ਼੍ਰੀਨੇਤਾ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੜਕ ਦੁਰਘਟਨਾ ’ਚ ਸਾਇਰਸ ਮਿਸਤਰੀ ਦੀ ਮੌਤ ਦੀ ਖਬਰ ਨਾਲ ਅਸੀਂ ਸ਼ੌਕਡ ਹਨ। ‘ਆਪ’ ਪਾਰਟੀ ਦੀ ਮਹਾਰਾਸ਼ਟਰ ਪ੍ਰਧਾਨ ਪ੍ਰੀਤੀ ਸ਼ਰਮਾ ਮੇਨਨ ਨੇ ਕਿਹਾ ਹੈ ਕਿ ਹੇ ਭਗਵਾਨ ਇਹ ਭਿਆਨਕ ਖਬਰ ਹੈ। ਮੈਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਲਈ ਸ਼ਕਤੀ ਦੀ ਪ੍ਰਾਰਥਨਾ ਕਰਦੀ ਹਾਂ। ਐੱਨ. ਸੀ. ਪੀ. ਬੁਲਾਰੇ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਡੂੰਘਾ ਦੁੱਖ ਜਤਾਉਂਦੇ ਹੋਏ ਲਿਖਿਆ ਹੈ ਕਿ ਮੇਰੇ ਭਰਾ ਦੀ ਮੌਤ ਦੀ ਖਬਰ ਸੁਣ ਰਹੀ ਹਾਂ। ਵਿਸ਼ਵਾਸ ਨਹੀਂ ਕਰ ਸਕਦੀ।
ਸ਼ਿਵਸੇਨਾ ਨੇਤਾ ਪ੍ਰਿਅੰਕਾ ਚਤੁਰਵੇਦੀ ਨੇ ਉਨ੍ਹਾਂ ਦੀ ਮੌਤ ’ਤੇ ਡੂੰਘਾ ਦੁੱਖ ਜਤਾਇਆ ਹੈ। ਬਿਜ਼ਨੈੱਸ ਮੈਨ ਹਰਸ਼ ਗੋਇਨਕਾ ਨੇ ਿਲਖਿਆ ਹੈ ਕਿ ਇਕ ਦੁਰਘਟਨਾ ’ਚ ਸਾਇਰਸ ਮਿਸਤਰੀ ਦੇ ਦਿਹਾਂਤ ਦੀ ਹੈਰਾਨ ਕਰਨ ਵਾਲੀ ਖਬਰ ਸੁਣ ਕੇ ਬਹੁਤ ਦੁੁਖ ਹੋਇਆ। ਉਹ ਇਕ ਦੋਸਤ, ਇਕ ਸੱਜਣ ਇਨਸਾਨ ਸਨ। ਉਨ੍ਹਾਂ ਨੇ ਕੌਮਾਂਤਰੀ ਨਿਰਮਾਣ ਦਿੱਗਜ ਸ਼ਾਪੂਰਜੀ ਪਾਲੋਨਜੀ ਨੂੰ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਟਾਟਾ ਸਮੂਹ ਦੀ ਅਗਵਾਈ ਕੀਤੀ। ਕਾਂਗਰਸ ਨੇਤਾ ਪਵਨ ਖੇੜਾ ਨੇ ਵੀ ਸਾਇਰਸ ਮਿਸਤਰੀ ਦੀ ਮੌਤ ’ਤੇ ਸ਼ੋਕ ਜਤਾਇਆ ਹੈ। ਉਨ੍ਹਾਂ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 2012 ’ਚ ਸੌਂਪੀ ਗਈ ਸੀ ਸਾਇਰਸ ਮਿਸਤਰੀ ਨੂੰ ਟਾਟਾ ਸੰਜ਼ ਦੀ ਕਮਾਨ, ਵਿਵਾਦਾਂ ਨਾਲ ਰਿਹਾ ਗੂੜ੍ਹਾ ਨਾਤਾ
ਟਾਟਾ ਦੇ ਨਾ ਹੋ ਸਕੇ ਮਿਸਤਰੀ
ਸਾਇਰਸ ਮਿਸਤਰੀ ਦੇ ਜੀਵਨ ਦਾ ਸਭ ਤੋਂ ਅਹਿਮ ਸਮਾਂ ਉਨ੍ਹਾਂ ਦਾ ਟਾਟਾ ਸੰਜ਼ ਦਾ ਚੇਅਰਮੈਨ ਬਣਨਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾਣਾ ਰਿਹਾ। ਅਹੁਦੇ ਤੋਂ ਹਟਾਏ ਖਿਲਾਫ ਉਹ ਟਾਟਾ ਸਮੂਹ ਨਾਲ ਭਿੜ ਗਏ ਅਤੇ ਅੰਤ ਤਕ ਆਪਣੇ ਹੱਕ ਦੀ ਲੜਾਈ ਲੜਦੇ ਰਹੇ। ਸਾਇਰਸ ਮਿਸਤਰੀ ਦਾ ਟਾਟਾ ਸਮੂਹ ਤੋਂ ਆਉਣਾ ਅਤੇ ਜਾਣਾ ਇਸ ਲਈ ਵੀ ਖਾਸ ਿਰਹਾ ਕਿਉਂਕਿ ਉਨ੍ਹਾਂ ਦਾ ਪਰਿਵਾਰ ਅਤੇ ਕਾਰੋਬਾਰੀ ਸਮੂਹ ਸ਼ਾਪੂਰਜੀ ਪਾਲੋਨਜੀ ਸਮੂਹ ਟਾਟਾ ਗਰੁੱਪ ’ਚ ਸਭ ਤੋਂ ਵੱਡਾ ਸ਼ੇਅਰਧਾਰਕ ਰਿਹਾ। ਅਜਿਹੇ ’ਚ ਸਾਇਰਸ ਮਿਸਤਰੀ ਟਾਟਾ ਗਰੁੱਪ ’ਚ ਰਹਿ ਕੇ ਵੀ ਟਾਟਾ ਦੇ ਨਾ ਹੋ ਸਕੇ।
ਰਤਨ ਟਾਟਾ ਅਤੇ ਸਾਇਰਸ ਮਿਸਤਰੀ ਵਿਚਕਾਰ ਰਿਸ਼ਤੇ
ਜਦੋਂ ਸਾਇਰਸ ਮਿਸਤਰੀ ਨੂੰ ਟਾਟਾ ਗਰੁੱਪ ਦਾ ਚੇਅਰਮੈਨ ਬਣਾਇਆ ਗਿਆ ਸੀ, ਉਸ ਤੋਂ ਅਗਲੇ ਇਕ ਸਾਲ ਤਕ ਉਨ੍ਹਾਂ ਦੇ ਰਤਨ ਟਾਟਾ ਦੇ ਨਾਲ ਸਬੰਧ ਬਿਹਤਰੀਨ ਰਹੇ ਸਨ। ਟਾਟਾ ਦੇ ਕੰਟਰੋਲ ’ਚ ਜਿੰਨੇ ਵੀ ਟਰੱਸਟ ਹਨ। ਇਕ ਸਮਾਂ ਤਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਮਿਸਤਰੀ ਨੂੰ ਟਰੱਸਟਾਂ ’ਚ ਕੋਈ ਭੂਮਿਕਾ ਦੇਣ ਦੇ ਬਾਰੇ ’ਚ ਸੋਚ ਰਹੇ ਸਨ ਅਤੇ ਇਥੋਂ ਤਕ ਪਹੁੰਚ ਗਏ ਸਨ ਕਿ ਉਹ ਆਪਣੇ ਛੁੱਟੀ ਲੈਣ ਤੋਂ ਬਾਅਦ ਕੋਈ ਅਜਿਹਾ ਰਸਤਾ ਬਣਾਉਣਾ ਚਾਹੁੰਦੇ ਸਨ ਤਾਂਕਿ ਮਿਸਤਰੀ ਇਨ੍ਹਾਂ ਟਰੱਸਟਾਂ ਦੇ ਉਨ੍ਹਾਂ ਦੇ ਉਤਰਾਧਿਕਾਰੀ ਬਣ ਸਕਣ।
ਇਹ ਵੀ ਪੜ੍ਹੋ : SuperTech ਵਲੋਂ Twin Tower ਡੇਗੇ ਜਾਣ 'ਤੇ 500 ਕਰੋੜ ਦੇ ਨੁਕਸਾਨ ਦਾ ਦਾਅਵਾ, ਪ੍ਰਗਟਾਈ ਇਹ ਇੱਛਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੀਓ ਨੇ ਵਧਾਈ ਮੰਗ, ਡਾਟਾ ਖਪਤ ’ਚ 6 ਸਾਲ ’ਚ ਪ੍ਰਤੀ ਮਹੀਨੇ 100 ਗੁਣਾ ਵਾਧਾ
NEXT STORY