ਨਵੀਂ ਦਿੱਲੀ (ਇੰਟ.) - ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਹਮਾਸ ਜੰਗ ਨੇ ਗੁਜਰਾਤ ਦੇ ਹੀਰਾ ਵਪਾਰ ਦੀ ਚਮਕ ਫਿੱਕੀ ਕਰ ਦਿੱਤੀ ਹੈ। ਦਰਅਸਲ, ਇਨ੍ਹਾਂ ਦੇਸ਼ਾਂ ’ਚ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਕਾਰਨ ਦੁਨੀਆ ’ਚ ਜੀਓ ਪਾਲੀਟਿਕਲ ਟੈਂਸ਼ਨ ਵਧੀ ਹੈ। ਇਸ ਨਾਲ ਗੁਜਰਾਤ ’ਚ ਤਰਾਸ਼ੇ ਹੀਰੇ ਦੀ ਮੰਗ ’ਚ ਵੱਡੀ ਕਮੀ ਆਈ ਹੈ। ਮੰਗ ਡਿੱਗਣ ਨਾਲ ਗੁਜਰਾਤ ਦੀ ਹੀਰਾ ਇੰਡਸਟਰੀ ਮੁਸ਼ਕਲ ’ਚ ਪੈ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਕਈ ਕੰਪਨੀਆਂ ਨੇ ਕਾਰੀਗਰਾਂ ਨੂੰ ਕੱਢ ਦਿੱਤਾ ਹੈ। ਉਥੇ ਹੀ, ਹਜ਼ਾਰਾਂ ਮਜਦੂਰਾਂ ’ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਨੂੰ ਕਦੇ ਵੀ ਕੰਮ ’ਤੇ ਆਉਣ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਤ ਸ਼ਹਿਰ ਇਕੱਲਾ 6 ਲੱਖ ਹੀਰਾ ਕਾਰੀਗਰਾਂ ਨੂੰ ਨੌਕਰੀ ਉਪਲੱਬਧ ਕਰਵਾਉਂਦਾ ਹੈ, ਉਥੇ ਹੀ ਬਾਕੀ ਗੁਜਰਾਤ ਸਿਰਫ 3 ਲੱਖ ਕਾਰੀਗਰਾਂ ਨੂੰ ਹੀ ਨੌਕਰੀ ਉਪਲੱਬਧ ਕਰਵਾਉਂਦਾ ਹੈ ।
ਕਈ ਕੰਪਨੀਆਂ ਨੇ ਕੰਮ ਰੋਕਿਆ
ਨੈਚੁਰਲ ਤਰਾਸ਼ੇ ਹੀਰਿਆਂ ਦੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਕਿਰਣ ਜੇਮਸ ਐਂਡ ਡਾਇਮੰਡਸ ਸਮੇਤ ਗੁਜਰਾਤ ਦੇ ਸੂਰਤ ’ਚ ਕਈ ਹੀਰਾ ਯੂਨਿਟਸ ਨੇ 17 ਅਗਸਤ ਤੋਂ 28 ਅਗਸਤ ਤੱਕ 10 ਦਿਨਾਂ ਲਈ ਸੰਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਿਰਣ ਜੇਮਸ ’ਚ ਮੌਜੂਦਾ ਸਮੇਂ ’ਚ 50,000 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਸੂਰਤ ’ਚ ਕੰਮ ਕਰ ਰਹੇ ਹਨ।
ਕਈ ਕੰਪਨੀਆਂ ਆਪਣੇ ਮਜ਼ਦੂਰਾਂ ਨੂੰ ਲੰਮੀਆਂ ਛੁੱਟੀਆਂ ਲੈਣ ਦਾ ਬਦਲ ਚੁਣ ਰਹੀਆਂ ਹਨ ਅਤੇ ਹੋਰਾਂ ਨੇ ਕੰਮ ਦੇ ਘੰਟੇ ਘੱਟ ਕਰਨ ਜਾਂ ਕੰਮ ਦੇ ਦਿਨ ਘੱਟ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਵਜ੍ਹਾ ਕੰਪਨੀਆਂ ਕੋਲ ਵਧਦਾ ਅਨਸੋਲਡ ਇਨਵੈਂਟਰੀ, ਡਿੱਗਦੀਆਂ ਕੀਮਤਾਂ, ਰੂਸ-ਯੂਕ੍ਰੇਨ ਜੰਗ ਅਤੇ ਘਟਦੀ ਬਰਾਮਦ ਹੈ। ਦੱਸਦੇ ਚੱਲੀਏ ਕਿ ਮੌਜੂਦਾ ਸਮੇਂ ’ਚ, ਲੱਗਭਗ 3,500 ਹੀਰਾ ਕੱਟਣ ਅਤੇ ਚਮਕਾਉਣ ਵਾਲੀਆਂ ਇਕਾਈਆਂ ਸੂਰਤ ’ਚ ਚਾਲੂ ਹਨ। ਕਈ ਇਕਾਈਆਂ ਕੰਮ ਦੇ ਘੰਟੇ ਘੱਟ ਕਰ ਕੇ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ।
ਰਫ ਡਾਇਮੰਡ ਦਾ ਇੰਪੋਰਟ 29 ਫੀਸਦੀ ਡਿੱਗਿਆ
ਦੇਸ਼ ’ਚ ਰੂਸ ਤੋਂ ਸਾਲਾਨਾ ਕਰੀਬ 80,000 ਕਰੋਡ਼ ਰੁਪਏ ਦੇ ਰਫ ਡਾਇਮੰਡ ਇੰਪੋਰਟ ਹੁੰਦੇ ਸਨ। ਯੂਕ੍ਰੇਨ ਦੇ ਨਾਲ ਜੰਗ ’ਚ ਫਸੇ ਹੋਣ ਨਾਲ ਰੂਸੀ ਹੀਰਿਆਂ ਦਾ ਇੰਪੋਰਟ ਡਿੱਗਿਆ ਹੈ। ਇਸ ਨਾਲ ਸੂਰਤ ’ਚ ਹੀਰਾ ਕਾਰੀਗਰਾਂ ਕੋਲ ਕੰਮ ਨਹੀਂ ਹੈ। ਇਕ ਅੰਦਾਜ਼ੇ ਅਨੁਸਾਰ ਦੇਸ਼ ’ਚ ਰਫ ਡਾਇਮੰਡ ਦਾ ਇੰਪੋਰਟ 29 ਫੀਸਦੀ ਡਿੱਗ ਗਿਆ ਹੈ।
ਜੇਕਰ ਰੂਸ ਤੋਂ ਹੀਰਾ ਇੰਪੋਰਟ ਇਸੇ ਤਰ੍ਹਾਂ ਡਿੱਗਦਾ ਰਿਹਾ ਹੈ ਤਾਂ ਅੱਗੇ ਹਾਲਾਤ ਹੋਰ ਖਰਾਬ ਹੋਣ ਦਾ ਖਦਸ਼ਾ ਹੈ। ਦੱਸ ਦੇਈਏ ਕਿ ਦੇਸ਼ ’ਚ ਤਿਆਰ ਪਾਲਿਸ਼ਡ ਹੀਰਿਆਂ ’ਚੋਂ ਤਿੰਨ ਚੌਥਾਈ ਤੋਂ ਜ਼ਿਆਦਾ ਹੀਰੇ ਅਮਰੀਕਾ, ਯੂ. ਏ. ਈ. ਅਤੇ ਹਾਂਗਕਾਂਗ ਨੂੰ ਬਰਾਮਦ ਕੀਤੇ ਜਾਂਦੇ ਹਨ।
ਰਤਨ ਅਤੇ ਗਹਿਣਾ ਬਰਾਮਦ 3 ਸਾਲ ਾਂ ਦੇ ਹੇਠਲੇ ਪੱਧਰ ’ਤੇ ਪੁੱਜੀ
ਭਾਰਤੀ ਰਤਨ ਅਤੇ ਗਹਿਣਾ ਉਦਯੋਗ ’ਚ ਭਾਰੀ ਮੰਦੀ ਦਾ ਦੌਰ ਚੱਲ ਰਿਹਾ ਹੈ। ਭਾਰਤੀ ਰਤਨ ਅਤੇ ਗਹਿਣਾ ਬਰਾਮਦ ਸੰਵਰਧਨ ਪ੍ਰੀਸ਼ਦ (ਜੀ. ਜੇ. ਈ. ਪੀ. ਸੀ.) ਵੱਲੋਂ ਵਿੱਤੀ ਸਾਲ 24 ਲਈ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਅਨੁਸਾਰ ਰਤਨ ਅਤੇ ਗਹਿਣਿਆਂ ਦੀ ਕੁਲ ਬਰਾਮਦ 32.02 ਬਿਲੀਅਨ ਡਾਲਰ (2.63 ਲੱਖ ਕਰੋਡ਼ ਰੁਪਏ) ਰਹੀ, ਜੋ ਪਿਛਲੇ ਸਾਲ ਦੇ ਅੰਕੜਿਆਂ ਦੀ ਤੁਲਣਾ ’ਚ ਲੱਗਭਗ 15 ਫੀਸਦੀ ਦੀ ਗਿਰਾਵਟ ਦਰਸਾਉਂਦਾ ਹੈ। ਵਿੱਤੀ ਸਾਲ 24 ’ਚ ਕੁਲ ਦਰਾਮਦ ਵੀ ਲੱਗਭਗ 14 ਫੀਸਦੀ ਘੱਟ ਕੇ 22.27 ਬਿਲੀਅਨ ਡਾਲਰ (1.83 ਲੱਖ ਕਰੋਡ਼ ਰੁਪਏ) ਰਹਿ ਗਿਆ। ਇਹ 3 ਸਾਲਾਂ ਦਾ ਹੇਠਲਾ ਪੱਧਰ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ, 82 ਹਜ਼ਾਰ ਦੇ ਕਰੀਬ ਪਹੁੰਚੀ ਚਾਂਦੀ
NEXT STORY