ਨਵੀਂ ਦਿੱਲੀ– ਬੀਤੇ ਵਿੱਤੀ ਸਾਲ 2021-22 ਵਿਚ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਪ੍ਰਚੂਨ ਵਿਕਰੀ ਤਿੰਨ ਗੁਣਾ ਤੋਂ ਜ਼ਿਆਦਾ ਹੋ ਕੇ 4 ਲੱਖ ਇਕਾਈ ਦੇ ਅੰਕੜੇ ਨੂੰ ਪਾਰ ਕਰ ਗਈ। ਈ. ਵੀ. ਦੀ ਵਿਕਰੀ ਵਿਚ ਦੋਪਹੀਆ ਖੇਤਰ ਦਾ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ। ਵਾਹਨ ਡੀਲਰ ਸੰਘਾਂ ਦੇ ਮਹਾਸੰਘ (ਫਾਡਾ) ਵੱਲੋਂ ਜੁਟਾਏ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਵਿੱਤੀ ਸਾਲ 2021-22 ਵਿਚ ਇਲੈਕਟ੍ਰਿਕ ਵਾਹਨਾਂ ਦੀ ਕੁਲ ਪ੍ਰਚੂਨ ਵਿਕਰੀ ਤਿੰਨ ਗੁਣਾ ਤੋਂ ਜ਼ਿਆਦਾ ਹੋ ਕੇ 4,29,217 ਇਕਾਈ ਉੱਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 2020-21 ਵਿਚ 1,34,821 ਇਕਾਈ ਰਹੀ ਸੀ।
ਫਾਡਾ ਅਨੁਸਾਰ 2019-20 ਵਿਚ ਦੇਸ਼ ਵਿਚ 1,68,300 ਇਲੈਕਟ੍ਰਿਕ ਵਾਹਨ ਵੇਚੇ ਗਏ ਸਨ। ਬੀਤੇ ਵਿੱਤੀ ਸਾਲ ਵਿਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 3 ਗੁਣਾ ਦੇ ਉਛਾਲ ਨਾਲ 17,802 ਇਕਾਈ ਰਹੀ, ਜੋ 2020-21 ਵਿਚ 4,984 ਇਕਾਈ ਸੀ। ਇਸ ਸੈਕਟਰ ਵਿਚ ਘਰੇਲੂ ਵਾਹਨ ਕੰਪਨੀ ਟਾਟਾ ਮੋਟਰਸ 15,198 ਇਕਾਈਆਂ ਦੀ ਪ੍ਰਚੂਨ ਵਿਕਰੀ ਨਾਲ ਸਭ ਤੋਂ ਅੱਗੇ ਰਹੀ। ਉਸ ਦੀ ਬਾਜ਼ਾਰ ਹਿੱਸੇਦਾਰੀ 85.37 ਫੀਸਦੀ ਰਹੀ । ਮੁੰਬਈ ਦੀ ਕੰਪਨੀ ਦੀ ਪ੍ਰਚੂਨ ਵਿਕਰੀ 2020-21 ਵਿਚ 3,523 ਇਕਾਈ ਰਹੀ ਸੀ । ਐੱਮ. ਜੀ. ਮੋਟਰ ਇੰਡੀਆ 2,045 ਇਕਾਈਆਂ ਦੀ ਵਿਕਰੀ ਦੇ ਨਾਲ ਦੂਜੇ ਸਥਾਨ ਉੱਤੇ ਰਹੀ। ਉਸ ਦੀ ਬਾਜ਼ਾਰ ਹਿੱਸੇਦਾਰੀ 11.49 ਫੀਸਦੀ ਉੱਤੇ ਸੀ। 2020-21 ਵਿਚ ਐੱਮ. ਜੀ. ਮੋਟਰ ਦੀ ਵਿਕਰੀ 1,115 ਇਕਾਈ ਰਹੀ ਸੀ। ਮਹਿੰਦਰਾ ਐਂਡ ਮਹਿੰਦਰਾ 156 ਇਕਾਈਆਂ ਦੀ ਵਿਕਰੀ ਦੇ ਨਾਲ ਤੀਜੇ ਅਤੇ ਹੁੰਡਈ ਮੋਟਰ 128 ਇਕਾਈਆਂ ਦੀ ਵਿਕਰੀ ਦੇ ਨਾਲ ਚੌਥੇ ਸਥਾਨ ਉੱਤੇ ਰਹੀ। ਦੋਵਾਂ ਦੀ ਬਾਜ਼ਾਰ ਹਿੱਸੇਦਾਰੀ ਇਕ ਫੀਸਦੀ ਤੋਂ ਘੱਟ ਸੀ।
ਬੀਤੇ ਵਿੱਤੀ ਸਾਲ ਵਿਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ਪੰਜ ਗੁਣਾ ਵਧ ਕੇ 2,31,338 ਇਕਾਈ ਉੱਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 41,046 ਇਕਾਈ ਸੀ। ਦੋਪਹੀਆ ਸੈਕਟਰ ਵਿਚ ਹੀਰੋ ਇਲੈਕਟ੍ਰਿਕ 65,303 ਇਕਾਈਆਂ ਦੀ ਵਿਕਰੀ ਦੇ ਨਾਲ ਟਾਪ ਉੱਤੇ ਰਹੀ। ਉਸ ਦੀ ਬਾਜ਼ਾਰ ਹਿੱਸੇਦਾਰੀ 28.23 ਫੀਸਦੀ ਸੀ।ਇਸ ਤੋਂ ਬਾਅਦ ਓਕਿਨਾਵਾ ਆਟੋਟੈੱਕ ਦੂਜੇ ਸਥਾਨ ਉੱਤੇ ਰਹੀ। ਉਸ ਦੀ ਵਿਕਰੀ 46,447 ਇਕਾਈਆਂ ਦੀ ਰਹੀ। ਤੀਜੇ ਸਥਾਨ ਉੱਤੇ 24,648 ਇਕਾਈਆਂ ਦੀ ਵਿਕਰੀ ਦੇ ਨਾਲ ਐਪੀਅਰ ਵ੍ਹੀਕਲਸ ਰਹੀ। ਹੀਰੋ ਮੋਟੋਕ੍ਰਾਪ ਸਮਰਥ ਅਰਥ ਐਨਰਜੀ ਨੇ ਬੀਤੇ ਵਿੱਤੀ ਸਾਲ ਵਿਚ 19,971 ਇਲੈਕਟ੍ਰਿਕ ਦੋਪਹੀਆ ਵੇਚੇ ਅਤੇ ਉਹ ਚੌਥੇ ਸਥਾਨ ਉੱਤੇ ਰਹੀ। ਬੈਂਗਲੁਰੂ ਦੀ ਕੰਪਨੀ ਓਲਾ ਇਲੈਕਟ੍ਰਿਕ 14,371 ਵਾਹਨਾਂ ਦੀ ਵਿਕਰੀ ਦੇ ਨਾਲ 6ਵੇਂ ਅਤੇ ਟੀ. ਵੀ. ਐੱਸ. ਮੋਟਰ ਕੰਪਨੀ 9,458 ਵਾਹਨਾਂ ਦੀ ਵਿਕਰੀ ਦੇ ਨਾਲ 7ਵੇਂ ਸਥਾਨ ਉੱਤੇ ਰਹੀ।
ਫਾਡਾ ਨੇ 1,605 ਵਿਚੋਂ 1,397 ਖੇਤਰੀ ਟਰਾਂਸਪੋਰਟ ਦਫਤਰਾਂ (ਆਰ. ਟੀ. ਓ.) ਤੋਂ ਅੰਕੜੇ ਜੁਟਾਏ ਹਨ। ਫਾਡਾ ਨੇ ਕਿਹਾ ਕਿ ਬੀਤੇ ਵਿੱਤੀ ਸਾਲ ਵਿਚ ਇਲੈਕਟ੍ਰਿਕ ਤਿੰਨਪਹੀਆ ਦੀ ਵਿਕਰੀ ਵਧ ਕੇ 1,77,874 ਇਕਾਈ ਉੱਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਵਿਚ 88,391 ਇਕਾਈ ਸੀ। ਇਸੇ ਤਰ੍ਹਾਂ ਇਲੈਕਟ੍ਰਿਕ ਕਮਰਸ਼ੀਅਲ ਵਾਹਨਾਂ ਦੀ ਵਿਕਰੀ 400 ਇਕਾਈਆਂ ਤੋਂ ਵਧ ਕੇ 2,203 ਇਕਾਈ ਉੱਤੇ ਪਹੁੰਚ ਗਈ।
ਕ੍ਰਿਪਟੋ ਮਾਰਕੀਟ 'ਚ ਭਾਰੀ ਗਿਰਾਵਟ, ਇੱਕ ਹਫ਼ਤੇ ਵਿੱਚ ਬਿਟਕੁਆਇਨ 8% ਤੋਂ ਵੱਧ ਟੁੱਟਿਆ
NEXT STORY