ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਵਿਰੁੱਧ ਛੇੜੀ ਗਈ ਜੰਗ ਦੇ ਇਕ ਹਫ਼ਤੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਨਵੇਂ ਫੌਜੀ, ਆਰਥਿਕ ਅਤੇ ਸਿਆਸੀ ਜੋਖਮਾਂ ਦਾ ਸਾਹਮਣਾ ਕਰ ਰਹੇ ਹਨ। ਮੱਧ-ਪੂਰਬ ਵਿਚ ਵਧਦਾ ਫੌਜੀ ਤਣਾਅ ਜੇਕਰ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਇਸ ਦਾ ਅਸਰ ਸਿਰਫ਼ ਖੇਤਰ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੀ ਦੁਨੀਆ ਦੀ ਆਰਥਿਕਤਾ, ਊਰਜਾ ਸਪਲਾਈ ਅਤੇ ਗਲੋਬਲ ਸੁਰੱਖਿਆ ਵਿਵਸਥਾ ’ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਰਾਨ ਨਾਲ ਜੁੜੀ ਕੋਈ ਵੀ ਵੱਡੀ ਜੰਗ ਅੰਤਰਰਾਸ਼ਟਰੀ ਤੇਲ ਬਾਜ਼ਾਰ, ਸਮੁੰਦਰੀ ਵਪਾਰਕ ਮਾਰਗਾਂ ਅਤੇ ਗਲੋਬਲ ਰਾਜਨੀਤੀ ਨੂੰ ਅਸਥਿਰ ਕਰ ਸਕਦੀ ਹੈ।
ਦੁਨੀਆ ਭਰ ’ਚ ਮਹਿੰਗਾਈ ਵਧਣ ਦਾ ਖ਼ਦਸ਼ਾ
ਮਾਹਿਰਾਂ ਅਨੁਸਾਰ ਇਰਾਨ ਦੁਨੀਆ ਦੇ ਪ੍ਰਮੁੱਖ ਊਰਜਾ ਖੇਤਰਾਂ ਵਿਚ ਸਥਿਤ ਹੈ ਅਤੇ ਉਸ ਦੇ ਨੇੜੇ ਦਾ ਖੇਤਰ ਗਲੋਬਲ ਤੇਲ ਸਪਲਾਈ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਜੰਗ ਲੰਮੀ ਚੱਲਦੀ ਹੈ ਜਾਂ ਸਮੁੰਦਰੀ ਰਸਤੇ ਪ੍ਰਭਾਵਿਤ ਹੁੰਦੇ ਹਨ, ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆ ਸਕਦਾ ਹੈ, ਜਿਸ ਨਾਲ ਦੁਨੀਆ ਭਰ ਵਿਚ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ।
ਵਿਸ਼ਵ ਦੀ ਆਰਥਿਕਤਾ ’ਤੇ ਦਬਾਅ
ਲੰਮੀ ਜੰਗ ਨਾਲ ਵਿਸ਼ਵ ਦੇ ਬਾਜ਼ਾਰਾਂ ਵਿਚ ਅਸਥਿਰਤਾ ਵਧ ਸਕਦੀ ਹੈ। ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ, ਨਿਵੇਸ਼ ਵਿਚ ਕਮੀ ਅਤੇ ਵਪਾਰਕ ਸਰਗਰਮੀਆਂ ਵਿਚ ਮੰਦੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਕਈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਜੰਗ ਲੰਮੀ ਖਿੱਚੀ ਜਾਂਦੀ ਹੈ ਤਾਂ ਕਈ ਦੇਸ਼ਾਂ ਦੀ ਆਰਥਿਕ ਵਿਕਾਸ ਦਰ ਘਟ ਸਕਦੀ ਹੈ ਅਤੇ ਦੁਨੀਆ ਨੂੰ ਆਰਥਿਕ ਮੰਦੀ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ''ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ ਲਿਆ..!'', ਇਰਾਨੀ ਰਾਸ਼ਟਰਪਤੀ ਨੇ ਦੇ'ਤਾ ਵੱਡਾ ਬਿਆਨ
ਸਮੁੰਦਰੀ ਵਪਾਰ ਤੇ ਸਪਲਾਈ ਲੜੀ ਪ੍ਰਭਾਵਿਤ
ਮੱਧ-ਪੂਰਬ ਦੁਨੀਆ ਦੇ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗਾਂ ਦਾ ਕੇਂਦਰ ਹੈ। ਜੰਗ ਦੀ ਸਥਿਤੀ ਵਿਚ ਜਹਾਜ਼ਾਂ ਦੀ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਗਲੋਬਲ ਸਪਲਾਈ ਲੜੀ ’ਤੇ ਅਸਰ ਪਵੇਗਾ। ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਕਈ ਦੇਸ਼ਾਂ ਵਿਚ ਖਾਣ-ਪੀਣ ਦੀਆਂ ਵਸਤੂਆਂ, ਬਾਲਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧ ਜਾਣ।
ਸੁਰੱਖਿਆ ਅਤੇ ਫੌਜੀ ਤਣਾਅ ’ਚ ਵਾਧਾ
ਜੇਕਰ ਇਹ ਸੰਘਰਸ਼ ਲੰਬਾ ਚੱਲਦਾ ਹੈ, ਤਾਂ ਇਸ ਵਿਚ ਹੋਰ ਖੇਤਰੀ ਸ਼ਕਤੀਆਂ ਦੇ ਵੀ ਸ਼ਾਮਲ ਹੋਣ ਦਾ ਖਦਸ਼ਾ ਹੈ। ਇਸ ਨਾਲ ਪੂਰੇ ਮੱਧ-ਪੂਰਬ ਵਿਚ ਅਸਥਿਰਤਾ ਵਧ ਸਕਦੀ ਹੈ ਅਤੇ ਗਲੋਬਲ ਪੱਧਰ ’ਤੇ ਸੁਰੱਖਿਆ ਚਿੰਤਾਵਾਂ ਡੂੰਘੀਆਂ ਹੋ ਸਕਦੀਆਂ ਹਨ। ਕਈ ਦੇਸ਼ਾਂ ਨੂੰ ਆਪਣੀਆਂ ਫੌਜੀ ਤਿਆਰੀਆਂ ਵਧਾਉਣੀਆਂ ਪੈ ਸਕਦੀਆਂ ਹਨ, ਜਿਸ ਨਾਲ ਹਥਿਆਰਾਂ ਦੀ ਦੌੜ ਅਤੇ ਭੂ-ਸਿਆਸੀ ਤਣਾਅ ਵਧ ਸਕਦਾ ਹੈ।
ਭਾਰਤ ’ਤੇ ਵੀ ਪੈ ਸਕਦੈ ਅਸਰ
ਭਾਰਤ ਵਰਗੇ ਦੇਸ਼ਾਂ ’ਤੇ ਵੀ ਇਸ ਜੰਗ ਦਾ ਅਸਰ ਪੈ ਸਕਦਾ ਹੈ ਕਿਉਂਕਿ ਦੇਸ਼ ਆਪਣੀਆਂ ਊਰਜਾ ਲੋੜਾਂ ਲਈ ਵੱਡੇ ਪੱਧਰ ’ਤੇ ਤੇਲ ਦੀ ਦਰਾਮਦ ਕਰਦਾ ਹੈ। ਤੇਲ ਮਹਿੰਗਾ ਹੋਣ ਨਾਲ ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ। ਨਾਲ ਹੀ ਮੱਧ-ਪੂਰਬ ਵਿਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧ ਸਕਦੀ ਹੈ।
ਇਹ ਵੀ ਪੜ੍ਹੋ- ਖੁੱਲ੍ਹਦੇ ਸਾਰ ਹੀ ਗੋਤਾ ਲਾ ਗਿਆ ਭਾਰਤੀ ਸ਼ੇਅਰ ਬਾਜ਼ਾਰ ! ਧੜੰਮ ਡਿੱਗੇ Sensex ਤੇ Nifty
ਇਜ਼ਰਾਈਲ ਤੇ ਅਮਰੀਕਾ ਬਨਾਮ ਇਰਾਨ ਜੰਗ ਦੇ ਅੰਕੜੇ
ਮਾਹਿਰਾਂ ਮੁਤਾਬਕ ਜੇਕਰ ਹੋਰਮੁਜ਼ ਸਟ੍ਰੇਟ ਤੋਂ ਤੇਲ ਦੀ ਸਪਲਾਈ ਰੁਕਦੀ ਹੈ, ਤਾਂ ਕੱਚੇ ਤੇਲ ਦੀ ਕੀਮਤ 125 ਤੋਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਜੇਕਰ ਹਾਲਾਤ ਵਿਗੜੇ ਤਾਂ ਇਹ 200 ਡਾਲਰ ਤੋਂ ਪਾਰ ਵੀ ਜਾ ਸਕਦੀ ਹੈ। ਦੁਨੀਆ ਦੀ ਲਗਭਗ 20 ਫ਼ੀਸਦੀ ਐੱਲ.ਐੱਨ.ਜੀ. ਦੀ ਸਪਲਾਈ ਇਸੇ ਰਸਤੇ ਤੋਂ ਹੁੰਦੀ ਹੈ। ਰਸਤਾ ਬੰਦ ਹੋਣ ’ਤੇ ਯੂਰਪ ਅਤੇ ਏਸ਼ੀਆ ਵਿਚ ਗੈਸ ਦੀਆਂ ਕੀਮਤਾਂ 130 ਫ਼ੀਸਦੀ ਤੱਕ ਵਧ ਸਕਦੀਆਂ ਹਨ।
ਜੇਕਰ ਤੇਲ 150 ਡਾਲਰ ਪ੍ਰਤੀ ਬੈਰਲ ਦੇ ਨੇੜੇ ਰਹਿੰਦਾ ਹੈ, ਤਾਂ ਗਲੋਬਲ ਜੀ.ਡੀ.ਪੀ. ਵਿਕਾਸ ਦਰ 2 ਫ਼ੀਸਦੀ ਤੋਂ ਹੇਠਾਂ ਡਿੱਗ ਸਕਦੀ ਹੈ। ਕਤਰ ਦੁਨੀਆ ਦਾ ਲਗਭਗ 40 ਫ਼ੀਸਦੀ ਹੀਲੀਅਮ ਪੈਦਾ ਕਰਦਾ ਹੈ। ਅਮੋਨੀਆ ਅਤੇ ਨਾਈਟ੍ਰੋਜਨ (ਖਾਦ) ਦੀ ਸਪਲਾਈ ਰੁਕਣ ਨਾਲ ਖੁਰਾਕ ਸੰਕਟ ਪੈਦਾ ਹੋ ਸਕਦਾ ਹੈ। 5 ਮਾਰਚ 2026 ਤੋਂ ਕਈ ਵੱਡੀਆਂ ਬੀਮਾ ਕੰਪਨੀਆਂ ਨੇ ਵੀ ‘ਜੰਗ ਜੋਖਮ ਕਵਰ’' ਦੇਣਾ ਬੰਦ ਕਰ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੁੱਲ੍ਹਦੇ ਸਾਰ ਹੀ ਗੋਤਾ ਲਾ ਗਿਆ ਭਾਰਤੀ ਸ਼ੇਅਰ ਬਾਜ਼ਾਰ ! ਧੜੰਮ ਡਿੱਗੇ Sensex ਤੇ Nifty
NEXT STORY