ਨਵੀਂ ਦਿੱਲੀ— ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਵਾਲੀਆਂ ਨੀਤੀਆਂ ਦੇ ਮੱਦੇਨਜ਼ਰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਪ੍ਰੈਲ-ਸਤੰਬਰ 2020 ਦੌਰਾਨ ਐੱਫ. ਡੀ. ਆਈ. 13 ਫ਼ੀਸਦੀ ਵੱਧ ਕੇ ਲਗਭਗ 40 ਅਰਬ ਅਮਰੀਕੀ ਡਾਲਰ ਹੋ ਗਿਆ। ਉਨ੍ਹਾਂ ਨੇ ਸੀ. ਆਈ. ਆਈ. ਦੇ 'ਪਾਰਟਨਰਸ਼ਿਪ ਸੰਮੇਲਨ-2020' 'ਚ ਇਹ ਗੱਲਾਂ ਆਖੀਆਂ।
ਗੋਇਲ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ ਨੌ ਮਹੀਨਿਆਂ 'ਚ ਕੋਵਿਡ-19 ਮਹਾਮਾਰੀ ਦੇ ਬਾਵਜੂਦ ਸਾਡਾ ਐੱਫ. ਡੀ. ਆਈ. ਵੱਧ ਰਿਹਾ ਹੈ ਅਤੇ ਅੱਜ ਸਾਡੀ ਐੱਫ. ਡੀ. ਆਈ. ਨੀਤੀ ਦੁਨੀਆ 'ਚ ਸਭ ਤੋਂ ਸੁਵਿਧਾਜਨਕ ਅਤੇ ਅਨੁਕੂਲ ਨੀਤੀਆਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਖੇਤਰਾਂ 'ਚ ਆਟੋਮੈਟਿਕ ਮਾਰਗ ਜ਼ਰੀਏ 100 ਫ਼ੀਸਦੀ ਐੱਫ. ਡੀ. ਦੀ ਮਨਜ਼ੂਰੀ ਦਿੱਤੀ ਗਈ ਹੈ। ਦੂਰਸੰਚਾਰ, ਮੀਡੀਆ, ਦਵਾ ਅਤੇ ਬੀਮਾ ਵਰਗੇ ਖੇਤਰਾਂ 'ਚ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੈ। ਇਸ ਤੋਂ ਇਲਾਵਾ ਨੌ ਅਜਿਹੇ ਖੇਤਰ ਹਨ, ਜਿੱਥੇ ਐੱਫ. ਡੀ. ਆਈ. ਦੀ ਮਨ੍ਹਾਈ ਹੈ। ਇਹ ਖੇਤਰ ਹਨ- ਲਾਟਰੀ ਕਾਰੋਬਾਰ, ਜੂਆ ਅਤੇ ਸੱਟੇਬਾਜ਼ੀ, ਚਿੱਟ ਫੰਡ, ਫੰਡ ਕੰਪਨੀ, ਰੀਅਲ ਅਸਟੇਟ ਅਤੇ ਤੰਬਾਕੂ-ਸਿਗਰਟ ਦਾ ਕਾਰੋਬਾਰ।
ਗੋਇਲ ਨੇ ਕਿਹਾ ਕਿ ਭਾਰਤ 'ਚ ਕਈ ਖੇਤਰਾਂ 'ਚ ਬੇਅੰਤ ਮੌਕੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ''ਭਾਰਤ ਮੌਕਿਆਂ ਦੀ ਭੂਮੀ ਹੈ। ਮੈਂ ਤੁਹਾਨੂੰ ਵਿਕਾਸ ਅਤੇ ਖੁਸ਼ਹਾਲੀ ਦੀ ਬੱਸ 'ਚ ਸਵਾਰ ਹੋਣ ਲਈ ਸੱਦਾ ਦਿੰਦਾ ਹਾਂ। ਅਸੀਂ ਤੁਹਾਡਾ ਸਵਾਗਤ ਖੁੱਲ੍ਹੇ ਹੱਥਾਂ ਅਤੇ ਰੈੱਡ ਕਾਰਪੇਟ ਨਾਲ ਕਰਾਂਗੇ ਅਤੇ ਮੌਕਿਆਂ ਦੀ ਇਸ ਭੂਮੀ 'ਚ ਤੁਹਾਡੀ ਯਾਤਰਾ ਦੌਰਾਨ ਅਸੀਂ ਤੁਹਾਨੂੰ ਪੂਰੀ ਸਹਾਇਤਾ, ਸਾਂਝੇਦਾਰੀ ਦਾ ਭਰੋਸਾ ਦਿੰਦੇ ਹਾਂ।''
RBI ਨੇ ਖਾਤਾ ਖੁੱਲ੍ਹਵਾਉਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਲਾਭ
NEXT STORY