ਨਵੀਂ ਦਿੱਲੀ— ਸਰਕਾਰ ਨੇ ਹਵਾਈ ਸਫ਼ਰ 'ਚ ਇਕ ਹੋਰ ਵੱਡੀ ਰਾਹਤ ਦਿੱਤੀ ਹੈ। ਹੁਣ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਜਾਂ 'ਏਅਰ ਬੱਬਲ' ਵਾਲੇ ਦੇਸ਼ਾਂ ਲਈ ਭਾਰਤ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਪਹਿਲਾਂ ਹਵਾਬਾਜ਼ੀ ਮੰਤਰਾਲਾ ਕੋਲ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਮੰਤਰਾਲਾ ਨਾਲ ਰਜਿਸਟ੍ਰੇਸ਼ਨ ਕੀਤੇ ਬਿਨਾਂ ਸੰਬੰਧਤ ਏਅਰਲਾਈਨ ਨਾਲ ਸਿੱਧੇ ਟਿਕਟ ਬੁੱਕ ਕਰਾਈ ਜਾ ਸਕਦੀ ਹੈ।
ਇਹ ਰਾਹਤ ਗ੍ਰਹਿ ਮੰਤਰਾਲਾ ਵੱਲੋਂ ਹਾਲ ਹੀ 'ਚ ਏਅਰ ਬੱਬਲ ਸਮਝੌਤੇ ਵਾਲੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਵਿਦੇਸ਼ 'ਚ ਭਾਰਤੀ ਮਿਸ਼ਨ ਨਾਲ ਰਜਿਸਟ੍ਰੇਸ਼ਨ 'ਚ ਦਿੱਤੀ ਗਈ ਛੋਟ ਮਗਰੋਂ ਦਿੱਤੀ ਗਈ ਹੈ।
ਭਾਰਤ ਦਾ ਇਸ ਸਮੇਂ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਕਤਰ, ਮਾਲਦੀਵ ਅਤੇ ਯੂ. ਏ. ਈ. ਨਾਲ ਏਅਰ ਬੱਬਲ ਸਮਝੌਤਾ ਹੈ, ਜਿਸ ਤਹਿਤ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੁਝ ਸ਼ਰਤਾਂ ਨਾਲ ਸੀਮਤ ਉਡਾਣਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਇਸ ਸੰਬੰਧ 'ਚ 13 ਹੋਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਹੁਣ ਤੱਕ 11 ਲੱਖ ਤੋਂ ਵੱਧ ਭਾਰਤੀ ਸਵਦੇਸ਼ ਵਾਪਸ ਆ ਚੁੱਕੇ ਹਨ। ਉੱਥੇ ਹੀ, ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਆਉਣ ਵਾਲੇ ਲੋਕਾਂ ਨੂੰ ਵਿਦੇਸ਼ 'ਚ ਭਾਰਤੀ ਮਿਸ਼ਨ ਨਾਲ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ, ਜਿੱਥੇ ਉਹ ਫਸੇ ਹੋਏ ਹਨ ਜਾਂ ਰਹਿ ਰਹੇ ਹਨ।
ਭਾਰਤ ਤੋਂ ਬਾਹਰ ਉਡਾਣਾਂ ਲਈ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ ਹਨ ਕਿ ਕਿਸੇ ਵੀ ਵਿਅਕਤੀ ਦੀ ਟਿਕਟ ਪੱਕੀ ਕਰਨ ਤੋਂ ਪਹਿਲਾਂ ਸੰਬੰਧਤ ਏਅਰਲਾਈਨ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਜਿਸ ਦੇਸ਼ ਨੂੰ ਵਿਅਕਤੀ ਨੇ ਜਾਣਾ ਹੈ ਉੱਥੇ ਦੇ ਨਿਯਮਾਂ ਦੇ ਨਾਲ ਉਸ ਕੋਲ ਵੈਲਿਡ ਵੀਜ਼ਾ ਹੈ ਅਤੇ ਯੋਗਤਾ ਰੱਖਦਾ ਹੈ। ਜੇਕਰ ਸੰਬੰਧਤ ਦੇਸ਼ ਵੱਲੋਂ ਕੋਈ ਸ਼ਰਤਾਂ ਹਨ ਤਾਂ ਵਿਅਕਤੀ ਨੂੰ ਉਨ੍ਹਾਂ 'ਤੇ ਖਰ੍ਹੇ ਉਤਰਨਾ ਹੋਵੇਗਾ। ਗੌਰਤਲਬ ਹੈ ਕਿ ਕੌਮਾਂਤਰੀ ਉਡਾਣਾਂ 23 ਮਾਰਤ ਤੋਂ ਬੰਦ ਹਨ, ਸਿਰਫ ਵਿਸ਼ੇਸ਼ ਉਡਾਣਾਂ ਹੀ ਚੱਲ ਰਹੀਆਂ ਹਨ।
ਸਰਕਾਰ ਨੇ ਪੈਨਸ਼ਨਰਾਂ ਨੂੰ ਡਿਜੀਲਾਕਰ 'ਤੇ ਦਿੱਤੀ ਇਹ ਵੱਡੀ ਸਹੂਲਤ
NEXT STORY