ਮੁੰਬਈ (ਯੂ. ਐੱਨ. ਆਈ.) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 27 ਅਗਸਤ ਨੂੰ ਸਮਾਪਤ ਹਫਤੇ ’ਚ 16.7 ਅਰਬ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ 633.6 ਅਰਬ ਡਾਲਰ ’ਤੇ ਪਹੁੰਚ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ’ਚ ਇਹ 2.5 ਅਰਬ ਡਾਲਰ ਘਟ ਕੇ 616.9 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 27 ਅਗਸਤ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 1.4 ਅਰਬ ਡਾਲਰ ਘਟ ਕੇ 571.5 ਅਰਬ ਡਾਲਰ ’ਤੇ ਰਹੀ। ਹਾਲਾਂਕਿ ਇਸ ਦੌਰਾਨ ਸੋਨੇ ਦਾ ਭੰਡਾਰ 19.2 ਕਰੋੜ ਡਾਲਰ ਵਧ ਕੇ 37.44 ਅਰਬ ਡਾਲਰ ’ਤੇ ਪਹੁੰਚ ਗਿਆ।
ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 1.4 ਕਰੋੜ ਡਾਲਰ ਵਧ ਕੇ 5.1 ਅਰਬ ਡਾਲਰ ਹੋ ਗਿਆ। ਸਮੀਖਿਆ ਅਧੀਨ ਹਫਤੇ ਦੌਰਾਨ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 17.9 ਅਰਬ ਡਾਲਰ ਵਧ ਕੇ ਹੁਣ ਤੱਕ ਦੇ ਰਿਕਾਰਡ 19.41 ਅਰਬ ਡਾਲਰ ’ਤੇ ਰਿਹਾ। ਬੀਤੇ ਹਫਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਰਿਕਾਰਡ ਵਾਧਾ ਹੋਣ ਦਾ ਪ੍ਰਮੁੱਖ ਕਾਰਨ ਆਈ. ਐੱਮ. ਐੱਫ. ਵਲੋਂ ਭਾਰਤ ਨੂੰ 17.86 ਅਰਬ ਡਾਲਰ ਐੱਸ. ਡੀ. ਆਰ. ਦੀ ਅਲਾਟਮੈਂਟ ਕਰਨਾ ਹੈ।
ਰਿਜ਼ਰਵ ਬੈਂਕ ਨੇ ਦੱਸਿਆ ਕਿ ਆਈ. ਐੱਮ. ਐੱਫ. ਨੇ 23 ਅਗਸਤ ਨੂੰ 17.86 ਅਰਬ ਡਾਲਰ ਐੱਸ. ਡੀ. ਆਰ. ਦੀ ਅਲਾਟਮੈਂਟ ਕੀਤੀ ਹੈ, ਜਿਸ ਨਾਲ ਇਹ ਵਧ ਕੇ 19.41 ਅਰਬ ਡਾਲਰ ਹੋ ਗਿਆ ਹੈ। ਆਈ. ਐੱਮ. ਐੱਫ. ਮੈਂਬਰ ਦੇਸ਼ਾਂ ਦਰਮਿਆਨ ਐੱਸ. ਡੀ. ਆਰ. ਦੀ ਅਲਾਟਮੈਂਟ ਮੌਜੂਦਾ ਕੋਟੇ ਦੇ ਅਨੁਪਾਤ ’ਚ ਕਰਦਾ ਹੈ। ਆਈ. ਐੱਮ. ਐੱਫ. ਦੇ ਬੋਰਡ ਆਫ ਡਾਇਰੈਕਟਰਜ਼ ਨੇ 2 ਅਗਸਤ ਨੂੰ ਮੈਂਬਰ ਦੇਸ਼ਾਂ ਲਈ 456 ਅਰਬ ਐੱਸ. ਡੀ. ਆਰ. ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਸੀ, ਜੋ 23 ਅਗਸਤ ਤੋਂ ਲਾਗੂ ਹੋ ਗਿਆ। ਇਸ ’ਚ ਭਾਰਤ ਦੀ ਹਿੱਸੇਦਾਰੀ 12.57 ਅਰਬ ਐੱਸ. ਡੀ. ਆਰ. ਰਹੀ ਹੈ।
SEBI ਨੇ CNBC ਆਵਾਜ਼ ਦੇ ਐਂਕਰ, ਪਰਿਵਾਰ ਦੇ ਲੋਕਾਂ ’ਤੇ ਲੱਗੀਆਂ ਪਾਬੰਦੀਆਂ ਬਰਕਰਾਰ ਰੱਖੀਆਂ’
NEXT STORY