ਮੁੰਬਈ (ਬੀ.)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਭਾਰਤੀ ਬਾਜ਼ਾਰ ’ਚ ਤੇਜ਼ ਰਫਤਾਰ ਨਾਲ ਨਿਵੇਸ਼ ਕਰ ਰਹੇ ਹਨ। ਇਕਵਿਟੀ (ਨਕਦੀ) ’ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ ਪਿਛਲੇ 2 ਮਹੀਨਿਆਂ ’ਚ 6 ਅਰਬ ਡਾਲਰ ਯਾਨੀ 44,000 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ। ਦੇਸੀ ਬਾਜ਼ਾਰ ’ਚ 2 ਮਹੀਨਿਆਂ ’ਚ ਐੱਫ. ਪੀ. ਆਈ. ਦਾ ਨਿਵੇਸ਼ ਮਈ ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਹੈ। ਐੱਫ. ਪੀ. ਆਈ. ਦੇ ਤੇਜ਼ ਨਿਵੇਸ਼ ਨੇ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਨੂੰ 2 ਮਹੀਨਿਆਂ ’ਚ 13 ਫੀਸਦੀ ਚੜ੍ਹਨ ’ਚ ਮਦਦ ਕੀਤੀ ਹੈ। ਸਰਕਾਰ ਵੱਲੋਂ ਸਤੰਬਰ ’ਚ ਕੰਪਨੀ ਟੈਕਸ ’ਚ ਕੀਤੀ ਗਈ ਕਟੌਤੀ, ਕੌਮਾਂਤਰੀ ਪੱਧਰ ’ਤੇ ਸਹਿਜ ਕਰੰਸੀ ਨੀਤੀ ਆਦਿ ਨੂੰ ਦੇਸੀ ਇਕਵਿਟੀ ’ਚ ਐੱਫ. ਪੀ. ਆਈ. ਦੇ ਤੇਜ਼ ਨਿਵੇਸ਼ ਦੀ ਵਜ੍ਹਾ ਮੰਨੀ ਜਾ ਰਹੀ ਹੈ।
ਆਈ. ਸੀ. ਆਈ. ਸੀ. ਆਈ. ਸਕਿਓਰਿਟੀ ਦੇ ਇਕ ਅਧਿਕਾਰੀ ਵਿਨੋਦ ਕਾਰਕੀ ਨੇ ਕਿਹਾ ਕਿ ਕੌਮਾਂਤਰੀ ਨਕਦੀ ’ਚ ਸੁਧਾਰ ਯੂਰਪੀ ਸੈਂਟਰਲ ਬੈਂਕ ਵੱਲੋਂ ਨਵੰਬਰ ਤੋਂ 22 ਅਰਬ ਡਾਲਰ ਪ੍ਰਤੀ ਮਹੀਨੇ ਦੀ ਨਕਦੀ ਸਹਿਜਤਾ ਅਤੇ ਅਮਰੀਕੀ ਫੈੱਡਰਲ ਬੈਂਕ ਵੱਲੋਂ ਬਾਂਡ ਖਰੀਦ ਪ੍ਰੋਗਰਾਮ ਵਧਾ ਕੇ 60 ਅਰਬ ਡਾਲਰ ਮਹੀਨਾ ਕਰਨ ਦੀ ਵਜ੍ਹਾ ਨਾਲ ਹੋਇਆ ਹੈ।
ਕੌਮਾਂਤਰੀ ਕੇਂਦਰੀ ਬੈਂਕ ਅਗਲੇ ਸਾਲ ਵੀ ਬਿਹਤਰ ਰੁਖ ਜਾਰੀ ਰੱਖਣਗੇ
ਇਕਵਿਟੀ ਬਾਜ਼ਾਰ ਦੇ ਨਿਵੇਸ਼ਕਾਂ ਲਈ ਹਾਂ-ਪੱਖੀ ਖਬਰ ਇਹ ਹੋ ਸਕਦੀ ਹੈ ਕਿ ਕੌਮਾਂਤਰੀ ਅਰਥਸ਼ਾਸਤਰੀ ਅੰਦਾਜ਼ਾ ਲਾ ਰਹੇ ਹਨ ਕਿ ਕੌਮਾਂਤਰੀ ਕੇਂਦਰੀ ਬੈਂਕ ਅਗਲੇ ਸਾਲ ਵੀ ਬਿਹਤਰ ਰੁਖ ਜਾਰੀ ਰੱਖਣਗੇ। ਮਾਰਗਨ ਸਟੈਨਲੀ ਨੇ ਇਕ ਨੋਟ ’ਚ ਕਿਹਾ ਕਿ ਫੈਡ ਨੇ ਆਪਣਾ ਕਦਮ ਵਧਾ ਦਿੱਤਾ ਹੈ ਪਰ ਸਾਡਾ ਅੰਦਾਜ਼ਾ ਹੈ ਕਿ ਕੌਮਾਂਤਰੀ ਕਰੰਸੀ ਨੀਤੀ ਅੱਗੇ ਹੋਰ ਸਹਿਜ ਹੋਵੇਗੀ। ਪਿਛਲੇ 2 ਮਹੀਨਿਆਂ ’ਚ ਹੋਏ 6 ਅਰਬ ਡਾਲਰ ਦੇ ਨਿਵੇਸ਼ ਕੰਪਨੀਆਂ ’ਚ ਨਿਵੇਸ਼ ਦੇ ਕਾਰਣ ਹਨ, ਜਿੱਥੇ ਨਿਵੇਸ਼ਕਾਂ ਵੱਲੋਂ ਵੱਡੀ ਸ਼ੇਅਰ ਵਿਕਰੀ ਕੀਤੀ ਗਈ ਹੈ। ਉਦਾਹਰਣ ਲਈ ਵੀਰਵਾਰ ਨੂੰ ਹੋਏ 70 ਕਰੋਡ਼ ਡਾਲਰ ਦੇ ਨਿਵੇਸ਼ ਦਾ ਵੱਡਾ ਹਿੱਸਾ ਜ਼ੀ ਐਂਟਰਟੇਨਮੈਂਟ ਦਾ ਸ਼ੇਅਰ ਉਨ੍ਹਾਂ ਦੇ ਪ੍ਰਮੋਟਰਾਂ ਵੱਲੋਂ ਖਰੀਦਣ ’ਤੇ ਇਨਵੈਸਟ ਹੋਇਆ। ਇਸੇ ਤਰ੍ਹਾਂ ਐੱਚ. ਡੀ. ਐੱਫ. ਸੀ. ਲਾਈਫ ਅਤੇ ਐੱਸ. ਬੀ. ਆਈ. ਲਾਈਫ ਦੀ ਸ਼ੇਅਰ ਵਿਕਰੀ ਨੇ ਵੀ ਵੱਡੇ ਵਿਦੇਸ਼ੀ ਨਿਵੇਸ਼ ਨੂੰ ਅਾਕਰਸ਼ਿਤ ਕਰਨ ’ਚ ਮਦਦ ਕੀਤੀ।
ਐੱਫ. ਪੀ. ਆਈ. ਦੀ ਪਹਿਲ ਨੇ ਵੀ ਬਾਜ਼ਾਰ ਨੂੰ ਨਵੀਂ ਉੱਚਾਈ ’ਤੇ ਪਹੁੰਚਾਇਆ
ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ਨੂੰ ਲੈ ਕੇ ਐੱਫ. ਪੀ. ਆਈ. ਦੀ ਪਹਿਲ ਨੇ ਵੀ ਬਾਜ਼ਾਰ ਨੂੰ ਨਵੀਂ ਉੱਚਾਈ ’ਤੇ ਪੁੱਜਣ ’ਚ ਮਦਦ ਕੀਤੀ। ਸੋਮਵਾਰ ਨੂੰ ਬੈਂਚਮਾਰਕ ਸੈਂਸੈਕਸ 40,889 ਅੰਕਾਂ ਦੀ ਨਵੀਂ ਉੱਚਾਈ ’ਤੇ ਬੰਦ ਹੋਇਆ ਅਤੇ ਨਿਫਟੀ 12,074 ਉੱਤੇ, ਜੋ ਪਿਛਲੀ ਰਿਕਾਰਡ ਉੱਚਾਈ ਤੋਂ ਸਿਰਫ਼ 14 ਅੰਕ ਹੇਠਾਂ ਹੈ।
ਜਲਦ ਘਟ ਸਕਦੀਆਂ ਹਨ 80 ਫੀਸਦੀ ਦਵਾਈਆਂ ਦੀਆਂ ਕੀਮਤਾਂ
NEXT STORY