ਜਲੰਧਰ (ਇੰਟ.) – ਇਕ ਅਮਰੀਕੀ ਕੋਰਟ ਨੇ ਗੂਗਲ ’ਤੇ ਏਕਾਧਿਕਾਰ ਦਾ ਦੋਸ਼ ਲਾਉਂਦੇ ਹੋਏ ਐਂਟੀ-ਟਰੱਸਟ ਦੀ ਉਲੰਘਣਾ ਨੂੰ ਲੈ ਕੇ ਝਾੜ ਪਾਈ ਹੈ। ਕੋਰਟ ਨੇ ਗੂਗਲ ਕ੍ਰੋਮ ਦੇ ਡਿਫਾਲਟ ਸਰਚ ਇੰਜਣ ਤੇ ਵੈੱਬ ਬ੍ਰਾਊਜ਼ਰ ’ਤੇ ਦਬਦਬੇ ਨੂੰ ਵੀ ਗਲਤ ਕਰਾਰ ਦਿੱਤਾ ਹੈ।
ਕੋਰਟ ਨੇ ਗੂਗਲ ’ਤੇ ਕਈ ਨਿਯਮਾਂ ਦੀ ਉਲੰਘਣਾ ’ਤੇ ਕਈ ਹਦਾਇਤਾਂ ਦਿੱਤੀਆਂ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੋਰਟ ਨੇ ਕਿਹਾ ਹੈ ਕਿ ਐਂਡ੍ਰਾਇਡ ਤੇ ਕ੍ਰੋਮ ਨੂੰ ਵੱਖ ਕੀਤਾ ਜਾਵੇ। ਹਾਲਾਂਕਿ ਇਸ ਮਾਮਲੇ ਵਿਚ ਗੂਗਲ ਨੇ ਕਿਹਾ ਹੈ ਕਿ ਐਂਡ੍ਰਾਇਡ ਤੇ ਕ੍ਰੋਮ ਨੂੰ ਵੱਖ ਕਰਨ ਨਾਲ ਗਾਹਕਾਂ ਨੂੰ ਨੁਕਸਾਨ ਹੋ ਸਕਦਾ ਹੈ, ਇੱਥੋਂ ਤਕ ਕਿ ਲਾਗਤ ਵੀ ਵਧ ਸਕਦੀ ਹੈ। ਅਜਿਹੀ ਸਥਿਤੀ ’ਚ ਗੂਗਲ ਨੇੇ ਐਂਡ੍ਰਾਇਡ ਤੇ ਆਪਣੇ ਸਰਚ ਇੰਜਣ ਦੇ ਕਾਰੋਬਾਰ ਨੂੰ ਵੱਖ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਡਾਟਾ ਤੇ ਇਸ਼ਤਿਹਾਰ ’ਤੇ ਦਿੱਤੇ ਕਈ ਸੁਝਾਅ
ਇਸ ਦੇ ਨਾਲ ਹੀ ਕੋਰਟ ਨੇ ਗੂਗਲ ਪਲੇਅ ਸਟੋਰ ਨੂੰ ਬਾਕੀ ਬਿਜ਼ਨੈੱਸ ਨਾਲੋਂ ਵੱਖ ਕਰਨ ਦੀ ਹਦਾਇਤ ਦਿੱਤੀ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਦੇ ਨਾਲ ਹੀ ਗੂਗਲ ਕ੍ਰੋਮ ਬ੍ਰਾਊਜ਼ਰ ਲਿੰਕਡ ਹੈ। ਨਾਲ ਹੀ ਗੂਗਲ ਦੇ ਹੋਰ ਪ੍ਰੋ਼ਡਕਟ ਜਿਵੇਂ ਜੀ-ਮੇਲ, ਡ੍ਰਾਈਵ ਤੇ ਯੂ ਟਿਊਬ ਵੀ ਆਪਸ ਵਿਚ ਲਿੰਕਡ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰਟ ਨੇ ਗੂਗਲ ਨੂੰ ਸਰਚ ਡਿਸਟ੍ਰੀਬਿਊਸ਼ਨ ਪ੍ਰੈਕਟਿਸ, ਰੈਵੇਨਿਊ ਸ਼ੇਅਰਿੰਗ, ਡਾਟਾ ਤੇ ਐਡ ’ਤੇ ਕਈ ਸੁਝਾਅ ਦਿੱਤੇ ਹਨ। ਕੋਰਟ ਨੇ ਕਿਹਾ ਹੈ ਕਿ ਗੂਗਲ ਵੱਲੋਂ ਆਈਫੋਨ ਵਿਚ ਡਿਫਾਲਟ ਸਰਚ ਇੰਜਣ ਵਜੋਂ ਐੱਪਲ ਦੇ ਨਾਲ ਰੈਵੇਨਿਊ ਸ਼ੇਅਰ ਕਰਨਾ ਨਿਯਮਾਂ ਦੇ ਖਿਲਾਫ ਹੈ। ਇਸ ਸਥਿਤੀ ’ਚ ਬਾਕੀ ਪਲੇਅਰਸ ਨੂੰ ਮਾਰਕੀਟ ਵਿਚ ਜਗ੍ਹਾ ਬਣਾਉਣ ’ਚ ਮੁਸ਼ਕਲ ਆਏਗੀ।
ਡਾਟਾ ਦੀ ਜਾਣਕਾਰੀ ਸ਼ੇਅਰ ਕਰਨ ਦੀ ਹਦਾਇਤ
ਕੋਰਟ ਨੇ ਇਹ ਵੀ ਕਿਹਾ ਹੈ ਕਿ ਗੂਗਲ ਨੂੰ ਆਪਣੇ ਦਬਦਬੇ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਅਜਿਹੇ ਸਾਰੇ ਸਮਝੌਤਿਆਂ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ, ਜਿਨ੍ਹਾਂ ਵਿਚ ਕ੍ਰੋਮ ਤੇ ਐਂਡ੍ਰਾਇਡ ਨੂੰ ਸਰਚ ਵਿਚ ਅਹਿਮੀਅਤ ਦਿੱਤੀ ਜਾਂਦੀ ਹੋਵੇ।
ਕੋਰਟ ਨੇ ਗੂਗਲ ਨੂੰ ਆਪਣੀ ਸਰਵਿਸ ’ਚੋਂ ਜਮ੍ਹਾ ਕੀਤੇ ਗਏ ਡਾਟਾ ਦੀ ਜਾਣਕਾਰੀ ਸ਼ੇਅਰ ਕਰਨ ਦੀ ਹਦਾਇਤ ਵੀ ਦਿੱਤੀ ਹੈ। ਗੂਗਲ ਸਰਚ ਰਿਜ਼ਲਟ ਐਡ ਤੇ ਰੈਂਕਿੰਗ ਅਲਗੋਰਿਦਮ ’ਤੇ ਜਾਣਕਾਰੀ ਦੇਣ ਦੀ ਗੱਲ ਕਹੀ ਗਈ ਹੈ। ਇਸ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਟੈਸਟਿੰਗ ਲਈ ਵਰਤੋਂ ਵਿਚ ਲਿਆਂਦੇ ਜਾਣ ਜਾਂ ਗੂਗਲ ਦੀ ਆਨਰਸ਼ਿਪ ਵਾਲੀ ਏ. ਆਈ. ਸਰਵਿਸ ਦੀ ਜਾਣਕਾਰੀ ਦੇਣ ਦਾ ਸੁਝਾਅ ਵੀ ਸ਼ਾਮਲ ਹੈ।
'ਭਾਰਤ-ਇਜ਼ਰਾਈਲ ਦੋਸਤੀ ਦੇ ਚੈਂਪੀਅਨ'; ਰਤਨ ਟਾਟਾ ਦੇ ਦਿਹਾਂਤ 'ਤੇ ਨੇਤਨਯਾਹੂ ਨੇ ਪ੍ਰਗਟਾਇਆ ਸੋਗ
NEXT STORY