ਬਿਜ਼ਨੈੱਸ ਡੈਸਕ: ਜਨਤਕ ਖੇਤਰ ਦੇ ਬੈਂਕਾਂ (PSBs) ਨੇ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ ਕੁੱਲ 29,175 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਹ ਇਕ ਸਾਲ ਪਹਿਲਾਂ ਨਾਲੋਂ 65 ਫੀਸਦੀ ਜ਼ਿਆਦਾ ਹੈ। ਇਨ੍ਹਾਂ ਬੈਂਕਾਂ 'ਚ ਬੈਂਕ ਆਫ ਮਹਾਰਾਸ਼ਟਰ (BOM) ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ। ਜਨਤਕ ਖੇਤਰ ਦੇ ਬੈਂਕਾਂ ਦੇ ਅਕਤੂਬਰ-ਦਸੰਬਰ 2022 ਦੇ ਤਿਮਾਹੀ ਨਤੀਜਿਆਂ ਦੇ ਅਨੁਸਾਰ, ਬੀ.ਓ.ਐੱਮ ਦਾ ਮੁਨਾਫਾ 139% ਵਧ ਕੇ 775 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਬੀ.ਓ.ਐੱਮ ਨੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਸਭ ਤੋਂ ਵੱਧ ਮੁਨਾਫ਼ੇ ਵਿੱਚ ਵਾਧਾ ਦਰਜ ਕੀਤਾ।
ਯੂਕੋ ਬੈਂਕ ਨੇ ਕਮਾਇਆ ਵੱਡਾ ਮੁਨਾਫ਼ਾ
ਕੋਲਕਾਤਾ ਸਥਿਤ ਯੂਕੋ ਬੈਂਕ ਦੂਜੇ ਸਥਾਨ 'ਤੇ ਹੈ। ਇਸ ਨੇ ਤੀਜੀ ਤਿਮਾਹੀ 'ਚ 653 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। ਇਹ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਇਸ ਦੇ ਮੁਨਾਫ਼ੇ ਤੋਂ 110 ਫੀਸਦੀ ਜ਼ਿਆਦਾ ਹੈ। ਯੂਨੀਅਨ ਬੈਂਕ ਆਫ ਇੰਡੀਆ ਅਤੇ ਇੰਡੀਅਨ ਬੈਂਕ ਵੀ ਤਿਮਾਹੀ ਵਿੱਚ 100 ਪ੍ਰਤੀਸ਼ਤ ਤੋਂ ਵੱਧ ਮੁਨਾਫ਼ੇ ਵਿੱਚ ਵਾਧਾ ਕਰਨ ਵਿੱਚ ਕਾਮਯਾਬ ਰਹੇ ਹਨ। ਮੁੰਬਈ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਨੇ 2,245 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ, ਜੋ ਇਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ 107 ਫੀਸਦੀ ਵੱਧ ਹੈ। ਚੇਨਈ ਸਥਿਤ ਇੰਡੀਅਨ ਬੈਂਕ ਦਾ ਮੁਨਾਫ਼ਾ ਵੀ 102 ਫੀਸਦੀ ਵਧ ਕੇ 1,396 ਕਰੋੜ ਰੁਪਏ ਹੋ ਗਿਆ।
12 ਬੈਂਕਾਂ ਦੇ ਮੁਨਾਫ਼ੇ 'ਚ 65% ਵਾਧਾ
ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਸਾਰੇ 12 ਜਨਤਕ ਖੇਤਰ ਦੇ ਬੈਂਕਾਂ ਨੇ ਮਿਲ ਕੇ 29,175 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ ਅੰਕੜਾ 17,729 ਕਰੋੜ ਰੁਪਏ ਸੀ। ਇਸ ਤਰ੍ਹਾਂ ਇਨ੍ਹਾਂ ਬੈਂਕਾਂ ਦੇ ਸਾਂਝੇ ਮੁਨਾਫ਼ੇ ਵਿੱਚ 65 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪਹਿਲੇ 9 ਮਹੀਨਿਆਂ 'ਚ 70,166 ਕਰੋੜ ਦਾ ਮੁਨਾਫ਼ਾ ਹੋਇਆ
ਜਨਤਕ ਖੇਤਰ ਦੇ ਬੈਂਕਾਂ ਨੇ ਵਿੱਤੀ ਸਾਲ 2022-23 ਦੇ ਪਹਿਲੇ ਨੌਂ ਮਹੀਨਿਆਂ (ਅਪ੍ਰੈਲ-ਦਸੰਬਰ) ਵਿੱਚ ਕੁੱਲ 70,166 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਇਹ ਇਕ ਸਾਲ ਪਹਿਲਾਂ ਦੇ 48,983 ਕਰੋੜ ਰੁਪਏ ਦੇ ਮੁਕਾਬਲੇ 43 ਫੀਸਦੀ ਜ਼ਿਆਦਾ ਹੈ। ਜਨਤਕ ਖੇਤਰ ਦੇ ਬੈਂਕਾਂ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਲਗਭਗ 15,306 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ। ਸਤੰਬਰ ਤਿਮਾਹੀ 'ਚ ਇਹ ਵਧ ਕੇ 25,685 ਕਰੋੜ ਰੁਪਏ ਅਤੇ ਦਸੰਬਰ ਤਿਮਾਹੀ 'ਚ 29,175 ਕਰੋੜ ਰੁਪਏ ਹੋ ਗਿਆ।
ਦੂਰਸੰਚਾਰ ਵਿਭਾਗ ਨੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੀ ਵੰਡ ਕੀਤੀ ਸ਼ੁਰੂ
NEXT STORY