ਨਵੀਂ ਦਿੱਲੀ— ਮੋਬਾਇਲ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਖਦਸ਼ੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਭਾਰਤ 'ਚ ਹੀ ਖਾਸ ਤਰ੍ਹਾਂ ਦੇ ਮੋਬਾਇਲ ਫੋਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜੋ ਕਿ ਦੇਸ਼ ਦੇ ਸੁਰੱਖਿਆ ਬਲਾਂ ਨੂੰ ਦਿੱਤੇ ਜਾਣਗੇ। ਜਾਣਕਾਰੀ ਮੁਤਾਬਕ ਫੌਜੀਆਂ ਨੂੰ ਚੀਨ ਜਾਂ ਤਾਈਵਾਨ ਦੀ ਬਜਾਏ ਦੇਸ਼ 'ਚ ਹੀ ਬਣਾਏ ਗਏ ਖਾਸ ਤਰ੍ਹਾਂ ਦੇ ਫੋਨ ਮਿਲ ਸਕਦੇ ਹਨ। ਸਰਕਾਰ ਚਾਹੁੰਦੀ ਹੈ ਕਿ ਸੁਰੱਖਿਆ ਬਲਾਂ ਦਾ ਡਾਟਾ ਅਤੇ ਉਨ੍ਹਾਂ ਦੇ ਸੰਚਾਰ ਉਪਕਰਣ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ। ਇਸ ਲਈ ਉਨ੍ਹਾਂ ਨੂੰ ਖਾਸ ਕਿਸਮ ਦੇ ਮੋਬਾਇਲ ਫੋਨ ਦੇਣ 'ਤੇ ਵਿਚਾਰ ਹੋ ਰਿਹਾ ਹੈ, ਜਿਨ੍ਹਾਂ ਦਾ ਨਿਰਮਾਣ ਵੀ ਭਾਰਤੀ ਕੰਪਨੀ ਹੀ ਕਰੇਗੀ। ਸੂਤਰਾਂ ਮੁਤਾਬਕ, ਇਸ 'ਤੇ ਵਿਚਾਰ ਅਜੇ ਸ਼ੁਰੂ ਹੀ ਹੋਇਆ ਹੈ। ਸਰਕਾਰ ਸਭ ਤੋਂ ਪਹਿਲਾਂ ਇਸ 'ਤੇ ਖੁਦ ਹੀ ਵਿਚਾਰ ਕਰੇਗੀ ਅਤੇ ਫਿਰ ਮੋਬਾਇਲ ਫੋਨ ਬਣਾਉਣ ਵਾਲੀ ਕੰਪਨੀ ਸਮੇਤ ਸਾਰੇ ਪੱਖਾਂ ਨਾਲ ਗੱਲਬਾਤ ਹੋਵੇਗੀ। ਮੋਬਾਇਲ ਫੋਨ 'ਚ ਕੀ-ਕੀ ਹੋਵੇਗਾ, ਇਹ ਵੀ ਬਾਅਦ 'ਚ ਹੀ ਤੈਅ ਕੀਤਾ ਜਾਵੇਗਾ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਇਕ ਸੂਤਰ ਮੁਤਾਬਕ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਿਰਫ ਸੁਰੱਖਿਆ ਬਲਾਂ ਲਈ ਮੋਬਾਇਲ ਫੋਨ ਬਣਾਉਣ ਦੀ ਸੰਭਾਵਨਾ 'ਤੇ ਚਰਚਾ ਕੀਤੀ ਸੀ, ਜਿਸ 'ਚ ਸੁਰੱਖਿਆ ਦੇ ਸਾਰੇ ਫੀਚਰ ਹੋਣਗੇ। ਸੂਤਰ ਨੇ ਇਹ ਵੀ ਕਿਹਾ ਕਿ ਇਸ ਪ੍ਰਸਤਾਵ ਪਿੱਛੇ ਸਰਕਾਰ ਦਾ ਮੁੱਖ ਮਕਸਦ ਫੋਨ ਜ਼ਰੀਏ ਇੱਧਰ-ਉੱਧਰ ਜਾਣ ਵਾਲੀ ਸਮੱਗਰੀ ਨੂੰ ਸੁਰੱਖਿਅਤ ਰੱਖਣਾ ਹੈ। ਇਹ ਸਮੱਗਰੀ ਯਾਨੀ ਡਾਟਾ ਭਾਰਤ 'ਚ ਸਥਿਤ ਸਰਵਰਾਂ 'ਤੇ ਹੋਣਾ ਚਾਹੀਦਾ ਹੈ ਤਾਂ ਕਿ ਉਸ 'ਤੇ ਸਰਕਾਰ ਅਤੇ ਕਾਨੂੰਨੀ ਏਜੰਸੀਆਂ ਦਾ ਪੂਰਾ ਕੰਟਰੋਲ ਰਹੇ। ਇਸ ਲਈ ਇਹ ਕੰਮ ਕਿਸੇ ਭਾਰਤੀ ਕੰਪਨੀ ਨੂੰ ਹੀ ਦਿੱਤੇ ਜਾਣ ਦੀ ਸੰਭਾਵਨਾ ਹੈ ਪਰ ਸੂਤਰ ਨੇ ਅਜਿਹੀ ਵਿਦੇਸ਼ੀ ਕੰਪਨੀ ਚੁਣੇ ਜਾਣ ਦੀ ਸੰਭਾਵਨਾ ਤੋਂ ਮਨ੍ਹਾ ਨਹੀਂ ਕੀਤਾ, ਜਿਸ ਦਾ ਸਰਵਰ ਭਾਰਤ 'ਚ ਹੋਵੇ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਰਕਾਰ ਨੇ 30 ਤੋਂ ਵੱਧ ਸਮਾਰਟ ਫੋਨ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਡਾਟਾ ਸੁਰੱਖਿਆ ਦੀ ਜਾਣਕਾਰੀ ਦੇਣ ਨੂੰ ਕਿਹਾ ਸੀ, ਜਿਸ 'ਚ 12 ਕੰਪਨੀਆਂ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਬਾਕੀ ਕੰਪਨੀਆਂ ਨੇ ਕੁੱਝ ਹੋਰ ਸਮਾਂ ਮੰਗਿਆ ਹੈ।
ਹਸਪਤਾਲਾਂ ਦੇ ਕਮਰਿਆਂ 'ਤੇ ਨਹੀਂ ਲੱਗੇਗਾ GST
NEXT STORY