ਨਵੀਂ ਦਿੱਲੀ-ਆਮਦਨ ਟੈਕਸ ਵਿਭਾਗ ਨੇ ਕਰੀਬ 2 ਲੱਖ ਖਾਤਾਧਾਰਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਲੋਕਾਂ ਨੇ ਨੋਟਬੰਦੀ ਤੋਂ ਬਾਅਦ ਆਪਣੇ ਖਾਤੇ 'ਚ 20 ਲੱਖ ਰੁਪਏ ਤੋਂ ਜ਼ਿਆਦਾ ਰਕਮ ਜਮ੍ਹਾ ਕਰਵਾਉਣ ਦੇ ਬਾਵਜੂਦ ਟੈਕਸ ਰਿਟਰਨ ਨਹੀਂ ਭਰਿਆ ਹੈ। ਵਿੱਤ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਨੋਟਿਸ ਭੇਜਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਖਾਤੇ 'ਚ ਵੱਡੀ ਰਾਸ਼ੀ ਜਮ੍ਹਾ ਕਰਵਾਈ ਹੈ ਅਤੇ ਟੈਕਸ ਰਿਟਰਨ ਫਾਈਲ ਵੀ ਨਹੀਂ ਕੀਤੀ ਹੈ।
ਟੈਕਸ ਰਿਟਰਨ ਫਾਈਲ ਕਰਨ ਵਾਲੇ 29 ਫ਼ੀਸਦੀ ਵਧੇ : ਵਿੱਤ ਮੰਤਰਾਲਾ ਅਨੁਸਾਰ ਨੋਟਬੰਦੀ ਦੀ ਵਜ੍ਹਾ ਨਾਲ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ 'ਚ ਕਾਫ਼ੀ ਤੇਜ਼ ਵਾਧਾ ਹੋਇਆ ਹੈ। ਵਿੱਤੀ ਸਾਲ 2016-17 'ਚ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ ਸਾਲਾਨਾ ਆਧਾਰ 'ਤੇ 29 ਫ਼ੀਸਦੀ ਵਧ ਕੇ 8.55 ਕਰੋੜ ਹੋ ਗਈ ਹੈ। ਆਰਥਿਕ ਸਰਵੇ ਅਨੁਸਾਰ ਸਾਲ 2015-16 'ਚ ਕੁਲ ਟੈਕਸਦਾਤਿਆਂ ਦੀ ਗਿਣਤੀ 5.93 ਕਰੋੜ ਸੀ।
1.10 ਕਰੋੜ ਬੈਂਕ ਖਾਤਿਆਂ 'ਚ ਜਮ੍ਹਾ ਹੋਏ ਰੁਪਏ
ਸਰਕਾਰੀ ਅੰਕੜਿਆਂ ਮੁਤਾਬਕ ਨੋਟਬੰਦੀ ਦੌਰਾਨ 1.10 ਕਰੋੜ ਬੈਂਕ ਖਾਤਿਆਂ 'ਚ 2 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਜਮ੍ਹਾ ਕੀਤੀ ਗਈ। ਪਿਛਲੇ ਸਾਲ ਆਮਦਨ ਟੈਕਸ ਵਿਭਾਗ ਨੇ ਨੋਟਬੰਦੀ ਤੋਂ ਬਾਅਦ 18 ਲੱਖ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਆਪਣੇ ਨਕਦ ਲੈਣ-ਦੇਣ 'ਤੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਵਿਭਾਗ ਅਨੁਸਾਰ ਅਜਿਹੇ ਲੋਕਾਂ ਦਾ ਨਕਦ ਲੈਣ-ਦੇਣ ਉਨ੍ਹਾਂ ਦੀ ਕਮਾਈ ਦੇ ਬਰਾਬਰ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਆਮਦਨ ਟੈਕਸ ਨੋਟਿਸ ਤੋਂ ਬਚਣ ਲਈ 10 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਸੀ।
2.5 ਲੱਖ ਤੋਂ ਜ਼ਿਆਦਾ ਕਮਾਈ 'ਤੇ ਰਿਟਰਨ ਜ਼ਰੂਰੀ
ਆਮਦਨ ਟੈਕਸ ਦੇ ਮੌਜੂਦਾ ਨਿਯਮਾਂ ਤਹਿਤ ਸਾਲਾਨਾ 2.5 ਲੱਖ ਰੁਪਏ ਤੋਂ ਜ਼ਿਆਦਾ ਕਮਾਈ ਵਾਲਿਆਂ ਲਈ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਟੈਕਸ ਰਿਟਰਨ ਫਾਈਲ ਨਹੀਂ ਕਰਦਾ ਹੈ ਤਾਂ ਆਮਦਨ ਟੈਕਸ ਵਿਭਾਗ ਉਸ ਵਿਅਕਤੀ ਨੂੰ ਨੋਟਿਸ ਜਾਰੀ ਕਰ ਕੇ ਪੁੱਛ ਸਕਦਾ ਹੈ ਕਿ ਤੁਹਾਡੀ ਕਮਾਈ ਕਿੰਨੀ ਹੈ ਅਤੇ ਤੁਸੀਂ ਰਿਟਰਨ ਫਾਈਲ ਕਿਉਂ ਨਹੀਂ ਕਰ ਰਹੇ ਹੋ। ਜੇਕਰ ਵਿਭਾਗ ਨੂੰ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਦੀ ਕਮਾਈ ਟੈਕਸ ਯੋਗ ਹੈ ਅਤੇ ਉਹ ਰਿਟਰਨ ਫਾਈਲ ਨਹੀਂ ਕਰ ਰਿਹਾ ਹੈ ਤਾਂ ਵਿਭਾਗ ਉਸ ਤੋਂ ਟੈਕਸ ਦੇ ਨਾਲ ਜੁਰਮਾਨਾ ਵੀ ਵਸੂਲ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾ ਸਕਦਾ ਹੈ, ਜਿਸ ਦੇ ਤਹਿਤ ਉਸ ਵਿਅਕਤੀ ਨੂੰ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਜੇਕਰ ਕਿਸੇ ਟੈਕਸਦਾਤਾ 'ਤੇ 25 ਲੱਖ ਰੁਪਏ ਤੋਂ ਜ਼ਿਆਦਾ ਦੀ ਟੈਕਸ ਚੋਰੀ ਦਾ ਮਾਮਲਾ ਸਾਬਤ ਹੁੰਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।
ਪੀ. ਐੱਨ. ਬੀ. ਘਪਲਾ ਮਾਮਲੇ 'ਚ ਸਰਕਾਰ ਕਰੇ ਦਖਲ-ਅੰਦਾਜ਼ੀ
NEXT STORY