ਨਵੀਂ ਦਿੱਲੀ (ਅਨਸ)- ਸਰਕਾਰ ਨੇ ਕਿਹਾ ਕਿ ਭਾਰਤ ਦੇ ਪ੍ਰੀਮੀਅਮ ਸੀ-ਫੂਡ ਅਤੇ ਵਾਈਨ ਇੰਡਸਟਰੀ ’ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ’ਚ ਇਕੱਲੇ ਸੀ-ਫੂਡ ਬਰਾਮਦ ਦਾ ਮੁੱਲ 7.3 ਬਿਲੀਅਨ ਡਾਲਰ ਅਤੇ ਮਾਤਰਾ 17.81 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ ਹੈ। ਬ੍ਰਸਲਜ਼ ’ਚ ਭਾਰਤੀ ਦੂਤ ਘਰ ਵੱਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਵਾਈਨ ਅਤੇ ਸੀ-ਫੂਡ ’ਚ ਭਾਰਤ ਦੀ ਤਰੱਕੀ ਨੂੰ ਬਿਜ਼ਨੈੱਸ ਲੀਡਰਜ਼, ਟ੍ਰੇਡ ਬਾਡੀਜ਼, ਮੈਰੀਨ ਫੂਡ ਦਰਾਮਦਕਾਰਾਂ, ਸਰਕਾਰੀ ਵਪਾਰ ਏਜੰਸੀਆਂ ਅਤੇ ਡਿਪਲੋਮੈਟਿਕ ਕਮਿਊਨਿਟੀ ਦੇ ਮੈਂਬਰਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਣਜ ਅਤੇ ਉਦਯੋਗ ਮੰਤਰਾਲੇ ਅਨੁਸਾਰ ਇਹ ਪ੍ਰੋਗਰਾਮ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ (ਏ. ਪੀ. ਈ. ਡੀ. ਏ.) ਅਤੇ ਮੈਰੀਨ ਪ੍ਰੋਡਕਟਜ਼ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ (ਐੱਮ. ਪੀ. ਈ. ਡੀ. ਏ.) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।
ਬੈਲਜੀਅਮ, ਲਗ਼ਜ਼ਮਬਰਗ ਅਤੇ ਯੂਰਪੀ ਯੂਨੀਅਨ (ਈ. ਯੂ.) ’ਚ ਭਾਰਤ ਦੇ ਰਾਜਦੂਤ ਸੌਰਭ ਕੁਮਾਰ ਨੇ ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹ ਦੇਣ ’ਚ ਇਸ ਪ੍ਰੋਗਰਾਮ ਦੇ ਮਹੱਤਵ ’ਤੇ ਚਾਨਣਾ ਪਾਇਆ। ਵਣਜ ਵਿਭਾਗ ਦੇ ਸਕੱਤਰ ਸੁਨੀਲ ਬਰਥਵਾਲ ਨੇ ਭਾਰਤ ਦੇ ਗਤੀਸ਼ੀਲ ਵਪਾਰਕ ਪਰਿਦ੍ਰਿਸ਼ ਅਤੇ ਯੂਰਪੀ ਯੂਨੀਅਨ ਨਾਲ ਇਸ ਦੀ ਵਧਦੀ ਭਾਈਵਾਲੀ, ਵਿਸ਼ੇਸ਼ ਤੌਰ ’ਤੇ ਸੀ-ਫੂਡ ਅਤੇ ਵਾਈਨ ਸੈਕਟਰ ਬਾਰੇ ਗੱਲ ਕੀਤੀ। ਪ੍ਰੋਗਰਾਮ ’ਚ ਮੌਜੂਦ ਲੋਕਾਂ ਨੇ 5 ਪ੍ਰੀਮੀਅਮ ਭਾਰਤੀ ਸੀ-ਫੂਡ ਵਿਅੰਜਣਾ ਦਾ ਲੁਤਫ਼ ਉਠਾਇਆ।
ਭਾਰਤੀ ਵਾਈਨ ਇੰਡਸਟਰੀ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ’ਚ 24 ਤੋਂ ਵੱਧ ਪ੍ਰਮੁੱਖ ਬਰਾਂਡ ਕੌਮਾਂਤਰੀ ਮੁਹਾਰਤ ਨੂੰ ਸਵਦੇਸ਼ੀ ਪ੍ਰੰਪਰਾਵਾਂ ਨਾਲ ਜੋੜਦੇ ਹਨ। 2023-2024 ’ਚ ਭਾਰਤ ਦੀ ਕੁੱਲ ਬਰਾਮਦ 433.09 ਬਿਲੀਅਨ ਡਾਲਰ ਤੱਕ ਪਹੁੰਚ ਗਈ। ਇਸ ’ਚ ਖੇਤੀਬਾੜੀ ਵਸਤਾਂ ਦਾ ਯੋਗਦਾਨ 33.24 ਬਿਲੀਅਨ ਡਾਲਰ (ਕੁੱਲ ਬਰਾਮਦ ਦਾ 8 ਫ਼ੀਸਦੀ) ਅਤੇ ਸਮੁੰਦਰੀ ਬਰਾਮਦ ਦਾ ਯੋਗਦਾਨ 132 ਦੇਸ਼ਾਂ ’ਚ 7.36 ਬਿਲੀਅਨ ਡਾਲਰ (ਖੇਤੀਬਾੜੀ ਬਰਾਮਦ ਦਾ 22 ਫ਼ੀਸਦੀ) ਰਿਹਾ।
ਵੰਨਾਮੇਈ ਝੀਂਗਾ ਦੀ ਬਰਾਮਦ ਚੌਗੁਣੀ ਹੋ ਗਈ ਹੈ, ਜਿਸ ਨੇ ਇਸ ਨੂੰ ਉੱਚ ਗੁਣਵੱਤਾ ਵਾਲੇ ਸੀ-ਫੂਡ ਪ੍ਰੋਡਕਟ ਵਜੋਂ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ। 500 ਯੂਰਪੀ ਯੂਨੀਅਨ-ਅਪ੍ਰੂਵਡ ਫਰਮਾਂ ਦੇ ਨਾਲ ਭਾਰਤ ਦੀ ਸੀ-ਫੂਡ ਪ੍ਰੋਸੈਸਿੰਗ ਸਮਰੱਥਾ ਦਾ ਵਿਸਥਾਰ ਜਾਰੀ ਹੈ। ਇਸ ਨਾਲ ਯੂਰਪੀ ਯੂਨੀਅਨ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੀ-ਫੂਡ ਮਾਰਕੀਟ ਬਣ ਗਿਆ ਹੈ, ਜਿਸ ਦੀ ਸਾਲਾਨਾ ਖਰੀਦ 0.95 ਬਿਲੀਅਨ ਡਾਲਰ ਹੈ। ਇਸ ਤੋਂ ਇਲਾਵਾ ਮੰਤਰਾਲਾ ਅਨੁਸਾਰ ਭਾਰਤ ਯੂਰਪੀ ਯੂਨੀਅਨ ਦਾ ਦੂਜਾ ਸਭ ਤੋਂ ਵੱਡਾ ਝੀਂਗਾ ਸਪਲਾਇਰ ਹੈ, ਜਿਸ ਦੀ ਬਾਜ਼ਾਰ ਹਿੱਸੇਦਾਰੀ 8 ਫ਼ੀਸਦੀ ਹੈ ਅਤੇ ਇਹ ਯੂਰਪੀ ਯੂਨੀਅਨ ਦੀ ਸਕਵਿਡ ਦਰਾਮਦ ’ਚ 12 ਫ਼ੀਸਦੀ ਦਾ ਯੋਗਦਾਨ ਦਿੰਦਾ ਹੈ।
ਅਡਾਨੀ ਨੂੰ ਇਕ ਹੋਰ ਝਟਕਾ, ਹੁਣ ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ਤੋਂ ਬਾਹਰ
NEXT STORY