ਜਲੰਧਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਵਾਰ ਕਾਰਨ ਭਾਰਤ ਨੂੰ ਡੇਅਰੀ ਨਿਰਯਾਤ (ਬਰਾਮਦ) ’ਚ ਵੱਡਾ ਲਾਭ ਮਿਲ ਸਕਦਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਡੇਅਰੀ ਬ੍ਰਾਂਡ ਅਮੂਲ ਦੇ ਮਾਲਕ ਜਯੇਨ ਮਹਿਤਾ ਦਾ ਕਹਿਣਾ ਹੈ ਕਿ ਟੈਰਿਫ ਜੰਗ ਸ਼ੁਰੂ ਕਰ ਕੇ ਅਮਰੀਕਾ ਨੇ ਅਣਜਾਣੇ ’ਚ ਆਪਣੇ ਡੇਅਰੀ ਨਿਰਯਾਤ ਬਾਜ਼ਾਰ ਦਾ ਅੱਧਾ ਹਿੱਸਾ ਭਾਰਤ ਨੂੰ ਦੇ ਦਿੱਤਾ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਅਮਰੀਕਾ ਦੇ ਡੇਅਰੀ ਨਿਰਯਾਤ ਦਾ ਲਗਭਗ 50 ਫੀਸਦੀ ਹਿੱਸਾ ਭਾਰਤ ਦੇ ਆਲੇ-ਦੁਆਲੇ ਦੇ ਸਥਾਨਾਂ ਨੂੰ ਜਾਂਦਾ ਹੈ, ਜਿਸ ’ਚ ਪੱਛਮੀ ਏਸ਼ੀਆ, ਉੱਤਰੀ ਅਫਰੀਕਾ, ਚੀਨ, ਦੱਖਣ-ਪੂਰਬੀ ਏਸ਼ੀਆ, ਉਪ-ਸਹਾਰਾ ਅਫਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ।
ਭਾਰਤ ਨੂੰ ਮਿਲ ਸਕਦੇ ਨਵੇਂ ਬਾਜ਼ਾਰ
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜ਼ਿਆਦਾਤਰ ਦੇਸ਼ਾਂ ’ਤੇ ਲਗਾਏ ਗਏ ਉੱਚ ਟੈਰਿਫਾਂ ਦੇ ਜਵਾਬ ’ਚ ਇਨ੍ਹਾਂ ’ਚੋਂ ਕੁਝ ਦੇਸ਼ਾਂ ਵੱਲੋਂ ਅਮਰੀਕੀ ਉਤਪਾਦਾਂ ’ਤੇ ਆਯਾਤ (ਦਰਾਮਦ) ਫੀਸ ਵਧਾਉਣ ਦੀ ਉਮੀਦ ਹੈ। ਮਹਿਤਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਨ੍ਹਾਂ ’ਚੋਂ ਕਈ ਦੇਸ਼ ਬਦਲਵੇਂ ਡੇਅਰੀ ਉਤਪਾਦ ਸਪਲਾਇਰਾਂ ਵੱਲ ਰੁੱਖ ਕਰਨਗੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਹੋਣ ਦੇ ਨਾਤੇ ਭਾਰਤ ਇਸ ਸਥਿਤੀ ਦਾ ਫਾਇਦਾ ਉਠਾਉਣ ਲਈ ਚੰਗੀ ਸਥਿਤੀ ਵਿਚ ਹੈ। ਟੈਰਿਫ ਜੰਗ ਅਤੇ ਉੱਭਰ ਰਹੀ ਵਪਾਰ ਦੀ ਰਫਤਾਰ ਭਾਰਤ ਨੂੰ ਆਪਣੇ ਨਿਰਯਾਤ ਬਾਜ਼ਾਰਾਂ ’ਚ ਵਿਭਿੰਨਤਾ ਲਿਆਉਣ ਲਈ ਨਵੇਂ ਬਾਜ਼ਾਰਾਂ ਤੱਕ ਪਹੁੰਚ ਕਰਨ ਦੀ ਆਗਿਆ ਦੇ ਸਕਦੀ ਹੈ।
ਟੈਰਿਫ ਜੰਗ ਨਾਲ ਕਿਵੇਂ ਹੋਵੇਗਾ ਫਾਇਦਾ
ਭਾਰਤ ਦੀ ਸਭ ਤੋਂ ਵੱਡੀ ਦੁੱਧ ਮਾਰਕੀਟਿੰਗ ਸਹਿਕਾਰੀ ਸੰਸਥਾ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਲਈ ਅਮਰੀਕੀ ਡੇਅਰੀ ਉਤਪਾਦ ਹੋਰ ਮਹਿੰਗੇ ਹੋ ਜਾਣਗੇ, ਜੋ ਆਪਣੇ ਦੇਸ਼ਾਂ ’ਚ ਆਯਾਤ ਫੀਸ ਵਧਾ ਕੇ ਜਵਾਬੀ ਕਾਰਵਾਈ ਸ਼ੁਰੂ ਕਰਨਗੇ।
ਹੁਣ ਤੱਕ ਚੀਨ ਨੇ ਅਮਰੀਕੀ ਦਰਾਮਦਾਂ ’ਤੇ 34 ਫੀਸਦੀ ਦੇ ਜਵਾਬੀ ਟੈਰਿਫ ਦਾ ਐਲਾਨ ਕੀਤਾ ਹੈ, ਜਦ ਕਿ ਕੁਝ ਦੇਸ਼ਾਂ ਨੇ ਕਿਹਾ ਹੈ ਕਿ ਉਹ ਅਮਰੀਕੀ ਟੈਰਿਫ ਤੋਂ ਨਾਖੁਸ਼ ਹਨ। ਮਹਿਤਾ ਨੇ ਕਿਹਾ ਕਿ ਭਾਰਤ ਪਹਿਲਾਂ ਹੀ ਦੁਨੀਆ ’ਚ ਡੇਅਰੀ ਮੁਖੀ ਬਨਣ ਦੀ ਰਾਹ ’ਤੇ ਸੀ ਅਤੇ ਹੁਣ ਟੈਰਿਫ ਜੰਗ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰੇਗੀ।
ਹਾਲਾਂਕਿ ਉਨ੍ਹਾਂ ਕਿਹਾ ਕਿ ਭਾਰਤ ਲੰਬੀ ਦੂਰੀ ਕਾਰਨ ਦੱਖਣੀ ਅਮਰੀਕਾ ਅਤੇ ਯੂਰਪ ਨੂੰ ਜਾਣ ਵਾਲੇ ਲਗਭਗ 50 ਫੀਸਦੀ ਅਮਰੀਕੀ ਡੇਅਰੀ ਨਿਰਯਾਤ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੋ ਸਕਦਾ ਹੈ। ਦੂਜੇ ਪਾਸੇ ਉਦਯੋਗ ਦੇ ਅੰਦਰੂਨੀ ਸੂਤਰਾਂ ਦਾ ਵੀ ਕਹਿਣਾ ਹੈ ਕਿ ਭਾਵੇਂ ਕਈ ਦੇਸ਼ ਜਵਾਬੀ ਟੈਰਿਫ ਨਾ ਲਗਾਉਣ ਪਰ ਸਪਲਾਈ ਲੜੀ ’ਚ ਵਿਘਨ ਅਤੇ ਹੋਰ ਕਾਰਨ ਭਾਰਤ ਦੇ ਡੇਅਰੀ ਨਿਰਯਾਤ ਲਈ ਮਦਦਗਾਰ ਹੋ ਸਕਦੇ ਹਨ।
ਬਦਲ ਗਿਆ ਸਭ ਕੁਝ! ਹਵਾਈ ਸਫ਼ਰ ਕਰਨ ਵਾਲੇ ਹੋ ਜਾਣ ਅਲਰਟ, ਜਾਣੋ ਨਵਾਂ ਨਿਯਮ
NEXT STORY