ਨਵੀਂ ਦਿੱਲੀ- ਜਨਤਕ ਖੇਤਰ ਦੀ ਕੰਪਨੀ ਭਾਰਤੀ ਰੇਲ ਵਿੱਤ ਨਿਗਮ (ਆਈ. ਆਰ. ਐੱਫ. ਸੀ.) ਨੇ ਚਾਲੂ ਵਿੱਤੀ ਸਾਲ ’ਚ ਕਾਰੋਬਾਰ ਦੇ ਵਿਸਤਾਰ ਲਈ ਬਾਹਰੀ ਵਪਾਰਕ ਉਧਾਰੀ (ਈ. ਸੀ. ਬੀ.) ਜ਼ਰੀਏ 2 ਅਰਬ ਡਾਲਰ ਇਕੱਠੇ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਮੁੱਖ ਰੂਪ ’ਚ ਜਾਪਾਨੀ ਯੇਨ ’ਚ ਇਹ ਧਨ ਇਕੱਠਾ ਕਰੇਗੀ।
ਇਹ ਈ. ਸੀ. ਬੀ. ਆਈ. ਆਰ. ਐੱਫ. ਸੀ. ਦੇ ਬੋਰਡ ਆਫ ਡਾਇਰੈਕਟਰ ਵੱਲੋਂ ਚਾਲੂ ਵਿੱਤੀ ਸਾਲ ਲਈ ਮਨਜ਼ੂਰ ਕੀਤੇ 70,000 ਕਰੋੜ ਰੁਪਏ ਦੇ ਸਰੋਤ ਇਕੱਠੇ ਕਰਨ ਦੇ ਪ੍ਰੋਗਰਾਮ ਦਾ ਹਿੱਸਾ ਹੈ।
ਆਈ. ਆਰ. ਐੱਫ. ਸੀ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮਨੋਜ ਕਮਾਰ ਦੂਬੇ ਨੇ ਦੱਸਿਆ ਕਿ ਕੰਪਨੀ ਨੇ ਬੈਂਕਾਂ ਦੇ ਇਕ ਸਮੂਹ ਨਾਲ 1.1 ਅਰਬ ਡਾਲਰ ਦੇ ਬਰਾਬਰ ਜਾਪਾਨੀ ਯੇਨ ’ਚ ਈ. ਸੀ. ਬੀ. ਕਰਜ਼ਾ ਇਕੱਠਾ ਕਰਨ ਲਈ ਸਮਝੌਤੇ ’ਤੇ ਦਸਤਖਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਦੀ ਮਜ਼ਬੂਤ ਪਾਈਪਲਾਈਨ ਨੂੰ ਦੇਖਦੇ ਹੋਏ ਜੂਨ ਤਿਮਾਹੀ ਦੇ ਅੰਦਰ ਹੀ ਧਨਰਾਸ਼ੀ ਦੀ ਵੰਡ ਸ਼ੁਰੂ ਹੋਣ ਦੀ ਉਮੀਦ ਹੈ। ਇਹ ਕਰਜ਼ਾ 5 ਸਾਲ ਦੀ ਮਿਆਦ ਲਈ ਲਿਆ ਗਿਆ ਹੈ ਅਤੇ ਇਸ ਨੂੰ ਟੋਕੀਓ ਓਵਰਨਾਈਟ ਐਵਰੇਜ ਰੇਟ (ਟੀ. ਓ. ਐੱਨ. ਏ. ਆਰ.) ਨਾਲ ਜੋੜਿਆ ਗਿਆ ਹੈ। ਇਸ ਕਰਜ਼ੇ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਰੇਲਵੇ ਖੇਤਰ ਨਾਲ ਜੁੜੇ ਜਾਂ ਈ. ਸੀ. ਬੀ. ਦਿਸ਼ਾ-ਨਿਰਦੇਸ਼ਾਂ ਤਹਿਤ ਪਾਲਣਾ ਵਾਲੇ ਹੋਰ ਪ੍ਰਾਜੈਕਟਾਂ ਦੀ ਫੰਡਿੰਗ ’ਚ ਕੀਤੀ ਜਾਵੇਗੀ। ਆਈ. ਆਰ. ਐੱਫ. ਸੀ. ਨੇ ਵਿੱਤੀ ਸਾਲ 2025-26 ’ਚ ਵੀ 2 ਵੱਖ-ਵੱਖ ਈ. ਸੀ. ਬੀ. ਸੌਦਿਆਂ ਜ਼ਰੀਏ 70 ਕਰੋੜ ਡਾਲਰ ਦੇ ਬਰਾਬਰ ਜਾਪਾਨੀ ਯੇਨ ’ਚ ਕਰਜ਼ਾ ਇਕੱਠਾ ਕੀਤਾ ਸੀ।
ਇਹ ਚਾਲੂ ਵਿੱਤੀ ਸਾਲ ਲਈ ਆਈ. ਆਰ. ਐੱਫ. ਸੀ. ਦਾ ਪਹਿਲਾ ਈ. ਸੀ. ਬੀ. ਹੋਵੇਗਾ। ਰੇਲ ਮੰਤਰਾਲਾ ਅਧੀਨ ਆਉਣ ਵਾਲੀ ਇਸ ਜਨਤਕ ਖੇਤਰ ਦੀ ਕੰਪਨੀ ਨੂੰ ਪਿਛਲੇ ਸਾਲ ‘ਨਵਰਤਨ’ ਦਾ ਦਰਜਾ ਮਿਲਿਆ ਸੀ। ਕੰਪਨੀ ਨੇ ਚਾਲੂ ਵਿੱਤੀ ਸਾਲ ’ਚ ਇਕ ਲੱਖ ਕਰੋੜ ਰੁਪਏ ਦੀ ਕਰਜ਼ਾ ਮਨਜ਼ੂਰੀ ਦਾ ਟੀਚਾ ਰੱਖਿਆ ਹੈ।
ਦੂਬੇ ਨੇ ਕਿਹਾ ਕਿ ਕੰਪਨੀ ਇਸ ਸਾਲ ਲੱਗਭਗ 40,000 ਕਰੋੜ ਰੁਪਏ ਦੇ ਕਰਜ਼ੇ ਦੀ ਵੰਡ ਦਾ ਟੀਚਾ ਲੈ ਕੇ ਚੱਲ ਰਹੀ ਹੈ ਕਿਉਂਕਿ ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਪਾਈਪਲਾਈਨ ਮਜ਼ਬੂਤ ਬਣੀ ਹੋਈ ਹੈ।
ਵਿੱਤੀ ਸਾਲ 2025-26 ’ਚ ਆਈ. ਆਰ. ਐੱਫ. ਸੀ. ਨੇ 72,949 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਅਤੇ ਲੱਗਭਗ 35,067 ਕਰੋੜ ਰੁਪਏ ਦੀ ਵੰਡ ਕੀਤੀ, ਜੋ ਉਸ ਦੇ ਸਾਲਾਨਾ ਅੰਦਾਜ਼ੇ ਤੋਂ ਵੱਧ ਰਹੀ। ਕੰਪਨੀ ਦੀ ਕੁੱਲ ਸੰਪਤੀ ਪ੍ਰਬੰਧਨ ਅਧੀਨ ਸੰਪਤੀਆਂ (ਏ. ਯੂ. ਐੱਮ.) ਵਧ ਕੇ ਰਿਕਾਰਡ 4.85 ਲੱਖ ਕਰੋੜ ਰੁਪਏ ’ਤੇ ਪਹੁੰਚ ਗਈਆਂ ਹਨ, ਜਦੋਂਕਿ ਇਸ ਦਾ ਨੈੱਟਵਰਥ 56,748 ਕਰੋੜ ਰੁਪਏ ਦੇ ਸਭ ਤੋਂ ਉੱਚ ਪੱਧਰ ’ਤੇ ਹੈ।
RBI ਨੇ ਜਾਰੀ ਕੀਤੀ June ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, ਜਾਣੋ ਕਦੋਂ ਬੰਦ ਰਹਿਣਗੇ ਬੈਂਕ
NEXT STORY