ਤੁਸੀਂ ਭਾਰਤ ਦੇ ਨਾਗਰਿਕ ਹੋ। ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ। ਤੁਸੀਂ ਪੰਜਾਬ, ਚੰਡੀਗੜ੍ਹ ਜਾਂ ਦੇਸ਼ ਦੇ ਕਿਸੇ ਵੀ ਰਾਜ ਵਿਚ ਉਸ ਪਤੇ ’ਤੇ ਰਹਿ ਰਹੇ ਹੋ ਜਿੱਥੇ ਐੱਸ. ਆਈ. ਆਰ. ਭਾਵ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸਮੀਖਿਆ ਚੱਲ ਰਹੀ ਹੈ। ਤੁਸੀਂ ਉੱਥੋਂ ਦੇ ਸਾਧਾਰਨ ਵਸਨੀਕ ਹੋ। ਕਾਨੂੰਨੀ ਤੌਰ ’ਤੇ ਤੁਹਾਨੂੰ ਉੱਥੇ ਵੋਟਰ ਵਜੋਂ ਦਰਜ ਹੋਣ ਦਾ ਪੂਰਾ ਹੱਕ ਹੈ ਪਰ ਜਦੋਂ ਬੀ. ਐੱਲ. ਓ. (ਬੂਥ ਲੈਵਲ ਅਫ਼ਸਰ) ਤੁਹਾਡੇ ਦਰਵਾਜ਼ੇ ’ਤੇ ਆਉਂਦਾ ਹੈ, ਤਾਂ ਉਸ ਕੋਲ ਤੁਹਾਡੇ ਲਈ ਕੋਈ ਭਰਿਆ ਹੋਇਆ ਫ਼ਾਰਮ ਨਹੀਂ ਹੁੰਦਾ। ਉਹ ਅੱਗੇ ਵਧ ਜਾਂਦਾ ਹੈ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬੀ. ਐੱਲ. ਓ. ਦਾ ਅਗਾਊਂ-ਭਰਿਆ ਫ਼ਾਰਮ ਸਿਰਫ ਉਨ੍ਹਾਂ ਲਈ ਹੁੰਦਾ ਹੈ ਜੋ ਪਹਿਲਾਂ ਤੋਂ ਉਸ ਪਤੇ ਦੀ ਵੋਟਰ ਸੂਚੀ ਵਿਚ ਦਰਜ ਹਨ। ਜੇ ਤੁਸੀਂ ਹਾਲ ਵਿਚ ਇੱਥੇ ਆਏ ਹੋ, ਤੁਹਾਡਾ ਨਾਂ ਪੁਰਾਣੇ ਪਤੇ ’ਤੇ ਦਰਜ ਹੈ, ਕਿਸੇ ਪੁਰਾਣੀ ਸਮੀਖਿਆ ਵਿਚ ਕੱਟਿਆ ਗਿਆ ਸੀ ਜਾਂ ਕਦੇ ਦਰਜ ਹੀ ਨਹੀਂ ਹੋਇਆ, ਬੀ. ਐੱਲ. ਓ. ਕੋਲ ਤੁਹਾਡੇ ਲਈ ਕੁਝ ਨਹੀਂ ਪਰ ਘਬਰਾਉਣ ਦੀ ਕੋਈ ਲੋੜ ਨਹੀਂ। ਤੁਸੀਂ ਹੁਣੇ ਆਪਣੇ ਮੋਬਾਈਲ ਤੋਂ ਆਨਲਾਈਨ ਅਰਜ਼ੀ ਦੇ ਸਕਦੇ ਹੋ। ਇਸ ਵਿਚ ਲਗਭਗ 15 ਮਿੰਟ ਲੱਗਦੇ ਹਨ।
ਹੇਠਾਂ ਦਿੱਤੀ ਕੋਈ ਵੀ ਸਥਿਤੀ ਜੇ ਤੁਹਾਡੇ ’ਤੇ ਲਾਗੂ ਹੁੰਦੀ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ :
-ਤੁਸੀਂ ਕਿਸੇ ਹੋਰ ਰਾਜ, ਜ਼ਿਲ੍ਹੇ ਜਾਂ ਵਿਧਾਨ ਸਭਾ ਹਲਕੇ ਤੋਂ ਇੱਥੇ ਸਥਾਈ ਤੌਰ ’ਤੇ ਆ ਵਸੇ ਹੋ ਪਰ ਤੁਹਾਡਾ ਵੋਟਰ ਪੰਜੀਕਰਨ ਅਜੇ ਵੀ ਪੁਰਾਣੇ ਪਤੇ ’ਤੇ ਹੈ।
-ਤੁਹਾਡਾ ਨਾਂ ਪਹਿਲਾਂ ਇੱਥੋਂ ਦੀ ਸੂਚੀ ਵਿਚ ਸੀ ਪਰ ਕਿਸੀ ਪਿਛਲੀ ਸਮੀਖਿਆ ਵਿਚ ਕੱਟਿਆ ਗਿਆ, ਸ਼ਾਇਦ ਕਿਸੇ ਗੁਆਂਢੀ ਨੇ ਦੱਸ ਦਿੱਤਾ ਕਿ ਤੁਸੀਂ ਚਲੇ ਗਏ ਹੋ।
-ਤੁਹਾਡੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਪਰ ਤੁਸੀਂ ਅਜੇ ਤੱਕ ਕਿਤੇ ਵੀ ਵੋਟਰ ਵਜੋਂ ਦਰਜ ਨਹੀਂ ਹੋਏ।
-ਤੁਸੀਂ ਵਿਆਹ ਤੋਂ ਬਾਅਦ ਨਵੇਂ ਘਰ ਵਿਚ ਆਈ ਹੋ ਅਤੇ ਤੁਹਾਡਾ ਨਾਂ ਅਜੇ ਮਾਪਿਆਂ ਦੇ ਪਤੇ ’ਤੇ ਦਰਜ ਹੈ।
-ਤੁਸੀਂ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਪਰ ਕਦੇ ਪੰਜੀਕਰਨ ਨਹੀਂ ਕਰਾਇਆ ਜਾਂ ਸੋਚਦੇ ਸੀ ਕਿ ਪੁਰਾਣੀ ਆਈ. ਡੀ. ਹਾਲੇ ਵੀ ਕੰਮ ਕਰਦੀ ਹੈ।
-ਤੁਸੀਂ ਮਜ਼ਦੂਰ, ਕੰਮਕਾਜੀ ਪੇਸ਼ੇਵਰ, ਵਿਦਿਆਰਥੀ ਜਾਂ ਸਰਕਾਰੀ ਕਰਮਚਾਰੀ ਹੋ, ਜੋ ਪੰਜਾਬ ਜਾਂ ਚੰਡੀਗੜ੍ਹ ਵਿਚ ਵੱਸ ਗਏ ਹੋ।
ਇਨ੍ਹਾਂ ਸਾਰੀਆਂ ਸਥਿਤੀਆਂ ’ਚ ਕਾਨੂੰਨ ਤੁਹਾਡੇ ਨਾਲ ਹੈ। ਲੋਕ-ਪ੍ਰਤੀਨਿਧਤਾ ਐਕਟ 1950 ਦੀ ਧਾਰਾ 19 ਅਨੁਸਾਰ ਸਿਰਫ 2 ਸ਼ਰਤਾਂ ਹਨ-ਭਾਰਤੀ ਨਾਗਰਿਕ ਹੋਣਾ ਅਤੇ ਉਸ ਹਲਕੇ ਦੇ ਸਾਧਾਰਨ ਵਸਨੀਕ ਹੋਣਾ ਜਿੱਥੇ ਦਰਜ ਹੋਣਾ ਚਾਹੁੰਦੇ ਹੋ। ਬਸ।
ਸ਼ੁਰੂ ਕਰਨ ਤੋਂ ਪਹਿਲਾਂ ਇਕ ਜ਼ਰੂਰੀ ਚਿਤਾਵਨੀ : ਜੇ ਤੁਹਾਡਾ ਨਾਂ ਪਹਿਲਾਂ ਤੋਂ ਕਿਤੇ ਹੋਰ ਵੋਟਰ ਸੂਚੀ ਵਿਚ ਦਰਜ ਹੈ, ਭਾਵੇਂ ਤੁਸੀਂ ਸਾਲਾਂ ਤੋਂ ਉੱਥੇ ਵੋਟ ਨਹੀਂ ਪਾਈ, ਤਾਂ ਫਾਰਮ 6 ਵਿਚ ਉਸ ਪੁਰਾਣੇ ਪੰਜੀਕਰਨ ਦੀ ਜਾਣਕਾਰੀ ਦੇਣਾ ਅਤੇ ਉਸ ਨੂੰ ਰੱਦ ਕਰਵਾਉਣਾ ਲਾਜ਼ਮੀ ਹੈ। ਲੋਕ-ਪ੍ਰਤੀਨਿਧਤਾ ਐਕਟ ਦੀ ਧਾਰਾ 17 ਅਨੁਸਾਰ 2 ਥਾਵਾਂ ’ਤੇ ਇਕੋ ਸਮੇਂ ਦਰਜ ਹੋਣਾ ਕਾਨੂੰਨੀ ਅਪਰਾਧ ਹੈ। ਪੁਰਾਣੀ ਐਂਟਰੀ ਆਪਣੇ-ਆਪ ਰੱਦ ਨਹੀਂ ਹੁੰਦੀ। ਫਾਰਮ 6 ਵਿਚ ਉਸ ਦਾ ਵਰਣਨ ਕਰਨ ਨਾਲ ਇਹ ਆਪਣੇ ਆਪ ਰੱਦ ਹੋ ਜਾਵੇਗੀ। ਇਹ ਕਾਲਮ ਕਦੇ ਨਾ ਛੱਡੋ।
ਅੰਤਿਮ ਸੂਚੀ ਵਿਚ ਆਪਣਾ ਨਾਂ ਜਾਂਚੋ
1 ਅਕਤੂਬਰ, 2026 ਤੋਂ ਬਾਅਦ voters.eci.gov.in ’ਤੇ ‘Search in Voter List’ ਵਿਚ ਆਪਣਾ ਨਾਂ ਖੋਜੋ। ਨਾਂ ਦਿਸਣ ’ਤੇ ਉਸੇ ਪੋਰਟਲ ਤੋਂ e-EPIC (ਡਿਜੀਟਲ ਵੋਟਰ ਪਛਾਣ ਪੱਤਰ) ਡਾਊਨਲੋਡ ਕਰੋ।
ਤਰੀਕਾਂ ਯਾਦ ਰੱਖੋ-ਪੰਜਾਬ ਅਤੇ ਚੰਡੀਗੜ੍ਹ
-ਬੀ. ਐੱਲ. ਓ. ਦੇ ਘਰ-ਘਰ ਦੌਰੇ ਸਮਾਪਤ- ਪੰਜਾਬ : 24 ਜੁਲਾਈ, 2026, ਚੰਡੀਗੜ੍ਹ : 14 ਜੁਲਾਈ, 2026.
-ਮੁੱਢਲੀ ਸੂਚੀ ਪ੍ਰਕਾਸ਼ਨ-ਪੰਜਾਬ : 31 ਜੁਲਾਈ, 2026, ਚੰਡੀਗੜ੍ਹ : 21 ਜੁਲਾਈ, 2026.
-ਦਾਅਵੇ ਅਤੇ ਇਤਰਾਜ਼ ਦੀ ਮਿਆਦ- ਪੰਜਾਬ : 31 ਜੁਲਾਈ ਤੋਂ 30 ਅਗਸਤ, 2026, ਚੰਡੀਗੜ੍ਹ : 21 ਜੁਲਾਈ ਤੋਂ 20 ਅਗਸਤ, 2026.
-ਅੰਤਿਮ ਸੂਚੀ ਪ੍ਰਕਾਸ਼ਨ-ਪੰਜਾਬ : 1 ਅਕਤੂਬਰ, 2026, ਚੰਡੀਗੜ੍ਹ : 22 ਸਤੰਬਰ, 2026.
ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ
-ਇਹ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ। ਕੋਈ ਫ਼ੀਸ ਨਹੀਂ, ਕੋਈ ਦਲਾਲ ਨਹੀਂ। ਜੇ ਕੋਈ ਪੈਸੇ ਮੰਗੇ ਤਾਂ ਉਹ ਧੋਖਾਧੜੀ ਕਰ ਰਿਹਾ ਹੈ।
-ਪੁਰਾਣਾ ਪੰਜੀਕਰਨ ਐਲਾਨ ਕਰੋ। ਇਹ ਆਪਣੇ ਆਪ ਰੱਦ ਨਹੀਂ ਹੁੰਦਾ। ਫਾਰਮ 6 ਵਿਚ ਦੱਸਣ ਨਾਲ ਹੀ ਰੱਦ ਹੋਵੇਗਾ।
-ਪੁਰਾਣੇ ਪਤੇ ਦੀ ਵੋਟਰ ਆਈ. ਡੀ. ਨਵੇਂ ਪੰਜੀਕਰਨ ਦਾ ਸਬੂਤ ਨਹੀਂ। ਸਿਰਫ voters.eci.gov.in ’ਤੇ ਨਵੀਂ ਸੂਚੀ ਵਿਚ ਨਾਂ ਹੀ ਅਸਲ ਸਬੂਤ ਹੈ।
ਕਿਸੇ ਵੀ ਮੁਸ਼ਕਲ ’ਚ Voter Helpline 1950 ’ਤੇ ਮੁਫ਼ਤ ਕਾਲ ਕਰੋ। ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ’ਚ ਮਦਦ ਮਿਲਦੀ ਹੈ।
ਬੀ. ਐੱਲ. ਓ. ਕੋਲ ਤੁਹਾਡੇ ਲਈ ਫ਼ਾਰਮ ਨਹੀਂ ਸੀ। ਤੁਸੀਂ ਬੀ. ਐੱਲ. ਓ. ਦੇ ਰਹਿਮੋ-ਕਰਮ ’ਤੇ ਨਹੀਂ ਹੋ, ਕਦੇ ਵੀ ਨਹੀਂ ਸੀ। ਤੁਹਾਡੀ ਵੋਟ ਤੁਹਾਡੇ ਆਪਣੇ ਹੱਥ ਵਿਚ ਹੈ-ਸੱਚਮੁੱਚ, ਤੁਹਾਡੀ ਜੇਬ ਵਿਚ ਰੱਖੇ ਮੋਬਾਈਲ ਦੀ ਸਕ੍ਰੀਨ ’ਤੇ। ਐੱਸ. ਆਈ. ਆਰ. ਤੋਂ ਡਰਨ ਦੀ ਕੋਈ ਲੋੜ ਨਹੀਂ। ਅੱਜ ਹੀ ਕਦਮ ਚੁੱਕੋ।
–ਕਰਨ ਬੀਰ ਸਿੰਘ ਸਿੱਧੂ
(ਲੇਖਕ 1984 ਬੈਚ ਦੇ ਪੰਜਾਬ ਕੈਡਰ ਦੇ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਹਨ, ਜੋ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ।)
ਮਾਨਸੂਨ ਦੀ ਤਬਾਹੀ : ਹਰ ਸਾਲ ਉਹੀ ਕਹਾਣੀ
NEXT STORY