ਨਵੀਂ ਦਿੱਲੀ-ਦੇਸ਼ 'ਚ ਸੰਗਠਿਤ ਖੇਤਰ ਦੇ ਕੁਝ ਹਿੱਸਿਆਂ 'ਚ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਰਫਤਾਰ ਵਧੀ ਹੈ। ਕਿਰਤ ਬਿਊਰੋ ਵੱਲੋਂ ਜਾਰੀ 7ਵੇਂ ਤਿਮਾਹੀ ਰੋਜ਼ਗਾਰ ਸਰਵੇਖਣ ਡਾਟਾ ਅਨੁਸਾਰ ਸਾਲ 2017 ਦੀ ਜੁਲਾਈ-ਸਤੰਬਰ ਤਿਮਾਹੀ 'ਚ 7 ਖੇਤਰਾਂ 'ਚ 1,36,000 ਨੌਕਰੀਆਂ ਪੈਦਾ ਹੋਈਆਂ ਯਾਨੀ ਇਸ ਦੌਰਾਨ ਇਨ੍ਹਾਂ ਖੇਤਰਾਂ ਵਿਚ ਨੌਕਰੀਆਂ ਦੀ ਬਹਾਰ ਆਈ ਹੈ। ਇਹ ਅੰਕੜਾ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਅਤੇ ਇਕ ਸਾਲ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਤੋਂ ਜ਼ਿਆਦਾ ਹੈ। ਇਹ ਅੰਕੜੇ 2013-14 ਦੇ ਆਰਥਕ ਅੰਕੜਿਆਂ 'ਤੇ ਆਧਾਰਿਤ ਹਨ ਤੇ ਇਨ੍ਹਾਂ 'ਚ ਸਾਲ 2014 ਤੋਂ ਬਾਅਦ ਬਣੀਆਂ ਫਰਮਾਂ ਸ਼ਾਮਲ ਨਹੀਂ ਹਨ। ਕਿਰਤ ਬਿਊਰੋ ਦੀ ਤਿਮਾਹੀ ਰਿਪੋਰਟ ਮੁਤਾਬਕ ਪਿਛਲੇ ਸਾਲ ਅਪ੍ਰੈਲ ਤੋਂ ਜੂਨ ਦੌਰਾਨ 64,000 ਨਵੇਂ ਰੋਜ਼ਗਾਰ ਪੈਦਾ ਹੋਏ ਸਨ, ਜਦੋਂ ਕਿ 2016 ਦੀ ਸਤੰਬਰ ਤਿਮਾਹੀ 'ਚ ਇਹ ਗਿਣਤੀ 32,000 ਸੀ।
ਬਿਊਰੋ 8 ਖੇਤਰਾਂ ਨਿਰਮਾਣ, ਉਸਾਰੀ, ਵਪਾਰ, ਟਰਾਂਸਪੋਰਟ, ਸਿੱਖਿਆ, ਸਿਹਤ, ਹੋਟਲ ਅਤੇ ਰੈਸਟੋਰੈਂਟ ਅਤੇ ਸੂਚਨਾ ਤਕਨੀਕੀ 'ਚ ਸੰਸਥਾਨ ਆਧਾਰਿਤ ਰੋਜ਼ਗਾਰ ਸਰਵੇਖਣ ਕਰਦਾ ਹੈ। ਇਸ 'ਚ ਦੇਸ਼ ਭਰ ਦੇ 81 ਫ਼ੀਸਦੀ ਅਜਿਹੀਆਂ ਸੰਸਥਾਵਾਂ ਸ਼ਾਮਲ ਹਨ, ਜਿੱਥੇ ਕਰਮਚਾਰੀਆਂ ਦੀ ਗਿਣਤੀ ਘੱਟ ਤੋਂ ਘੱਟ 10 ਹੈ। ਸਤੰਬਰ ਤਿਮਾਹੀ 'ਚ ਨਿਰਮਾਣ ਖੇਤਰ 'ਚ ਰੋਜ਼ਗਾਰ ਦੇ 89,000 ਮੌਕੇ ਪੈਦਾ ਹੋਏ, ਜਦੋਂ ਕਿ ਜੂਨ ਤਿਮਾਹੀ 'ਚ 87,000 ਨੌਕਰੀਆਂ ਚਲੀਆਂ ਗਈਆਂ ਸਨ। ਇਸ ਤੋਂ ਪਹਿਲਾਂ 2016 'ਚ ਸਤੰਬਰ ਤਿਮਾਹੀ 'ਚ 24,000 ਨੌਕਰੀਆਂ ਪੈਦਾ ਹੋਈਆਂ ਸਨ ਪਰ ਸਤੰਬਰ ਤਿਮਾਹੀ 'ਚ ਉਸਾਰੀ ਖੇਤਰ 'ਚ 22,000 ਨੌਕਰੀਆਂ ਚਲੀਆਂ ਗਈਆਂ, ਜਦੋਂ ਕਿ ਜੂਨ ਤਿਮਾਹੀ 'ਚ 10,000 ਨੌਕਰੀਆਂ ਦਾ ਸਿਰਜਣ ਹੋਇਆ ਸੀ। ਪਿਛਲੇ ਸਾਲ ਸਤੰਬਰ ਤਿਮਾਹੀ 'ਚ ਇਸ ਖੇਤਰ 'ਚ 1,000 ਨੌਕਰੀਆਂ ਚਲੀਆਂ ਗਈਆਂ ਸਨ। ਕਿਰਤ ਮੰਤਰਾਲਾ 'ਚ ਸੀਨੀਅਰ ਕਿਰਤ ਅਤੇ ਰੋਜ਼ਗਾਰ ਸਲਾਹਕਾਰ ਬੀ. ਐੱਨ. ਨੰਦਾ ਨੇ ਕਿਹਾ ਕਿ ਨਿਰਮਾਣ ਖੇਤਰ 'ਚ ਨਵੀਆਂ ਨੌਕਰੀਆਂ ਦੇ ਸਿਰਜਣ 'ਚ ਕਮੀ ਦੇ ਮੌਸਮੀ ਕਾਰਨ ਹਨ।
ਅੰਕੜਿਆਂ ਮੁਤਾਬਕ ਸਤੰਬਰ ਤਿਮਾਹੀ 'ਚ ਹੋਟਲ ਅਤੇ ਰੈਸਟੋਰੈਂਟ, ਸੂਚਨਾ ਤਕਨੀਕੀ ਅਤੇ ਬੀ. ਪੀ. ਓ. ਖੇਤਰ, ਸਿੱਖਿਆ ਅਤੇ ਸਿਹਤ ਖੇਤਰ 'ਚ ਵੀ ਰੋਜ਼ਗਾਰ ਸਿਰਜਣ 'ਚ ਕਮੀ ਆਈ। ਸਿੱਖਿਆ ਖੇਤਰ 'ਚ ਸਿਰਫ 21,000 ਨੌਕਰੀਆਂ ਪੈਦਾ ਹੋਈਆਂ, ਜਦੋਂ ਕਿ ਜੂਨ ਤਿਮਾਹੀ 'ਚ ਇਹ ਗਿਣਤੀ 99,000 ਸੀ। ਇਸੇ ਤਰ੍ਹਾਂ ਸਿਹਤ ਖੇਤਰ 'ਚ 11,000 ਨੌਕਰੀਆਂ ਪੈਦਾ ਹੋਈਆਂ।
ਚਾਹ ਵਾਲਾ, ਪਕੌੜੇ ਵਾਲਾ, ਸਾਰਿਆਂ ਦਾ ਹਿਸਾਬ ਕਰੇਗੀ ਸਰਕਾਰ
ਦੇਸ਼ 'ਚ ਨਵੀਆਂ ਨੌਕਰੀਆਂ ਜੁਟਾਉਣ ਦੀ ਗੁੰਜਾਇਸ਼ ਨੂੰ ਵਧਾਉਂਦਿਆਂ ਸਰਕਾਰ ਬਹੁਤ ਵੱਡੇ ਕਦਮ ਚੁੱਕਣ ਜਾ ਰਹੀ ਹੈ। ਮੋਦੀ ਸਰਕਾਰ ਨੇ ਤੈਅ ਕੀਤਾ ਹੈ ਕਿ ਹੁਣ ਗ਼ੈਰ-ਸੰਗਠਿਤ ਖੇਤਰ 'ਚ ਪੈਦਾ ਹੋਣ ਵਾਲੀਆਂ ਨੌਕਰੀਆਂ ਦੀ ਗਿਣਤੀ ਵੀ ਕੀਤੀ ਜਾਵੇ। ਸਰਕਾਰ ਨੇ ਕਿਰਤ ਬਿਊਰੋ ਨੂੰ ਕਿਹਾ ਕਿ ਉਹ ਅਜਿਹੀਆਂ ਦੁਕਾਨਾਂ ਅਤੇ ਹੋਰ ਕੰਮ-ਕਾਜਾਂ 'ਚ ਪੈਦਾ ਹੋਈਆਂ ਨੌਕਰੀਆਂ ਦੀ ਗਿਣਤੀ ਕਰੇ, ਜਿੱਥੇ 10 ਤੋਂ ਵੀ ਘੱਟ ਲੋਕ ਕੰਮ ਕਰਦੇ ਹਨ। ਕੁਲ ਮਿਲਾ ਕੇ ਇਸ ਦਾ ਮਤਲਬ ਇਹ ਹੋਵੇਗਾ ਕਿ ਪਕੌੜੇ ਵੇਚਣ ਵਾਲਿਆਂ ਤੋਂ ਲੈ ਕੇ ਚਾਹ ਵੇਚਣ ਵਾਲੇ ਤੱਕ ਦੀ ਗਿਣਤੀ ਹੋਵੇਗੀ। ਚਾਹੇ ਉਸ ਦੁਕਾਨ ਨੂੰ ਸਿਰਫ ਇਕ ਹੀ ਵਿਅਕਤੀ ਚਲਾ ਰਿਹਾ ਹੋਵੇ। ਸਰਕਾਰ ਦੀ ਇੱਛਾ ਇਹ ਹੈ ਕਿ ਜੇਕਰ ਕਿਸੇ ਨੇ ਸਮੋਸੇ ਵੇਚਣ ਦਾ ਕੰਮ ਵੀ ਸ਼ੁਰੂ ਕੀਤਾ ਹੈ ਤਾਂ ਉਸ ਨੂੰ ਰੋਜ਼ਗਾਰ ਦੀ ਗਿਣਤੀ 'ਚ ਪਾਇਆ ਜਾਵੇ। ਇਸ ਤਰ੍ਹਾਂ ਨਾਲ ਜੋ ਡਾਟਾ ਜੁਟਾਇਆ ਜਾਵੇਗਾ, ਉਸ ਨੂੰ ਇਸ ਸਾਲ ਦੇ ਅੰਤ ਜਾਂ ਫਿਰ 2019 ਦੀ ਪਹਿਲੀ ਛਿਮਾਹੀ 'ਚ ਜਾਰੀ ਕਰ ਦਿੱਤਾ ਜਾਵੇਗਾ।
ਨਿਯੁਕਤੀ ਯੋਜਨਾਵਾਂ 'ਚ ਭਾਰਤੀ ਕੰਪਨੀਆਂ 8ਵੇਂ ਸਥਾਨ 'ਤੇ
ਭਾਰਤੀ ਕੰਪਨੀਆਂ ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੌਰਾਨ ਆਪਣੇ ਇੱਥੇ ਨਿਯੁਕਤੀਆਂ ਦੀ ਸੰਭਾਵਨਾ ਦੇ ਸੰਦਰਭ 'ਚ ਕੌਮਾਂਤਰੀ ਪੱਧਰ 'ਤੇ ਸਭ ਤੋਂ ਆਸਵੰਦ ਕੰਪਨੀਆਂ 'ਚ 8ਵੇਂ ਸਥਾਨ 'ਤੇ ਹਨ। ਇਕ ਸਰਵੇਖਣ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਨੁੱਖੀ ਸੰਸਾਧਨ ਕੰਪਨੀ ਮੈਨਪਾਵਰ ਗਰੁੱਪ ਦੇ ਇਕ ਸਰਵੇਖਣ ਅਨੁਸਾਰ ਕ੍ਰੋਏਸ਼ੀਆ ਇਸ ਸੂਚੀ 'ਚ ਸਿਖਰ 'ਤੇ ਰਿਹਾ ਹੈ। ਇਸ ਸਰਵੇ ਅਨੁਸਾਰ ਭਾਰਤ 'ਚ 16 ਫ਼ੀਸਦੀ ਕੰਪਨੀਆਂ ਨੇ ਕਿਹਾ ਕਿ ਉਹ ਅਗਲੀ ਤਿਮਾਹੀ 'ਚ ਨਵੀਂ ਨਿਯੁਕਤੀਆਂ ਕਰ ਸਕਦੀਆਂ ਹਨ।
ਇਸ ਸਰਵੇਖਣ ਲਈ 43 ਦੇਸ਼ਾਂ ਦੀਆਂ 58,000 ਕੰਪਨੀਆਂ ਨਾਲ ਗੱਲਬਾਤ ਕੀਤੀ ਗਈ। ਕ੍ਰੋਏਸ਼ੀਆ ਨੂੰ ਇਸ 'ਚ ਪਹਿਲੀ ਵਾਰ ਸ਼ਾਮਲ ਕੀਤਾ ਗਿਆ। ਮੈਨਪਾਵਰ ਗਰੁੱਪ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਏ. ਜੀ. ਰਾਓ ਨੇ ਕਿਹਾ, ''ਭਾਰਤ 'ਚ ਨੌਕਰੀ ਤਲਾਸ਼ ਰਹੇ ਲੋਕਾਂ ਨੂੰ ਅਪ੍ਰੈਲ-ਜੂਨ ਦੌਰਾਨ ਹਾਂ-ਪੱਖੀ ਕਿਰਤ ਬਾਜ਼ਾਰ ਦਾ ਫਾਇਦਾ ਮਿਲਣ ਦਾ ਅਨੁਮਾਨ ਹੈ। ਆਉਣ ਵਾਲੇ ਸਮੇਂ 'ਚ ਤਕਨੀਕ ਕਿਰਤ ਬਾਜ਼ਾਰ ਦੀ ਰੂਪ-ਰੇਖਾ ਨੂੰ ਬਦਲ ਦੇਵੇਗੀ ਅਤੇ ਲੋਕਾਂ ਨੂੰ ਨੌਕਰੀ 'ਚ ਬਣੇ ਰਹਿਣ ਲਈ ਨਵੇਂ ਕੌਸ਼ਲ ਅਪਣਾਉਣ ਦੀ ਜ਼ਰੂਰਤ ਹੋਵੇਗੀ।''
2025 ਤੱਕ 1000 ਅਰਬ ਡਾਲਰ ਦਾ ਹੋਵੇਗਾ ਸਾਲਾਨਾ ਡਿਜੀਟਲ ਭੁਗਤਾਨ
NEXT STORY