ਦਿੱਲੀ ਦੇ ਭਾਰਤ ਮੰਡਪਮ ’ਚ ਪਹਿਲੀ ‘ਇੰਡੀਆ ਏ. ਆਈ. ਇੰਪੈਕਟ ਸਮਿਟ’ ਆਯੋਜਿਤ ਕਰਨ ਦਾ ਭਾਰਤ ਦਾ ਫੈਸਲਾ ਸਿਰਫ ਇਕ ਤਕਨੀਕੀ ਜਾਂ ਕੂਟਨੀਤਿਕ ਨਹੀਂ ਸਗੋਂ ਇਕ ਡੂੰਘੇ ਬਦਲਾਅ ਦਾ ਸੰਕੇਤ ਹੈ। ਇਹ ਬਦਲਾਅ ਇਸ ਗੱਲ ਨਾਲ ਜੁੜਿਆ ਹੈ ਕਿ ਆਉਣ ਵਾਲੇ ਸਮੇਂ ’ਚ ਕੰਮ ਕਿਵੇਂ ਹੋਵੇਗਾ, ਨੌਕਰੀਆਂ ਕਿਵੇਂ ਮਿਲਣਗੀਆਂ, ਲੋਕ ਆਪਣੇ ਕਰੀਅਰ ਨੂੰ ਕਿਵੇਂ ਅੱਗੇ ਵਧਾਉਣਗੇ। ਅੱਜ ਆਮ ਧਾਰਨਾ ਇਹ ਬਣ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਲੋਕਾਂ ਦੀਆਂ ਨੌਕਰੀਆਂ ਖੋਹ ਲਵੇਗੀ ਪਰ ਸੱਚਾਈ ਇਸ ਤੋਂ ਕਿਤੇ ਵੱਖ ਹੈ। ਏ. ਆਈ. ਕੰਮ ਨੂੰ ਖਤਮ ਨਹੀਂ ਕਰ ਰਹੀ, ਸਗੋਂ ਪੁਰਾਣੇ ਹੋ ਚੁੱਕੇ ਰੋਜ਼ਗਾਰ ਦੇ ਤਰੀਕਿਆਂ ਨੂੰ ਬਦਲ ਰਹੀ ਹੈ ਅਤੇ ਲੋਕਾਂ ਨੂੰ ਨਵੇਂ ਹੁਨਰ ਸਿੱਖਣ ਲਈ ਪ੍ਰੇਰਿਤ ਕਰ ਰਹੀ ਹੈ।
ਅਸਲ ’ਚ ਸਮੱਸਿਆ ਨੌਕਰੀਆਂ ਦੇ ਖਤਮ ਹੋਣ ਦੀ ਨਹੀਂ ਹੈ ਸਗੋਂ ਉਹ ਪੁਰਾਣੇ ਰਸਤੇ ਟੁੱਟਣ ਦੀ ਹੈ, ਜਿਨ੍ਹਾਂ ਜ਼ਰੀਏ ਲੋਕ ਨੌਕਰੀਆਂ ਹਾਸਲ ਕਰਦੇ ਸਨ। ਲੰਬੇ ਸਮੇਂ ਤੋਂ ਇਕ ਤੈਅ ਪ੍ਰੋਗਰਾਮ ਚੱਲਦਾ ਆ ਰਿਹਾ ਹੈ ਕਿ ਸਕੂਲ ਦੀ ਪੜ੍ਹਾਈ, ਕਾਲਜ ਦੀ ਡਿਗਰੀ ਅਤੇ ਉਸ ਤੋਂ ਬਾਅਦ ਸ਼ੁਰੂਆਤੀ ਨੌਕਰੀ ਅਤੇ ਹੌਲੀ-ਹੌਲੀ ਤਜਰਬੇ ਦੇ ਆਧਾਰ ’ਤੇ ਤਰੱਕੀ। ਇਹ ਮਾਡਲ ਦਹਾਕਿਆਂ ਤੱਕ ਕੰਮ ਕਰਦਾ ਰਿਹਾ ਅਤੇ ਇਸ ਨਾਲ ਲੋਕਾਂ ਨੂੰ ਸਥਿਰਤਾ ਮਿਲੀ ਪਰ ਏ. ਆਈ. ਇਸ ਪੂਰੇ ਢਾਂਚੇ ਨੂੰ ਬਦਲ ਰਹੀ ਹੈ।
ਏ. ਆਈ. ਖਾਸ ਤੌਰ ’ਤੇ ਉਨ੍ਹਾਂ ਕੰਮਾਂ ਨੂੰ ਬੜੀ ਤੇਜ਼ੀ ਨਾਲ ਅਤੇ ਸਟੀਕ ਢੰਗ ਨਾਲ ਕਰ ਸਕਦੀ ਹੈ ਜੋ ਵਾਰ-ਵਾਰ ਦੁਹਰਾਏ ਜਾਂਦੇ ਹਨ ਅਤੇ ਜਿਨ੍ਹਾਂ ’ਚ ਜ਼ਿਆਦਾ ਰਚਨਾਤਮਕ ਸੋਚ ਦੀ ਲੋੜ ਨਹੀਂ ਹੈ। ਜਿਵੇਂ ਰਿਪੋਰਟ ਬਣਾਉਣਾ, ਡਾਟਾ ਦਾ ਵਿਸ਼ਲੇਸ਼ਣ ਕਰਨਾ, ਆਮ ਕੋਡ ਲਿਖਣਾ, ਗਾਹਕ ਸੇਵਾ ਦੇ ਸਵਾਲਾਂ ਦੇ ਜਵਾਬ ਦੇਣਾ ਜਾਂ ਦਸਤਾਵੇਜ਼ਾਂ ਨੂੰ ਵਿਵਸਥਿਤ ਕਰਨਾ। ਪਹਿਲਾਂ ਇਨ੍ਹਾਂ ਕੰਮਾਂ ਲਈ ਵੱਡੀ ਗਿਣਤੀ ’ਚ ਜੂਨੀਅਰ ਕਰਮਚਾਰੀਆਂ ਦੀ ਲੋੜ ਹੁੰਦੀ ਸੀ। ਹੁਣ ਉਹੀ ਕੰਮ ਏ. ਆਈ. ਕੁਝ ਹੀ ਮਿੰਟਾਂ ’ਚ ਕਰ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੰਮ ਖਤਮ ਹੋ ਗਿਆ ਸਗੋਂ ਇਸ ਦਾ ਮਤਲਬ ਇਹ ਹੈ ਕਿ ਕੰਮ ਦੀ ਕਿਸਮ ਤੇਜ਼ੀ ਨਾਲ ਬਦਲ ਰਹੀ ਹੈ।
ਇਤਿਹਾਸ ਗਵਾਹ ਹੈ ਕਿ ਹਰ ਨਵੀਂ ਤਕਨੀਕ ਨੇ ਪੁਰਾਣੇ ਕੰਮਾਂ ਨੂੰ ਬਦਲ ਲਿਆ ਅਤੇ ਨਾਲ ਹੀ ਨਵੇਂ ਮੌਕੇ ਵੀ ਪੈਦਾ ਕੀਤੇ ਹਨ। ਜਦੋਂ ਮਸ਼ੀਨਾਂ ਆਈਆਂ ਤਾਂ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀ ਲੋੜ ਘੱਟ ਹੋਈ ਪਰ ਇੰਜੀਨੀਅਰ, ਮਸ਼ੀਨ ਆਪ੍ਰੇਟਰ ਅਤੇ ਮੈਨੇਜਰ ਵਰਗੇ ਨਵੇਂ ਪੇਸ਼ੇ ਸਾਹਮਣੇ ਆਏ। 1990 ਦੇ ਦਹਾਕੇ ’ਚ ਕੰਪਿਊਟਰ ਆਏ ਤਾਂ ਟਾਈਪਿਸਟ ਅਤੇ ਕਲਰਕ ਦੀ ਦੌੜ ਘੱਟ ਨਹੀਂ ਹੋਈ ਸਗੋਂ ਉਹ ਵੀ ਕੰਪਿਊਟਰ ਸਿੱਖ ਕੇ ਕੰਮ ’ਚ ਤੇਜ਼ੀ ਲਿਆਏ। ਇਸ ਦੇ ਨਾਲ ਹੀ ਸਾਫਟਵੇਅਰ ਇੰਜੀਨੀਅਰ, ਡਿਜੀਟਲ ਮਾਰਕੀਟਿੰਗ ਮਾਹਿਰ ਅਤੇ ਡੈਟਾ ਵਿਸ਼ਲੇਸ਼ਕ ਵਰਗੇ ਨਵੇਂ ਪੇਸ਼ੇ ਪੈਦਾ ਹੋਏ। ਅੱਜ ਏ. ਆਈ. ਉਸੇ ਪ੍ਰਕਿਰਿਆ ਦਾ ਅਗਲਾ ਪੜਾਅ ਹੈ।
ਏ. ਆਈ. ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇਨਸਾਨਾਂ ਦੀ ਜਗ੍ਹਾ ਲੈਣ ਦੀ ਬਜਾਏ ਉਨ੍ਹਾਂ ਦੀ ਸਮਰੱਥਾ ਵਧਾਉਂਦੀ ਹੈ। ਏ. ਆਈ. ਜਾਣਕਾਰੀ ਦੇ ਸਕਦੀ ਹੈ ਅਤੇ ਕਈ ਕੰਮਾਂ ਨੂੰ ਆਸਾਨ ਬਣਾ ਸਕਦੀ ਹੈ, ਪਰ ਆਖਰੀ ਫੈਸਲਾ ਲੈਣਾ, ਸਹੀ ਦਿਸ਼ਾ ਤੈਅ ਕਰਨਾ ਅਤੇ ਗੁੰਝਲਦਾਰ ਸਮੱਸਿਆਵਾਂ ਨੂੰ ਸਮਝਣਾ ਅਜੇ ਵੀ ਇਨਸਾਨਾਂ ਦੀ ਜ਼ਿੰਮੇਵਾਰੀ ਹੈ। ਉਦਾਹਰਣ ਵਜੋਂ ਏ. ਆਈ. ਕੋਡ ਲਿਖ ਸਕਦੀ ਹੈ ਪਰ ਇਹ ਤੈਅ ਕਰਨਾ ਕਿ ਉਸ ਕੋਡ ਦੀ ਵਰਤੋਂ ਕਿਵੇਂ ਹੋਵੇਗੀ ਅਤੇ ਉਹ ਕਿਸੇ ਕੰਪਨੀ ਜਾਂ ਸਮਾਜ ਲਈ ਕਿੰਨਾ ਉਪਯੋਗੀ ਹੋਵੇਗਾ, ਇਹ ਇਨਸਾਨ ਹੀ ਤੈਅ ਕਰਦਾ ਹੈ। ਇਸੇ ਤਰ੍ਹਾਂ ਏ. ਆਈ. ਡਾਕਟਰ ਦੀ ਮਦਦ ਕਰ ਸਕਦੀ ਹੈ, ਪਰ ਮਰੀਜ਼ ਦੇ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ ਦੀ ਬੀਮਾਰੀ ਅਤੇ ਭਾਵਨਾਵਾਂ ਨੂੰ ਡਾਕਟਰ ਹੀ ਸਮਝ ਸਕਦਾ ਹੈ।
ਇਸ ਬਦਲਾਅ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਹੈ ਕਿ ਹੁਣ ਸਿਰਫ ਡਿਗਰੀਧਾਰੀ ਹੋਣਾ ਕਾਫੀ ਨਹੀਂ ਹੋਵੇਗਾ। ਹੁਣ ਸਭ ਤੋਂ ਜ਼ਰੂਰੀ ਹੈ ਲਗਾਤਾਰ ਨਵੇਂ ਹੁਨਰ ਸਿੱਖਣਾ। ਪਹਿਲਾਂ ਲੋਕ ਇਕ ਵਾਰ ਪੜ੍ਹਾਈ ਪੂਰੀ ਕਰਕੇ ਕਈ ਦਹਾਕਿਆਂ ਤੱਕ ਉਸੇ ਗਿਆਨ ਦੇ ਆਧਾਰ ’ਤੇ ਕੰਮ ਕਰਦੇ ਸਨ ਪਰ ਹੁਣ ਤਕਨੀਕ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਲੋਕਾਂ ਨੂੰ ਸਮੇਂ-ਸਮੇਂ ’ਤੇ ਨਵੇਂ ਹੁਨਰ ਭਾਵ ਰੀਸਾਈਕਲਿੰਗ ਦੀ ਲੋੜ ਹੈ। ਇਸ ’ਚ ਸੋਚਣ ਦੀ ਸਮਰੱਥਾ, ਸਮੱਸਿਆ ਸੁਲਝਾਉਣ ਦੀ ਯੋਗਤਾ, ਰਚਨਾਤਮਕਤਾ ਅਤੇ ਨਵੇਂ ਹਾਲਾਤ ਦੇ ਅਨੁਸਾਰ ਖੁਦ ਨੂੰ ਢਾਲਣ ਦੀ ਸਮਰੱਥਾ ਵਿਕਸਤ ਕਰਨ ਦੀ ਲੋੜ ਹੈ।
ਭਾਰਤ ਲਈ ਇਹ ਬਦਲਾਅ ਇਕ ਵੱਡੀ ਚੁਣੌਤੀ ਹੋਣ ਦੇ ਨਾਲ-ਨਾਲ ਇਕ ਵੱਡਾ ਮੌਕਾ ਵੀ ਹੈ। ਭਾਰਤ ਦੀ ਨੌਜਵਾਨ ਆਬਾਦੀ, ਮਜ਼ਬੂਤ ਡਿਜੀਟਲ ਢਾਂਚਾ ਅਤੇ ਤੇਜ਼ੀ ਨਾਲ ਵਧ ਰਹੀ ਤਕਨੀਕੀ ਸਮਰੱਥਾ ਇਸ ਨੂੰ ਏ. ਆਈ. ਯੁੱਗ ’ਚ ਮੋਹਰੀ ਬਣਾ ਸਕਦੀ ਹੈ। ਭਾਰਤ ਨੇ ਪਹਿਲਾਂ ਹੀ ਡਿਜੀਟਲ ਪਛਾਣ, ਡਿਜੀਟਲ ਭੁਗਤਾਨ ਅਤੇ ਆਨਲਾਈਨ ਸੇਵਾਵਾਂ ਦੇ ਖੇਤਰ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਹੁਣ ਏ. ਆਈ. ਸਿੱਖਿਆ, ਸਿਹਤ, ਖੇਤੀਬਾੜੀ ਅਤੇ ਸ਼ਾਸਨ ਵਰਗੇ ਖੇਤਰਾਂ ’ਚ ਸੁਧਾਰ ਲਿਆ ਸਕਦੀ ਹੈ
ਪਰ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਭਾਰਤ ਆਪਣੇ ਨੌਜਵਾਨਾਂ ਨੂੰ ਨਵੇਂ ਹੁਨਰ ਸਿਖਾਉਣ ’ਤੇ ਧਿਆਨ ਦੇਵੇ। ਜੇਕਰ ਭਾਰਤ ਆਪਣੇ ਨੌਜਵਾਨਾਂ ਨੂੰ ਏ. ਆਈ. ਦੇ ਨਾਲ ਕੰਮ ਕਰਨ ਲਈ ਤਿਆਰ ਕਰ ਲੈਂਦਾ ਹੈ, ਤਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਏ. ਆਈ.-ਸਮਰੱਥ ਰਾਸ਼ਟਰ ਬਣ ਸਕਦਾ ਹੈ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਸਮਾਜ ’ਚ ਅਸਮਾਨਤਾ ਵਧ ਸਕਦੀ ਹੈ, ਜਿੱਥੇ ਕੁਝ ਲੋਕ ਅੱਗੇ ਵਧਣਗੇ ਅਤੇ ਬਾਕੀ ਪਿੱਛੇ ਰਹਿ ਜਾਣਗੇ।
ਏ. ਆਈ. ਕਾਰਨ ਰੋਜ਼ਗਾਰ ਦਾ ਸਰੂਪ ਵੀ ਬਦਲ ਰਿਹਾ ਹੈ। ਹੁਣ ਲੋਕ ਸਿਰਫ ਨੌਕਰੀ ’ਤੇ ਹੀ ਨਿਰਭਰ ਨਹੀਂ ਰਹਿਣਗੇ, ਸਗੋਂ ਕਈ ਪ੍ਰਕਾਰ ਦੇ ਹੁਨਰ ਵਿਕਸਿਤ ਕਰਕੇ ਵੱਖ-ਵੱਖ ਖੇਤਰਾਂ ’ਚ ਕੰਮ ਕਰਨਗੇ। ਇਕ ਵਿਅਕਤੀ ਇਕੋ ਸਮੇਂ ਕਈ ਭੂਮਿਕਾਵਾਂ ਨਿਭਾਅ ਸਕਦਾ ਹੈ ਕਿਉਂਕਿ ਏ. ਆਈ. ਉਨ੍ਹਾਂ ਨੂੰ ਵਧੇਰੇ ਉਤਪਾਦਕ ਬਣਾਏਗੀ ਅਤੇ ਨਵੇਂ ਮੌਕੇ ਪ੍ਰਦਾਨ ਕਰੇਗੀ। ‘ਇੰਡੀਆ ਏ. ਆਈ. ਇੰਪੈਕਟ ਸਮਿਟ’ ’ਚ 30 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਨਾਲ ਭਾਰਤ ਇਸ ਬਦਲਾਅ ’ਚ ਅੱਗੇ ਵਧ ਕੇ ਲੀਡਰਸ਼ਿਪ ਦੀ ਭੂਮਿਕਾ ਨਿਭਾਅ ਰਿਹਾ ਹੈ। ਇਹ ਸਮਿਟ ਸਿਰਫ਼ ਤਕਨੀਕ ਬਾਰੇ ਨਹੀਂ ਹੈ, ਸਗੋਂ ਇਹ ਯਕੀਨੀ ਕਰਨ ਬਾਰੇ ਹੈ ਕਿ ਏ. ਆਈ. ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚੇ। ਸੱਚਾਈ ਇਹ ਹੈ ਕਿ ਏ. ਆਈ. ਕੰਮ ਦਾ ਅੰਤ ਨਹੀਂ ਹੈ, ਸਗੋਂ ਹੁਨਰਮੰਦ ਯੁੱਗ ਦੀ ਸ਼ੁਰੂਆਤ ਹੈ।
ਦਿਨੇਸ਼ ਸੂਦ
‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ ਕਰਦੇ ਟਰੰਪ!
NEXT STORY