ਨਵੀਂ ਦਿੱਲੀ— ਪੈਨ ਨੰਬਰ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਹੁਣ ਵੀ ਇਹ ਕੰਮ ਪੂਰਾ ਨਹੀਂ ਕਰ ਸਕੇ ਤਾਂ ਰਿਟਰਨ ਭਰਨ ਅਤੇ ਰਿਫੰਡ ਲੈਣ 'ਚ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਸਰਕਾਰ ਨੇ ਬੈਂਕ ਖਾਤੇ, ਮੋਬਾਇਲ ਨੰਬਰ, ਪੈਨ ਆਦਿ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਕੀਤਾ ਹੈ। ਸੁਪੀਰਮ ਕੋਰਟ ਨੇ ਮਾਰਚ 'ਚ ਆਧਾਰ ਨੂੰ ਵੱਖ-ਵੱਖ ਸੇਵਾਵਾਂ ਨਾਲ ਜੋੜਨ ਦੀ ਤਰੀਕ 31 ਮਾਰਚ ਤੋਂ ਵਧਾਉਣ ਦਾ ਹੁਕਮ ਦਿੱਤਾ ਸੀ। ਉਦੋਂ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਪੈਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਰੀਕ ਵਧਾ ਕੇ 30 ਜੂਨ 2018 ਕਰਨ ਦਾ ਫੈਸਲਾ ਕੀਤਾ ਸੀ। ਪੈਨ-ਆਧਾਰ ਲਿੰਕ ਕਰਨ ਦੀ ਤਰੀਕ ਚਾਰ ਵਾਰ ਵਧਾਈ ਜਾ ਚੁੱਕੀ ਹੈ। ਪਹਿਲੀ ਵਾਰ 31 ਜੁਲਾਈ 2017, ਦੂਜੀ ਵਾਰ 31 ਅਗਸਤ 2017, ਤੀਜੀ ਵਾਰ 31 ਦਸੰਬਰ 2017 ਅਤੇ ਚੌਥੀ ਵਾਰ 30 ਜੂਨ 2018 ਦੀ ਤਰੀਕ ਨਿਰਧਾਰਤ ਕੀਤੀ ਗਈ। ਫਿਲਹਾਲ ਤਰੀਕ ਹੋਰ ਅੱਗੇ ਵਧੇਗੀ ਜਾਂ ਨਹੀਂ ਇਸ ਬਾਰੇ ਸਰਕਾਰ ਨੇ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।
ਕੀ ਹੈ ਪੈਨ ਕਾਰਡ?
ਪੈਨ ਕਾਰਡ ਕਿਸੇ ਵੀ ਬੈਂਕ 'ਚ ਖਾਤਾ ਖੋਲ੍ਹਣ, ਪੈਸੇ ਕਢਵਾਉਣ ਜਾਂ ਜਮ੍ਹਾ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਲਈ ਇਕ ਜ਼ਰੂਰੀ ਪਛਾਣ ਕਾਰਡ ਹੈ। ਸ਼ਹਿਰ ਜਾਂ ਸੂਬਾ ਬਦਲਣ 'ਤੇ ਇਸ 'ਚ ਕੋਈ ਤਬਦੀਲੀ ਨਹੀਂ ਹੁੰਦੀ ਹੈ। ਪੈਨ ਕਾਰਡ ਨੂੰ ਸਥਾਈ ਖਾਤਾ ਨੰਬਰ ਯਾਨੀ ਪਰਮਾਨੈਂਟ ਅਕਾਊਂਟ ਨੰਬਰ ਕਿਹਾ ਜਾਂਦਾ ਹੈ, ਜੋ ਕਿ 50 ਹਜ਼ਾਰ ਰੁਪਏ ਤੋਂ ਉਪਰ ਦੇ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ। ਪੈਨ ਕਾਰਡ 'ਚ 10 ਅੰਕਾਂ ਦਾ ਨੰਬਰ ਹੁੰਦਾ ਹੈ ਜੋ ਕਿ ਆਮਦਨ ਟੈਕਸ ਵਿਭਾਗ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ, ਇਹ ਕੰਮ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਅਧੀਨ ਆਉਂਦਾ ਹੈ। ਇਸ ਜ਼ਰੀਏ ਤੁਹਾਡੇ ਵੱਲੋਂ ਕੀਤੇ ਕਿਸੇ ਵੀ ਲੈਣ-ਦੇਣ ਦੀ ਜਾਣਕਾਰੀ ਸਰਕਾਰ ਤਕ ਪਹੁੰਚਦੀ ਹੈ।
ਇੰਝ ਕਰ ਸਕਦੇ ਹੋ ਪੈਨ-ਆਧਾਰ ਲਿੰਕ :
ਪੈਨ ਨੰਬਰ ਨੂੰ ਤੁਸੀਂ ਆਧਾਰ ਨਾਲ ਆਸਾਨੀ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ 'ਲਿੰਕ ਆਧਾਰ' ਲਿਖਿਆ ਦਿਸੇਗਾ। 'ਲਿੰਕ ਆਧਾਰ' 'ਤੇ ਕਲਿੱਕ ਕਰਨ 'ਤੇ ਜੋ ਪੇਜ ਖੁੱਲ੍ਹੇਗਾ ਉਸ 'ਚ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਅਤੇ ਨਾਮ ਭਰਨਾ ਹੋਵੇਗਾ। ਫਿਰ ਸਾਹਮਣੇ ਦਿੱਤੀ ਗਈ ਜਾਣਕਾਰੀ ਪੜ੍ਹ ਕੇ ਸਬਮਿਟ ਬਟਨ ਦੱਬ ਦਿਓ ਤੁਹਾਡਾ ਪੈਨ ਨਾਲ ਆਧਾਰ ਨੰਬਰ ਲਿੰਕ ਹੋ ਜਾਵੇਗਾ।
ਖੁੱਲ੍ਹਣਗੇ ਨਵੇਂ 1500 ਜਨਔਸ਼ਧੀ ਕੇਂਦਰ, ਸਰਕਾਰ ਦੇਵੇਗੀ ਇਨਸੈਂਟਿਵ, ਹੋ ਸਕਦੀ ਹੈ 25 ਹਜ਼ਾਰ ਦੀ ਕਮਾਈ
NEXT STORY