ਮੁੰਬਈ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਘੱਟ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਬਾਜ਼ਾਰ ਨਿਵੇਸ਼ਕ ਵੀ ਹੁਣ ਉਨ੍ਹਾਂ ਸਟਾਕਸ ਜਾਂ ਸ਼ੇਅਰਾਂ 'ਤੇ ਦਾਅ ਲਾ ਰਹੇ ਹਨ, ਜਿਨ੍ਹਾਂ ਨੂੰ ਸੂਬਿਆਂ ਵਿਚ ਆਵਾਜਾਈ ਪਾਬੰਦੀਆਂ ਖੁੱਲ੍ਹਣ ਨਾਲ ਫਾਇਦਾ ਹੋਣ ਦੀ ਸੰਭਾਵਨਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਪੜਾਅਵਾਰ ਢੰਗ ਨਾਲ ਪਾਬੰਦੀਆਂ ਹਟਾਉਣਾ ਸ਼ੁਰੂ ਕਰ ਸਕਦਾ ਹੈ, ਜੋ ਫਾਈਨੈਂਸ਼ਲ ਹੱਬ ਮੁੰਬਈ ਦੀ ਰਾਜਧਾਨੀ ਨਾਲ ਇਕ ਪ੍ਰਮੁੱਖ ਸੂਬਾ ਹੈ। ਇਸ ਨਾਲ ਨਾ ਸਿਰਫ਼ ਹਵਾਬਾਜ਼ੀ, ਹੋਟਲ ਅਤੇ ਮਲਟੀਪਲੈਕਸਾਂ ਸਗੋਂ ਸ਼ਹਿਰ ਦੇ ਗੈਸ ਵਿਤਰਕ ਅਤੇ ਸ਼ਰਾਬ ਨਿਰਮਾਤਾ ਨੂੰ ਵੀ ਪਾਬੰਦੀਆਂ ਹਟਣ ਦੇ ਲਾਭਪਾਤਰਾਂ ਵਜੋਂ ਵੇਖਿਆ ਜਾ ਰਿਹਾ ਹੈ।
ਵਿਸ਼ਲੇਸ਼ਕਾਂ ਮੁਤਾਬਕ, ਇਸ ਨਾਲ ਪੰਜ ਸ਼ੇਅਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਯੂਨਾਈਟਡ ਸਪਿਰਿਟਸ, ਇੰਦਰਪ੍ਰਸਥ ਗੈਸ, ਮਹਾਨਗਰ ਗੈਸ, ਆਦਿੱਤਿਆ ਬਿਰਲਾ ਫੇਸ਼ਨ ਐਂਡ ਰਿਟੇਲ ਅਤੇ ਇਟਰਗਲੋਬ ਏਵੀਏਸ਼ਨ ਸ਼ਾਮਲ ਹਨ।
ਯੂਨਾਈਟਡ ਸਪਿਰਿਟਸ
ਮੋਤੀ ਲਾਲ ਓਸਵਾਲ ਵਿਚ ਰਿਸਰਚ ਮੁਖੀ (ਰਿਟੇਲ) ਸਿਧਾਰਥ ਖੇਮਕਾ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਾਫ਼ੀ ਹਾਂ-ਪੱਖੀ ਹਨ ਕਿਉਂਕਿ ਤਾਲਾਬੰਦੀ ਹਟਣ ਪਿੱਛੋਂ ਇਸ ਦੀ ਆਮਦਨ ਵਿਚ ਮਜਬੂਤ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਯੂਨਾਈਟਿਡ ਸਪਿਰਿਟਸ ਨੂੰ 685 ਰੁਪਏ ਦੇ ਟਾਰਗੇਟ ਪ੍ਰਾਈਸ ਨਾਲ ਖ਼ਰੀਦਣ ਦੀ ਰੇਟਿੰਗ ਦਿੱਤੀ ਹੈ।
ਇੰਦਰਪ੍ਰਸਥ ਗੈਸ ਲਿਮਟਿਡ
IIFL ਨੇ ਇੰਦਰਪ੍ਰਸਥ ਗੈਸ ਦਾ ਮੁੱਲ 575 ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਉਸ ਦਾ ਕਹਿਣਾ ਹੈ ਕਿ ਤਾਲਾਬੰਦੀ ਹੌਲੀ-ਹੌਲੀ ਹਟਾਈ ਜਾ ਰਹੀ ਹੈ ਅਤੇ ਵੱਡੀ ਆਬਾਦੀ ਟੀਕਾਕਰਨ ਨਾਲ ਕਵਰ ਹੋ ਰਹੀ ਹੈ। ਇਸ ਨਾਲ ਕੰਪਨੀ ਨੂੰ ਵੱਡਾ ਫਾਇਦਾ ਹੋਣ ਦੀ ਸੰਭਾਵਨਾ ਹੈ। ਆਈ. ਆਈ. ਐੱਫ. ਐੱਲ. ਨੇ ਕਿਹਾ ਕਿ ਇਹ ਸਟਾਕ ਖ਼ਰਾਬ ਪ੍ਰਦਰਸ਼ਨ ਖ਼ਤਮ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੈ।
ਮਹਾਨਗਰ ਗੈਸ
ਸੈਂਟਰਮ ਬਰੋਕਿੰਗ ਦੇ ਨਿਸ਼ਚਲ ਮਹੇਸ਼ਵਰੀ ਨੇ ਕਿਹਾ ਕਿ ਪਾਬੰਦੀਆਂ ਹਟਣ ਨਾਲ ਰੈਸਟੋਰੈਂਟਾਂ, ਵਪਾਰਕ ਰਸੋਈਆਂ, ਏਅਰ ਕੈਟਰਿੰਗ ਆਦਿ ਵਿਚ ਖਾਣਾ ਪਕਾਉਣ ਲਈ ਗੈਸ ਦੀ ਮੰਗ ਵਿਚ ਤੇਜ਼ੀ ਆਵੇਗੀ। ਸੈਂਟਰਮ ਬਰੋਕਿੰਗ ਨੇ ਇਸ ਸਟਾਕ ਦੇ 1,410 ਰੁਪਏ ਤੱਕ ਜਾਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ- ਵੱਡਾ ਝਟਕਾ! GST ਦੀ ਬੈਠਕ ਤੋਂ ਪਹਿਲਾਂ ਫਿਟਮੈਂਟ ਕਮੇਟੀ ਵੱਲੋਂ ਇਹ ਮੰਗਾਂ ਰੱਦ
ਆਦਿੱਤਿਆ ਬਿਰਲਾ ਫੈਸ਼ਨ ਐਂਡ ਰਿਟੇਲ
ਮੋਤੀਲਾਲ ਓਸਵਾਲ ਦੇ ਖੇਮਕਾ ਨੇ ਕਿਹਾ ਕਿ ਪਾਬੰਦੀਆਂ ਖੁੱਲ੍ਹਣ ਨਾਲ ਕਈ ਖੇਤਰਾਂ ਨੂੰ ਫਾਇਦਾ ਹੋਵੇਗਾ ਪਰ ਏਅਰਲਾਈਨ, ਪ੍ਰਚੂਨ, ਹੋਟਲ ਤੇ ਮਲਟੀਪਲੈਕਸਾਂ ਵਰਗੇ ਖੇਤਰਾਂ ਨੂੰ ਇਸ ਦਾ ਜ਼ਿਆਦਾ ਲਾਭ ਹੋਵੇਗਾ। ਇਨ੍ਹਾਂ ਸਟਾਕਸ ਵਿਚੋਂ ਆਦਿੱਤਿਆ ਬਿਰਲਾ ਫੈਸ਼ਨ ਵੀ ਇਕ ਹੈ ਜਿਸ ਨੂੰ ਕੰਮਕਾਰ ਖੁੱਲ੍ਹਣ ਦਾ ਫਾਇਦਾ ਮਿਲੇਗਾ। ਮੋਤੀ ਲਾਲ ਓਸਵਾਲ ਨੇ ਆਦਿੱਤਿਆ ਬਿਰਲਾ ਫੈਸ਼ਨ 'ਤੇ ਖ਼ਰੀਦ ਰੇਟਿੰਗ ਨਾਲ 230 ਰੁਪਏ ਦਾ ਟਾਰਗੇਟ ਪ੍ਰਾਈਸ ਦਿੱਤਾ ਹੈ।
ਇਹ ਵੀ ਪੜ੍ਹੋ- ਦਸੰਬਰ ਤੱਕ ਸ਼ੁਰੂ ਹੋ ਸਕਦੀ ਹੈ ਡਰੋਨ ਨਾਲ ਦਵਾਈਆਂ, ਟੀਕਿਆਂ ਦੀ ਡਿਲਿਵਰੀ
ਇੰਟਰਗਲੋਬ ਏਵੀਏਸ਼ਨ
ਸੈਂਟਰਮ ਬਰੋਕਿੰਗ ਦੇ ਨਿਸ਼ਚਲ ਮਹੇਸ਼ਵਰੀ ਮੁਤਾਬਕ, ਇੰਡੀਗੋ ਵਿਚ ਉਹ ਦਮ ਹੈ ਕਿ ਤਾਲਾਬੰਦੀ ਹਟਣ ਪਿੱਛੋਂ ਇਹ ਹਵਾਈ ਮੁਸਾਫਰਾਂ ਲਈ ਭਾਰੀ ਛੋਟ ਦੀ ਪੇਸ਼ਕਸ਼ ਕਰ ਸਕਦੀ ਹੈ, ਜਿਸ ਨਾਲ ਇਹ ਹਵਾਬਾਜ਼ੀ ਬਾਜ਼ਾਰ ਵਿਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੇਗੀ। ਕਿਊ. ਆਈ. ਪੀ. ਜ਼ਰੀਏ ਫੰਡ ਜੁਟਾਉਣ ਦੀ ਯੋਜਨਾ ਨਾਲ ਇੰਡੀਗੋ ਕੋਲ ਚੰਗਾ ਨਕਦੀ ਸੰਤੁਲਨ ਹੈ, ਜਿਸ ਨਾਲ ਉਸ ਨੂੰ ਇਸ ਤਰ੍ਹਾਂ ਦੇ ਡਿਸਕਾਊਂਟ ਵਿਚ ਕੋਈ ਸਮੱਸਿਆ ਨਹੀਂ ਹੋਵੇਗੀ ਅਤੇ ਇਹ ਬਾਜ਼ਾਰ ਲੀਡਰਸ਼ਿਪ ਬਣੀ ਰਹੇਗੀ। ਇਸ ਤੋਂ ਇਲਾਵਾ ਕੋਵਿਡ-19 ਮਾਮਲੇ ਘੱਟ ਹੋਣ ਨਾਲ ਆਵਜਾਈ ਦੀ ਮੰਗ ਵਿਚ ਵਾਧਾ ਹੋਵੇਗਾ, ਸੂਬੇ ਪਾਬੰਦੀਆਂ ਨੂੰ ਹੌਲੀ-ਹੌਲੀ ਘਟਾਉਣਗੇ।
►ਨੋਟ- ਸਟਾਕ ਮਾਰਕੀਟ ਦੀ ਕੋਈ ਵੀ ਭਵਿੱਖਬਾਣੀ ਪੁਖਤਾ ਨਹੀਂ ਹੁੰਦੀ, ਇਸ ਲਈ ਬਿਨਾਂ ਮਹਾਰਤਾ ਹਾਸਲ ਕੀਤੇ ਰਿਸਕ ਨਹੀਂ ਲੈਣਾ ਚਾਹੀਦਾ
ਵੱਡਾ ਝਟਕਾ! GST ਦੀ ਬੈਠਕ ਤੋਂ ਪਹਿਲਾਂ ਫਿਟਮੈਂਟ ਕਮੇਟੀ ਵੱਲੋਂ ਇਹ ਮੰਗਾਂ ਰੱਦ
NEXT STORY