ਭੋਪਾਲ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤੇਲ ਉਤਪਾਦਕ ਦੇਸ਼ਾਂ ਵਿਚ ਕੱਚੇ ਤੇਲ ਦਾ ਉਤਪਾਦਨ ਘੱਟ ਹੋਣ ਕਾਰਨ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ।
ਮੰਤਰੀ ਨੇ ਕਿਹਾ ਕਿ ਘੱਟ ਉਤਪਾਦਨ ਦੀ ਵਜ੍ਹਾ ਨਾਲ ਮੰਗ ਅਤੇ ਸਪਲਾਈ ਵਿਚ ਸੰਤੁਲਨ ਖ਼ਰਾਬ ਹੋਇਆ ਹੈ। ਉਨ੍ਹਾਂ ਕਿਹਾ ਤੇਲ ਉਤਪਾਦਕ ਦੇਸ਼ਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਤਪਾਦਨ ਵਿਚ ਕਾਫ਼ੀ ਕਮੀ ਕੀਤੀ ਹੈ। ਮੰਗ ਅਤੇ ਸਪਲਾਈ ਵਿਚ ਇਸ ਅਸੰਤੁਲਨ ਕਾਰਨ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਹੈ। ਕੁਝ ਮਹੀਨੇ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 35-38 ਡਾਲਰ ਸਨ ਜੋ ਹੁਣ 54-55 ਡਾਲਰ ਹੋ ਗਈਆਂ ਹਨ।
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਾਡੀ ਮੁੱਢਲੀ ਚੁਣੌਤੀ ਇਹ ਹੈ ਕਿ ਸਾਨੂੰ ਆਪਣੀ ਜ਼ਰੂਰਤ ਦਾ 80 ਫ਼ੀਸਦੀ ਕੱਚਾ ਤੇਲ ਦਰਾਮਦ ਕਰਨਾ ਪੈਂਦਾ ਹੈ। ਖ਼ਪਤ ਵੱਧ ਰਹੀ ਹੈ। ਭਾਰਤ ਖ਼ਪਤ ਦੇ ਮਾਮਲੇ ਵਿਚ ਤੀਜੇ ਨੰਬਰ 'ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਊਰਜਾ ਸੈਕਟਰ ਵਿਚ ਸਵੈ-ਨਿਰਭਰ ਬਣਨ ਲਈ ਇਲੈਕਟ੍ਰਿਕ ਵਾਹਨਾਂ (ਈ. ਵੀ.), ਸੌਰ ਊਰਜਾ, ਈਥਨੌਲ ਦੇ ਉਤਪਾਦਨ ਆਦਿ 'ਤੇ ਜ਼ੋਰ ਦੇਣਾ ਹੈ। ਉਨ੍ਹਾਂ ਕਿਹਾ ਕਿ ਈਥਨੌਲ ਦਾ ਉਤਪਾਦਨ 2014 ਵਿਚ ਐੱਨ. ਡੀ. ਏ. ਦੀ ਸਰਕਾਰ ਆਉਣ ਤੋਂ ਪਹਿਲਾਂ ਮੰਗ ਦੇ 1 ਫ਼ੀਸਦੀ ਤੋਂ ਵੀ ਘੱਟ ਸੀ, ਇਸ ਸਾਲ 9 ਫ਼ੀਸਦੀ ਤੱਕ ਪਹੁੰਚਣ ਵਾਲਾ ਹੈ। ਕੋਵਿਡ-19 ਟੀਕਿਆਂ ਦੀ ਕਾਰਜਸ਼ੀਲਤਾ 'ਤੇ ਸ਼ੱਕ ਕਰਨ ਵਾਲੇ ਕੁਝ ਲੋਕਾਂ ਦੇ ਸਵਾਲ ਦੇ ਜਵਾਬ ਵਿਚ ਪ੍ਰਧਾਨ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਭਾਰਤ ਨੂੰ ਉਮੀਦ ਨਾਲ ਵੇਖ ਰਹੇ ਹਨ।
2021 'ਚ ਸੋਨਾ ਸਸਤਾ ਹੋਣ ਨਾਲ ਜਿਊਲਰਾਂ ਦੇ ਚਿਹਰਿਆਂ 'ਤੇ ਰੌਣਕ, ਖ਼ਰੀਦਦਾਰੀ 'ਚ ਉਛਾਲ
NEXT STORY