ਨਵੀਂ ਦਿੱਲੀ - ਗਲੋਬਲ ਸਟ੍ਰੀਮਿੰਗ ਦਿੱਗਜ ਨੈੱਟਫਲਿਕਸ ਨੇ ਹਾਲੀਵੁੱਡ ਦੇ ਮਸ਼ਹੂਰ ਸਟੂਡੀਓ ਵਾਰਨਰ ਬ੍ਰਦਰਜ਼ ਡਿਸਕਵਰੀ (ਡਬਲਿਊ.ਬੀ.ਡੀ.) ਨੂੰ ਖਰੀਦਣ ਲਈ 82.7 ਅਰਬ ਡਾਲਰ ਦੀ ਮੈਗਾ ਡੀਲ ਕਰ ਕੇ ਦੁਨੀਆ ਭਰ ਦੇ ਮਨੋਰੰਜਨ ਉਦਯੋਗ ’ਚ ਭੂਚਾਲ ਲਿਆ ਦਿੱਤਾ ਹੈ। ਇਹ ਸੌਦਾ ਇੰਨਾ ਵੱਡਾ ਹੈ ਕਿ ਪੂਰੀ ਇੰਡਸਟਰੀ ਦੀਆਂ ਨਜ਼ਰਾਂ ਹੁਣ ਇਸ ਰਲੇਵੇਂ ’ਤੇ ਟਿਕ ਗਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨੈੱਟਫਲਿਕਸ ਦੀ ਵਿਸ਼ਵਵਿਆਪੀ ਮੌਜੂਦਗੀ ਕਈ ਗੁਣਾ ਮਜ਼ਬੂਤ ਹੋਵੇਗੀ, ਜਦਕਿ ਥੀਏਟਰ ਇੰਡਸਟਰੀ ਲਈ ਇਹ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ਹੁਣ ਵਾਰਨਰ ਬ੍ਰਦਰਜ਼ ਅਤੇ ਐੱਚ. ਬੀ. ਓ. ਦੀ ਦਿੱਗਜ ਕੰਟੈਂਟ ਲਾਇਬ੍ਰੇਰੀ ਨਾਲ ਹੋਰ ਵੀ ਸ਼ਕਤੀਸ਼ਾਲੀ ਬਣਨ ਜਾ ਰਿਹਾ ਹੈ। ਇਸ ਸੌਦੇ ਤੋਂ ਬਾਅਦ ਨੈੱਟਫਲਿਕਸ ਨੂੰ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ-ਸੀਰੀਜ਼ ਦਾ ਅਧਿਕਾਰ ਮਿਲ ਜਾਵੇਗਾ। ਇਨ੍ਹਾਂ ’ਚ ਹੈਰੀ ਪਾਟਰ, ਫ੍ਰੈਂਡਜ਼, ਗੇਮ ਆਫ਼ ਥ੍ਰੋਨਜ਼, ਲਾਰਡ ਆਫ਼ ਦਿ ਰਿੰਗਜ਼, ਬੈਟਮੈਨ, ਸੁਪਰਮੈਨ ਅਤੇ ਵੰਡਰ ਵੂਮੈਨ ਸ਼ਾਮਲ ਹਨ।
ਮਰਜਰ ਤੋਂ ਬਾਅਦ ਮੁਕਾਬਲਾ ਮੁਸ਼ਕਲ
ਮਸ਼ਹੂਰ ਫ੍ਰੈਂਚਾਇਜ਼ੀ ਨਾਲ ਨੈੱਟਫਲਿਕਸ ਦੀ ਕੰਟੈਂਟ ਵੈਲਿਊ ਅਤੇ ਮੁਕਾਬਲੇਬਾਜ਼ੀ ਦੀ ਸਮਰੱਥਾ ਕਈ ਗੁਣਾ ਵਧ ਜਾਵੇਗੀ। ਫਿਲਮ ਵਪਾਰ ਵਿਸ਼ਲੇਸ਼ਕ ਕੋਮਲ ਨਾਹਟਾ ਦਾ ਕਹਿਣਾ ਹੈ ਕਿ ਨੈੱਟਫਲਿਕਸ ਪਹਿਲਾਂ ਹੀ ਦਿੱਗਜ ਕੰਪਨੀ ਹੈ ਪਰ ਇਸ ਮਰਜਰ ਤੋਂ ਬਾਅਦ ਉਸ ਦਾ ਮੁਕਾਬਲਾ ਬਾਕੀ ਪਲੇਟਫਾਰਮਜ਼ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਨੈੱਟਫਲਿਕਸ ਦੇ ਸੀ. ਈ. ਓ. ਟੇਡ ਸਾਰੰਡੋਸ ਨੇ ਦਾਅਵਾ ਕੀਤਾ ਹੈ ਕਿ ਵਾਰਨਰ ਬ੍ਰਦਰਜ਼ ਦੇ ਕਲਾਸਿਕ ਅਤੇ ਸੁਪਰਹਿੱਟ ਸਿਰਲੇਖਾਂ ਨਾਲ ਸਾਡਾ ਕੁਲੈਕਸ਼ਨ ਹੋਰ ਵੀ ਅਮੀਰ ਹੋਵੇਗਾ, ਜੋ ਦਰਸ਼ਕਾਂ ਨੂੰ ਇਕ ਬੇਮਿਸਾਲ ਅਨੁਭਵ ਪ੍ਰਦਾਨ ਕਰੇਗਾ।
ਭਾਰਤੀ ਥੀਏਟਰ ਇੰਡਸਟਰੀ ’ਚ ਮਚਿਆ ਹੜਕੰਪ
ਇਸ ਇਤਿਹਾਸਕ ਪ੍ਰਾਪਤੀ ਨੇ ਦੁਨੀਆ ਭਰ ਦੇ ਥੀਏਟਰ ਮਾਲਕਾਂ ਅਤੇ ਫਿਲਮ ਪ੍ਰਦਰਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ ਵਾਰਨਰ ਬ੍ਰਦਰਜ਼ ਦੀਆਂ ਥੀਏਟਰ ਫਿਲਮਾਂ ਲਈ ਬਜਟ ’ਚ ਕਟੌਤੀ ਹੋ ਸਕਦੀ ਹੈ। 45-90 ਦਿਨਾਂ ਦੀ ਥੀਏਟਰ ਐਕਸਕਲੂਸਿਵ ਵਿੰਡੋ ਹੋਰ ਕਮਜ਼ੋਰ ਹੋ ਸਕਦੀ ਹੈ। ਮਸ਼ਹੂਰ ਹਾਲੀਵੁੱਡ ਨਿਰਦੇਸ਼ਕ ਜੇਮਜ਼ ਕੈਮਰੂਨ ਇਸ ਨੂੰ ‘ਆਫ਼ਤ’ ਵੀ ਕਹਿ ਚੁੱਕੇ ਹਨ। ਭਾਰਤ ’ਚ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ (ਐੱਮ. ਏ. ਆਈ.) ਨੇ ਇਸ ਸੌਦੇ ਦਾ ਸਖ਼ਤ ਵਿਰੋਧ ਕੀਤਾ ਹੈ। ਐੱਮ. ਏ. ਆਈ. ਦੇ ਅਨੁਸਾਰ ਜੇ ਵਾਰਨਰ ਬ੍ਰਦਰਜ਼ ਸਟ੍ਰੀਮਿੰਗ-ਫਸਟ ਮਾਡਲ ਅਪਣਾਉਂਦੇ ਹਨ ਤਾਂ ਇਹ ਭਾਰਤ ਦੀ ਥੀਏਟਰ-ਫਸਟ ਪਰੰਪਰਾ ਨੂੰ ਕਮਜ਼ੋਰ ਕਰੇਗਾ, ਹਿੱਟ ਫਿਲਮਾਂ ਦੀ ਗਿਣਤੀ ਘਟਾ ਦੇਵੇਗਾ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰੇਗਾ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਇਸ ਦਾ ਪ੍ਰਭਾਵ ਟਿਕਟਾਂ ਦੀ ਵਿਕਰੀ ਅਤੇ ਪੂਰੀ ਸਿਨੇਮਾ ਲੜੀ ’ਤੇ ਮਹਿਸੂਸ ਕੀਤਾ ਜਾਵੇਗਾ।
ਇੰਤਜ਼ਾਰ ਖ਼ਤਮ! Elon Musk ਦਾ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਭਾਰਤ 'ਚ ਉਪਲਬਧ, ਇੰਨੇ 'ਚ ਸ਼ੁਰੂ ਹੋਣਗੇ ਪਲਾਨ
NEXT STORY