ਮੁੰਬਈ— ਪੀ. ਐੱਨ. ਬੀ. 'ਚ ਹੋਏ ਬੈਂਕਿੰਗ ਇਤਿਹਾਸ ਦੇ ਸਭ ਤੋਂ ਵੱਡੇ ਘੋਟਾਲੇ ਦਾ ਅਸਰ ਭਾਰਤੀ ਸਟਾਕ ਮਾਰਕੀਟ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬੈਂਕਿੰਗ ਸਟਾਕਸ 'ਤੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੈਂਸੈਕਸ 400 ਅੰਕ ਡਿੱਗ ਕੇ 33,618.74 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਨਿਫਟੀ 10,400 ਦੇ ਪੱਧਰ ਤੋਂ ਹੇਠਾਂ 10,332.05 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 43.19 ਅੰਕ ਦੀ ਮਜ਼ਬੂਤੀ ਨਾਲ 34,053.95 'ਤੇ ਖੁੱਲ੍ਹਿਆ ਸੀ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 36.60 ਅੰਕ ਦੀ ਹਲਕੀ ਤੇਜ਼ੀ ਨਾਲ 10,488.90 ਦੇ ਪੱਧਰ 'ਤੇ ਖੁੱਲ੍ਹਿਆ ਪਰ ਪੀ. ਐੱਨ. ਬੀ. 'ਚ ਘੋਟਾਲੇ 'ਚ ਹੋ ਰਹੇ ਨਵੇਂ-ਨਵੇਂ ਖੁਲਾਸਿਆ ਕਾਰਨ ਨਿਵੇਸ਼ਕਾਂ ਦੀ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ ਹੈ। ਪੀ. ਐੱਨ. ਬੀ. ਦਾ ਸਟਾਕ 2.95 ਅੰਕ ਡਿੱਗ ਕੇ 122.70 'ਤੇ ਖੁੱਲ੍ਹਿਆ ਸੀ, ਜੋ ਬਾਅਦ ਦੁਪਹਿਰ ਹੋਰ ਗਿਰਾਵਟ ਨਾਲ 115.30 'ਤੇ ਆ ਗਿਆ।
ਬੀ. ਐੱਸ. ਈ. 'ਤੇ ਯੂਕੋ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਇਲਾਹਾਬਾਦ ਬੈਂਕ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੇ ਸਟਾਕਸ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਯੂਕੋ ਬੈਂਕ ਦੇ ਸਟਾਕ 'ਚ 7 ਫੀਸਦੀ, ਇਲਾਹਾਬਾਦ ਬੈਂਕ ਦੇ ਸਟਾਕ 'ਚ 4 ਫੀਸਦੀ, ਯੂਨੀਅਨ ਬੈਂਕ ਆਫ ਇੰਡੀਆ ਦੇ ਸਟਾਕ 'ਚ 3.68 ਅਤੇ ਇੰਡੀਅਨ ਓਵਰਸੀਜ਼ ਬੈਂਕ 'ਚ 3.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਐੱਨ. ਐੱਸ. ਈ. 'ਤੇ ਐੱਚ. ਡੀ. ਐੱਫ. ਸੀ. ਬੈਂਕ, ਯੈੱਸ ਬੈਂਕ, ਫੈਡਰਲ ਬੈਂਕ, ਕੈਨਰਾ ਬੈਂਕ, ਬੈਂਕ ਆਫ ਬੜੌਦਾ, ਸਟੇਟ ਬੈਂਕ ਆਫ ਇੰਡੀਆ, ਇੰਡਸਇੰਡ ਬੈਂਕ ਅਤੇ ਪੀ. ਐੱਨ. ਬੀ. ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ।
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ, ਨਿੱਕੇਈ 'ਚ 1.3 ਫੀਸਦੀ ਉਛਾਲ
NEXT STORY