ਨੋਇਡਾ—ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪ੍ਰਾਪਰਟੀ ਕਾਰੋਬਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਚਾਲੂ ਵਿੱਤੀ ਸਾਲ 'ਚ 10 ਮਹੀਨਿਆਂ 'ਚ ਬੜੀ ਮੁਸ਼ਕਿਲ ਨਾਲ 50 ਫ਼ੀਸਦੀ ਕਾਰੋਬਾਰ ਹੋਇਆ ਹੈ। ਲਿਹਾਜ਼ਾ ਇਸ ਨਾਲ ਸਰਕਾਰ ਨੂੰ ਵੀ ਮਾਲੀਏ ਦਾ ਵੱਡਾ ਨੁਕਸਾਨ ਹੋਵੇਗਾ। ਸਟੈਂਪ ਅਤੇ ਰਜਿਸਟ੍ਰੇਸ਼ਨ ਵਿਭਾਗ ਨੇ ਪ੍ਰਸ਼ਾਸਨ ਨੂੰ ਰਿਪੋਰਟ ਭੇਜ ਕੇ ਜਾਣਕਾਰੀ ਦਿੱਤੀ ਹੈ।
ਸਰਕਾਰ ਦਾ ਅੰਦਾਜ਼ਾ ਸੀ ਕਿ ਨੋਇਡਾ ਅਤੇ ਗ੍ਰੇਟਰ ਨੋਇਡਾ (ਗ੍ਰੇਨੋ) 'ਚ ਇਸ ਸਾਲ ਘੱਟ ਤੋਂ ਘੱਟ 50,000 ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਖਰੀਦੋ-ਫਰੋਖਤ ਹੋਵੇਗੀ। ਸਟੈਂਪ ਅਤੇ ਰਜਿਸਟ੍ਰੇਸ਼ਨ ਵਿਭਾਗ ਨੇ ਦੋਵਾਂ ਸ਼ਹਿਰਾਂ ਤੋਂ 2,522 ਕਰੋੜ ਰੁਪਏ ਦੀ ਆਮਦਨੀ ਦਾ ਟੀਚਾ ਤੈਅ ਕੀਤਾ ਸੀ ਪਰ ਹਾਲਾਤ ਬੇਹੱਦ ਖ਼ਰਾਬ ਰਹੇ ਅਤੇ ਹੁਣ ਤੱਕ ਪ੍ਰਾਪਰਟੀ ਕਾਰੋਬਾਰ ਲਗਭਗ 25,000 ਕਰੋੜ ਰੁਪਏ ਤੱਕ ਪੁੱਜਾ ਹੈ, ਜਿਸ ਨਾਲ ਸਟੈਂਪ ਅਤੇ ਰਜਿਸਟ੍ਰੇਸ਼ਨ ਵਿਭਾਗ ਨੂੰ ਸਿਰਫ 1,200 ਕਰੋੜ ਰੁਪਏ ਦੀ ਕਮਾਈ ਹੋਈ ਹੈ। ਜ਼ਿਲਾ ਪ੍ਰਸ਼ਾਸਨ ਨੇ ਸਥਿਤੀ ਬਾਰੇ ਸਰਕਾਰ ਨੂੰ ਰਿਪੋਰਟ ਭੇਜੀ ਹੈ। ਨੋਇਡਾ ਦੇ ਅਸਿਸਟੈਂਟ ਇੰਸਪੈਕਟਰ ਜਨਰਲ (ਸਟੈਂਪ ਅਤੇ ਰਜਿਸਟ੍ਰੇਸ਼ਨ) ਐੱਸ. ਕੇ. ਸਿੰਘ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ 'ਚ ਸਿਰਫ 2 ਮਹੀਨੇ ਬਾਕੀ ਹਨ। ਅਸੀਂ ਹੁਣ ਤੱਕ ਅੱਧਾ ਮਾਲੀਆ ਹਾਸਲ ਕਰ ਸਕੇ ਹਾਂ। ਆਉਣ ਵਾਲੇ 2 ਮਹੀਨਿਆਂ 'ਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ। ਦਰਅਸਲ ਸ਼ਹਿਰ 'ਚ ਰੀਅਲ ਅਸਟੇਟ ਸੈਕਟਰ ਦਾ ਬੁਰਾ ਹਾਲ ਹੈ, ਜਿਸ ਦਾ ਨਾਂਹ-ਪੱਖੀ ਅਸਰ ਪ੍ਰਾਪਰਟੀ ਕਾਰੋਬਾਰ 'ਤੇ ਪਿਆ ਹੈ। ਇਸ ਸਾਲ ਰੀ-ਸੇਲ ਨਾਂਹ ਦੇ ਬਰਾਬਰ ਹੋਈ ਹੈ। ਪੁਰਾਣੀਆਂ ਜਾਇਦਾਦਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ ਹਨ। ਨਿਵੇਸ਼ਕਾਂ ਨੇ ਬਾਜ਼ਾਰ 'ਤੋਂ ਹੱਥ ਖਿੱਚ ਲਿਆ ਹੈ।
ਹੁਣ ਤੱਕ ਦਾ ਸਭ ਤੋਂ ਬੁਰਾ ਦੌਰ
ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪ੍ਰਾਪਰਟੀ ਕਾਰੋਬਾਰ ਨੇ ਸਭ ਤੋਂ ਬੁਰਾ ਦੌਰ ਸਾਲ 2008-09 'ਚ ਵੇਖਿਆ ਸੀ। ਉਸ ਸਾਲ ਗਿਰਾਵਟ 30 ਫ਼ੀਸਦੀ ਸੀ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਹਾਲਾਤ ਬੇਹੱਦ ਖ਼ਰਾਬ ਹਨ। 50 ਫ਼ੀਸਦੀ ਗਿਰਾਵਟ ਨੇ ਲੱਕ ਤੋੜ ਦਿੱਤਾ ਹੈ।
ਨਿਵੇਸ਼ਕਾਂ ਬਾਜ਼ਾਰ ਤੋਂ ਖਿੱਚੇ ਹੱਥ
ਸਾਬਕਾ ਡਿਪਟੀ ਇੰਸਪੈਕਟਰ ਜਨਰਲ (ਸਟੈਂਪ) ਵਿਜੈ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਝਟਕਾ ਬਿਲਡਰਾਂ ਕਾਰਨ ਲੱਗਾ ਹੈ। ਜੇ. ਪੀ. ਸਮੂਹ ਅਤੇ ਅਮਰਪਾਲੀ ਦੀਆਂ ਕੰਪਨੀਆਂ ਖਿਲਾਫ ਸ਼ੁਰੂ ਹੋਈ ਦੀਵਾਲਾ ਪ੍ਰਕਿਰਿਆ ਨੇ ਬਾਜ਼ਾਰ ਨੂੰ ਬਿਲਕੁੱਲ ਰੋਕ ਦਿੱਤਾ ਹੈ। ਨਿਵੇਸ਼ਕਾਂ ਨੇ ਬਾਜ਼ਾਰ ਤੋਂ ਹੱਥ ਖਿੱਚ ਲਏ ਹਨ।
ਕੀਮਤਾਂ ਘੱਟ ਅਤੇ ਸਰਕਲ ਰੇਟ ਜ਼ਿਆਦਾ
ਪੂਰੇ ਸ਼ਹਿਰ 'ਚ ਜਾਇਦਾਦ ਦੀਆਂ ਕੀਮਤਾਂ ਘਟੀਆਂ ਹਨ। ਪਲਾਟਾਂ ਦੀਆਂ ਕੀਮਤਾਂ 'ਚ 15 ਤੋਂ 35 ਫ਼ੀਸਦੀ ਤੱਕ ਕਮੀ ਆਈ ਹੈ। ਦੂਜੇ ਪਾਸੇ ਸਰਕਲ ਰੇਟ ਲਗਾਤਾਰ ਵਧ ਰਹੇ ਹਨ। ਫਲੈਟਾਂ ਦੀਆਂ ਕੀਮਤਾਂ ਅਤੇ ਸਰਕਲ ਰੇਟਾਂ 'ਚ ਤਾਂ 50 ਫ਼ੀਸਦੀ ਤੱਕ ਫਰਕ ਆ ਗਿਆ ਹੈ। ਸਭ ਤੋਂ ਜ਼ਿਆਦਾ ਅਸਰ ਗ੍ਰੇਟਰ ਨੋਇਡਾ ਵੈਸਟ ਅਤੇ ਗ੍ਰੇਟਰ ਨੋਇਡਾ ਦੇ ਬਾਹਰੀ ਸੈਕਟਰਾਂ 'ਚ ਪਿਆ ਹੈ।
50,000 ਕਰੋੜ ਤੋਂ ਜ਼ਿਆਦਾ ਕਾਰੋਬਾਰ ਦੀ ਉਮੀਦ ਸੀ ਇਸ ਸਾਲ 25,000 ਕਰੋੜ ਦਾ ਕਾਰੋਬਾਰ ਰਿਹਾ ਚਾਲੂ ਵਿੱਤੀ ਸਾਲ ਦੇ 10 ਮਹੀਨਿਆਂ 'ਚ
ਸ਼ਹਿਰ 'ਚ ਰੀਅਲ ਅਸਟੇਟ ਸੈਕਟਰ ਦਾ ਬੁਰਾ ਹਾਲ ਹੈ, ਜਿਸ ਦਾ ਨਾਂਹ-ਪੱਖੀ ਅਸਰ ਪ੍ਰਾਪਰਟੀ ਕਾਰੋਬਾਰ 'ਤੇ ਪਿਆ ਹੈ। ਚਾਲੂ ਵਿੱਤੀ ਸਾਲ 'ਚ ਹੁਣ ਤੱਕ ਅੱਧਾ ਮਾਲੀਆ ਹੀ ਪ੍ਰਾਪਤ ਹੋਇਆ ਹੈ। ਆਉਣ ਵਾਲੇ 2 ਮਹੀਨਿਆਂ 'ਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ।
ਕੋਲ ਇੰਡੀਆ ਨੇ ਅਪ੍ਰੈਲ-ਜਨਵਰੀ 'ਚ ਕੀਤਾ 44 ਕਰੋੜ ਟਨ ਕੋਲਾ ਉਤਪਾਦਨ
NEXT STORY