ਗੁਰਦਾਸਪੁਰ (ਵਿਨੋਦ)–ਜ਼ਿਲਾ ਖਪਤਕਾਰ ਫੋਰਮ ਨੇ ਇਕ ਪਟੀਸ਼ਨਕਰਤਾ ਨੂੰ ਉਸ ਦੇ ਲੜਕੇ ਦੇ ਇਲਾਜ 'ਤੇ ਹੋਏ ਖਰਚੇ ਦਾ ਕਲੇਮ ਜੋ ਇੰਸ਼ੋਰੈਂਸ ਕੰਪਨੀ ਵੱਲੋਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਨੂੰ 5 ਹਜ਼ਾਰ ਰੁਪਏ ਹਰਜਾਨਾ ਤੇ 3 ਹਜ਼ਾਰ ਰੁਪਏ ਅਦਾਲਤੀ ਖਰਚੇ ਸਮੇਤ 1,28,414 ਰੁਪਏ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਪਟੀਸ਼ਨਕਰਤਾ ਦੇ ਬੇਟੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਕੀ ਹੈ ਮਾਮਲਾ
ਨਰੇਸ਼ ਕੁਮਾਰ ਗੋਇਲ ਪੁੱਤਰ ਸੁਦੇਸ਼ ਗੋਇਲ ਨਿਵਾਸੀ ਬਟਾਲਾ ਨੇ ਖਪਤਕਾਰ ਫੋਰਮ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਦੇ ਲੜਕੇ ਵਰੁਣ ਗੋਇਲ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ ਬਟਾਲਾ ਦਫ਼ਤਰ ਤੋਂ ਆਪਣੀ ਨੈਸ਼ਨਲ ਮੈਡੀ-ਕਲੇਮ ਪਾਲਿਸੀ ਖਰੀਦੀ ਸੀ, ਜਿਸ ਲਈ ਉਸ ਨੇ 6,199 ਰੁਪਏ ਪ੍ਰੀਮੀਅਮ ਅਦਾ ਕੀਤਾ ਅਤੇ ਇੰਸ਼ੋਰੈਂਸ ਦਫ਼ਤਰ ਵੱਲੋਂ ਦਿੱਤੀ ਪਾਲਿਸੀ 24 ਮਾਰਚ 2014 ਤੋਂ 23 ਮਾਰਚ 2015 ਤੱਕ ਵੈਲਿਡ ਸੀ, ਜਿਸ ਅਧੀਨ ਵਰੁਣ ਗੋਇਲ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਸ਼ਾਮਲ ਸੀ।
ਉਸ ਨੇ ਕਿਹਾ ਕਿ ਉਸ ਦਾ ਲੜਕਾ ਵਰੁਣ ਗੋਇਲ ਬੀਮਾਰ ਪੈ ਗਿਆ ਅਤੇ ਉਸ ਨੂੰ 30 ਅਕਤੂਬਰ 2014 ਨੂੰ ਫੋਰਟਿਸ ਐਸਕਾਰਟ ਹਸਪਤਾਲ ਅੰਮ੍ਰਿਤਸਰ ਵਿਚ ਦਾਖ਼ਲ ਕਰਵਾਇਆ ਗਿਆ ਪਰ 1 ਨਵੰਬਰ 2014 ਨੂੰ ਉਸ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਵਰੁਣ ਗੋਇਲ ਨੇ ਪਾਲਿਸੀ ਵਿਚ ਆਪਣਾ ਉਤਰਾਧਿਕਾਰੀ ਆਪਣੇ ਪਿਤਾ ਨਰੇਸ਼ ਕੁਮਾਰ ਗੋਇਲ ਨੂੰ ਬਣਾਇਆ ਹੋਇਆ ਸੀ। ਪਟੀਸ਼ਨਕਰਤਾ ਅਨੁਸਾਰ ਉਸ ਨੇ ਆਪਣੇ ਲੜਕੇ ਦੇ ਇਲਾਜ 'ਤੇ 1,20,414 ਰੁਪਏ ਖਰਚ ਕੀਤੇ ਪਰ ਜਦੋਂ ਉਸ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਕੋਲ ਇਸ ਰਾਸ਼ੀ ਨੂੰ ਜਾਰੀ ਕਰਨ ਲਈ ਕਲੇਮ ਫਾਈਲ ਕੀਤਾ ਤਾਂ ਕੰਪਨੀ ਨੇ ਇਹ ਕਹਿ ਕੇ ਕਲੇਮ ਰੱਦ ਕਰ ਦਿੱਤਾ ਕਿ ਵਰੁਣ ਗੋਇਲ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਹੈ ਅਤੇ ਉਹ ਇੰਸ਼ੋਰੈਂਸ ਕਲੇਮ ਦੇ ਪਾਤਰ ਨਹੀਂ ਹਨ।
ਇਹ ਕਿਹਾ ਫਾਰਮ ਨੇ
ਫੋਰਮ ਪ੍ਰਧਾਨ ਨਵੀਨ ਪੁਰੀ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਰੁਣ ਗੋਇਲ 2 ਲੱਖ 50 ਹਜ਼ਾਰ ਰੁਪਏ ਤੱਕ ਦੇ ਇਲਾਜ ਲਈ ਅਧਿਕਾਰਤ ਸੀ ਅਤੇ ਇੰਸ਼ੋਰੈਂਸ ਕੰਪਨੀ ਵੱਲੋਂ ਕਲੇਮ ਅਦਾ ਕਰਨ ਤੋਂ ਇਨਕਾਰ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਫੋਰਮ ਪ੍ਰਧਾਨ ਨੇ ਪਟੀਸ਼ਨਕਰਤਾ ਦੀ ਪਟੀਸ਼ਨ ਸਵੀਕਾਰ ਕਰ ਕੇ ਇੰਸ਼ੋਰੈਂਸ ਕੰਪਨੀ ਨੂੰ ਪਟੀਸ਼ਨਕਰਤਾ ਦਾ ਪੂਰੀ ਕਲੇਮ ਰਾਸ਼ੀ 1 ਲੱਖ 20 ਹਜ਼ਾਰ 414 ਰੁਪਏ ਸਮੇਤ 5 ਹਜ਼ਾਰ ਰੁਪਏ ਹਰਜਾਨਾ ਤੇ 3 ਹਜ਼ਾਰ ਰੁਪਏ ਅਦਾਲਤੀ ਖਰਚਾ 30 ਦਿਨਾਂ 'ਚ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੇ ਕਰ ਇੰਸ਼ੋਰੈਂਸ ਕੰਪਨੀ ਤੈਅ ਸਮੇਂ 'ਚ ਇਹ ਰਾਸ਼ੀ ਅਦਾ ਨਹੀਂ ਕਰਦੀ ਤਾਂ ਕੰਪਨੀ ਨੂੰ ਸਾਰੀ ਰਾਸ਼ੀ ਹੁਕਮ ਸੁਣਾਏ ਜਾਣ ਦੀ ਮਿਤੀ ਤੋਂ 9 ਫੀਸਦੀ ਵਿਆਜ ਨਾਲ ਅਦਾ ਕਰਨੀ ਹੋਵੇਗੀ।
ਹਵਾਈ ਕਿਰਾਏ ਦੀ ਉੱਪਰੀ ਹੱਦ ਤੈਅ ਕਰਨ ਦੇ ਪੱਖ 'ਚ ਸੰਸਦੀ ਕਮੇਟੀ
NEXT STORY