ਟੈਕ ਡੈਸਕ : ਟੈਕਨਾਲੋਜੀ ਦੇ ਖੇਤਰ ਦੀ ਦਿੱਗਜ ਕੰਪਨੀ ਸੋਨੀ ਨੇ ਆਪਣੇ ਕਈ ਮੈਮਰੀ ਕਾਰਡਾਂ ਦੀ ਵਿਕਰੀ ਅਤੇ ਨਵੇਂ ਆਰਡਰਾਂ ਨੂੰ ਅਚਾਨਕ ਰੋਕਣ ਦਾ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਇਸ ਦਾ ਮੁੱਖ ਕਾਰਨ ਵਿਸ਼ਵ ਪੱਧਰ 'ਤੇ ਸੈਮੀਕੰਡਕਟਰ ਅਤੇ ਮੈਮਰੀ ਚਿਪਸ ਦੀ ਘਾਟ ਨੂੰ ਦੱਸਿਆ ਹੈ। ਜਾਣਕਾਰਾਂ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਮੰਗ ਨੇ ਮੈਮਰੀ ਦੀ ਸਪਲਾਈ 'ਤੇ ਬਹੁਤ ਜ਼ਿਆਦਾ ਦਬਾਅ ਪਾਇਆ ਹੈ। ਸੋਨੀ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਮਾਰਚ 2026 ਤੋਂ ਉਹ ਆਪਣੇ ਮੈਮਰੀ ਕਾਰਡਾਂ ਲਈ ਨਵੇਂ ਆਰਡਰ ਸਵੀਕਾਰ ਨਹੀਂ ਕਰੇਗੀ। ਇਹ ਫੈਸਲਾ ਕੰਪਨੀ ਦੇ ਅਧਿਕਾਰਤ ਡੀਲਰਾਂ ਤੇ ਸੋਨੀ ਸਟੋਰਾਂ, ਦੋਵਾਂ 'ਤੇ ਲਾਗੂ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਮੌਜੂਦਾ ਸਪਲਾਈ ਮੰਗ ਨੂੰ ਪੂਰਾ ਕਰਨ ਵਿੱਚ ਅਸਮਰੱਥ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਥਿਤੀ ਜਲਦੀ ਸੁਧਰਨ ਦੀ ਉਮੀਦ ਨਹੀਂ ਹੈ।
ਕਿਹੜੇ ਉਤਪਾਦਾਂ 'ਤੇ ਪਿਆ ਅਸਰ?
ਇਸ ਫੈਸਲੇ ਨਾਲ ਸੋਨੀ ਦੇ ਲਗਭਗ ਸਾਰੇ ਪ੍ਰਸਿੱਧ ਮੈਮੋਰੀ ਕਾਰਡਾਂ ਦੀ ਸਪਲਾਈ ਰੁਕ ਗਈ ਹੈ। ਇਸ ਵਿੱਚ CFexpress Type A ਅਤੇ Type B ਕਾਰਡ ਸ਼ਾਮਲ ਹਨ, ਜੋ ਕਿ ਪ੍ਰੋਫੈਸ਼ਨਲ ਕੈਮਰਾ ਯੂਜ਼ਰਸ ਲਈ ਬਹੁਤ ਮਹੱਤਵਪੂਰਨ ਹਨ। ਇਸ ਤੋਂ ਇਲਾਵਾ, ਆਮ ਯੂਜ਼ਰਸ ਅਤੇ ਫੋਟੋਗ੍ਰਾਫਰਾਂ ਦੁਆਰਾ ਵਰਤੇ ਜਾਣ ਵਾਲੇ SDXC ਅਤੇ SDHC ਕਾਰਡਾਂ ਦੀਆਂ ਕਈ ਸੀਰੀਜ਼ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
AI ਦੀ ਮੰਗ ਬਣੀ ਵੱਡੀ ਵਜ੍ਹਾ
ਗਲੋਬਲ ਪੱਧਰ 'ਤੇ ਮੈਮੋਰੀ ਚਿਪਸ ਜਿਵੇਂ ਕਿ NAND flash ਅਤੇ DRAM ਦੀ ਸਪਲਾਈ ਹੁਣ ਪਹਿਲਾਂ ਵਰਗੀ ਨਹੀਂ ਰਹੀ। AI ਇਨਫਰਾਸਟ੍ਰਕਚਰ, ਡੇਟਾ ਸੈਂਟਰ ਅਤੇ ਕਲਾਉਡ ਕੰਪਨੀਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਮੈਮੋਰੀ ਸਪਲਾਈ ਦਾ ਵੱਡਾ ਹਿੱਸਾ ਉੱਥੇ ਜਾ ਰਿਹਾ ਹੈ। ਚਿਪ ਬਣਾਉਣ ਵਾਲੀਆਂ ਕੰਪਨੀਆਂ ਹੁਣ ਹਾਈ-ਪ੍ਰੋਫਿਟ ਵਾਲੇ AI ਉਤਪਾਦਾਂ 'ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਲਈ ਮੈਮੋਰੀ ਉਤਪਾਦਾਂ ਦੀ ਕਮੀ ਹੋ ਗਈ ਹੈ।
ਯੂਜ਼ਰਸ ਨੂੰ ਕਰਨਾ ਪੈ ਸਕਦਾ ਹੈ ਇੰਤਜ਼ਾਰ
ਸੋਨੀ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਰੋਕ ਕਦੋਂ ਤੱਕ ਜਾਰੀ ਰਹੇਗੀ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਸਟੋਰੇਜ ਇੰਡਸਟਰੀ 'ਤੇ ਸਿੱਧਾ ਅਸਰ ਪਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਵੀ ਅਜਿਹੇ ਕਦਮ ਚੁੱਕ ਸਕਦੀਆਂ ਹਨ। ਫਿਲਹਾਲ ਯੂਜ਼ਰਸ ਨੂੰ ਨਵੀਂ ਸਪਲਾਈ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Skoda ਨੇ ਆਪਣੀ ਨਵੀਂ ਇਲੈਕਟ੍ਰਿਕ SUV 'Peaq' ਤੋਂ ਚੁੱਕਿਆ ਪਰਦਾ, 600 KM ਤੋਂ ਵੱਧ ਮਿਲੇਗੀ ਰੇਂਜ
NEXT STORY