ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਸ਼ਨੀਵਾਰ ਤੋਂ ਬਿਨਾਂ ਕਿਸੇ ਮੁਖੀ ਵਾਲੀ ਕੰਪਨੀ ਬਣ ਗਈ। ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਕੁਮਾਰ ਰਿਟਾਇਰਡ ਹੋ ਗਏ ਹਨ ਪਰ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਦੀ ਥਾਂ ’ਤੇ ਨਵੇਂ ਮੁਖੀ ਦਾ ਐਲਾਨ ਨਹੀਂ ਕੀਤਾ ਹੈ। ਕੁਮਾਰ ਓ. ਐੱਨ. ਜੀ. ਸੀ. ਦੇ ਡਾਇਰੈਕਟਰ ਵਿੱਤ ਸਨ ਅਤੇ ਉਹ ਪਿਛਲੇ ਸਾਲ ਅਪ੍ਰੈਲ ਤੋਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ।
ਓ. ਐੱਨ. ਜੀ. ਸੀ. ਨੇ ਕਿਹਾ ਕਿ ਕੁਮਾਰ 31 ਦਸੰਬਰ 2021 ਨੂੰ ਰਿਟਾਇਰਡ ਹੋ ਗਏ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ 28 ਦਸੰਬਰ 2021 ਦੇ ਹੁਕਮ ਦੇ ਹਵਾਲੇ ਤੋਂ ਕੰਪਨੀ ਨੇ ਕਿਹਾ ਕਿ ਡਾਇਰੈਕਟਰ (ਆਨਸ਼ੋਰ) ਅਨੁਰਾਗ ਸ਼ਰਮਾ ਨੂੰ 1 ਜਨਵਰੀ 2022 ਤੋਂ ਡਾਇਰੈਕਟਰ (ਵਿੱਤ) ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਹਾਲਾਂਕਿ ਇਸ ਹੁਕਮ ’ਚ ਇਹ ਨਹੀਂ ਦੱਸਿਆ ਗਿਆ ਹੈ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਕਿਸ ਨੂੰ ਦਿੱਤਾ ਜਾ ਰਿਹਾ ਹੈ। ਆਮ ਤੌਰ ’ਤੇ ਸਰਕਾਰ ਕਿਸੇ ਜਨਤਕ ਖੇਤਰ ਦੀ ਕੰਪਨੀ ਦੇ ਡਾਇਰੈਕਟਰ ਜਾਂ ਚੇਅਰਮੈਨ ਦੇ ਰਿਟਾਇਰਡ ਹੋਣ ਤੋਂ ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਉਤਰਾਧਿਕਾਰੀ ਦਾ ਐਲਾਨ ਕਰ ਦਿੰਦੀ ਹੈ, ਪਰ ਓ. ਐੱਨ. ਜੀ. ਸੀ. ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ ਹੈ। ਕੰਪਨੀ ਦੇ ਆਖਰੀ ਪੂਰੇ ਸਮੇਂ ਦੇ ਮੁਖੀ ਸ਼ਸ਼ੀ ਸ਼ੰਕਰ 31 ਮਾਰਚ 2021 ਨੂੰ ਰਿਟਾਇਰਡ ਹੋਏ ਸਨ। ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਦੀ ਚੋਣ ਨਹੀਂ ਕੀਤੀ ਗਈ। ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ’ਚ ਸਭ ਤੋਂ ਸੀਨੀਅਰ ਡਾਇਰੈਕਟਰ ਕੁਮਾਰ ਨੂੰ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ। ਸੂਤਰਾਂ ਨੇ ਦੱਸਿਆ ਕਿ ਇਸ ਵਾਰ ਕਿਸੇ ਨੂੰ ਚਾਰਜ ਨਹੀਂ ਦਿੱਤਾ ਗਿਆ ਹੈ। ਇਕ ਸੂਤਰ ਨੇ ਕਿਹਾ ਕਿ ਆਮ ਤੌਰ ’ਤੇ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਕਿਸੇ ਡਾਇਰੈਕਟਰ ਦੇ ਰਿਟਾਇਰਡ ਹੋਣ ਤੋਂ ਘੱਟ ਤੋਂ ਘੱਟ 2 ਦਿਨ ਪਹਿਲਾਂ ਉਨ੍ਹਾਂ ਦੇ ਸਥਾਨ ’ਤੇ ਨਿਯੁਕਤੀ ਦਾ ਐਲਾਨ ਕਰ ਦਿੰਦੀ ਹੈ। ਪਰ ਓ. ਐੱਨ. ਜੀ. ਸੀ. ਦੇ ਮਾਮਲੇ ’ਚ ਸ਼ਨੀਵਾਰ ਸਵੇਰ ਤੱਕ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ ਸੀ।
‘ਦੇਸ਼ ਭਰ ਦੀਆਂ ਕ੍ਰਿਪਟੋ ਏਜੰਸੀਆਂ ’ਤੇ ਛਾਪੇਮਾਰੀ, ਰਿਕਵਰ ਕੀਤੇ 70 ਕਰੋੜ’
NEXT STORY