ਮੁੰਬਈ— ਸਰਕਾਰ ਵੱਲੋਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਚਿਕਨ ਤੋਂ ਵੀ ਮਹਿੰਗੇ ਵਿਕ ਰਹੇ ਪਿਆਜ਼ ਤੋਂ ਜਲਦ ਰਾਹਤ ਨਹੀਂ ਮਿਲਣ ਜਾ ਰਹੀ। ਇਸ ਸਾਲ ਜੁਲਾਈ 'ਚ 15 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਦਸੰਬਰ 'ਚ 150 ਰੁਪਏ ਪ੍ਰਤੀ ਕਿਲੋ ਤੋਂ ਵੀ ਮਹਿੰਗਾ ਵਿਕ ਰਿਹਾ ਹੈ।
ਮਹਾਰਾਸ਼ਟਰ ਦੇ ਸੋਲਾਪੁਰ ਬਾਜ਼ਾਰ 'ਚ ਪਿਛਲੇ ਦਸ ਦਿਨਾਂ ਤੋਂ ਪਿਆਜ਼ ਕੀਮਤਾਂ 'ਚ ਉਛਾਲ ਜਾਰੀ ਹੈ। 26 ਨਵੰਬਰ ਨੂੰ ਸੋਲਾਪੁਰ 'ਚ ਜਿੱਥੇ ਇਹ 100 ਰੁਪਏ ਕਿਲੋ ਵਿਕ ਰਿਹਾ ਸੀ, ਉੱਥੇ ਹੀ 5 ਦਸੰਬਰ ਨੂੰ ਇਸ ਦੀ ਕੀਮਤ ਦੁੱਗਣੀ ਵੱਧ ਕੇ 200 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਹਾਲਾਂਕਿ, ਹੋਰ ਬਾਜ਼ਾਰਾਂ 'ਚ ਕੀਮਤਾਂ ਇਸ ਤੋਂ ਘੱਟ ਸਨ। ਦੱਖਣੀ ਰਾਜਾਂ ਤੋਂ ਮੰਗ ਕਾਫੀ ਹੋਣ ਕਾਰਨ ਚੰਗੀ ਗੁਣਵੱਤਾ ਦੇ ਪਿਆਜ਼ 170-180 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।
ਵਪਾਰੀਆਂ ਦਾ ਕਹਿਣਾ ਹੈ ਕਿ ਸਪਲਾਈ 'ਚ ਭਾਰੀ ਘਾਟ ਹੈ ਅਤੇ ਇਸ ਮਹੀਨੇ ਦੇ ਆਖਰੀ ਹਫਤੇ ਤਕ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਨਾਸਿਕ ਜ਼ਿਲ੍ਹੇ ਦੀ ਲਾਸਲਗਾਓਂ ਮੰਡੀ 'ਚ ਨਵਾਂ ਲੋਕਲ ਲਾਲ ਪਿਆਜ਼ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਤੇ ਔਸਤ ਕੀਮਤ 70 ਰੁਪਏ ਕਿਲੋ ਹੈ। ਟਰੇਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਆਜ਼ ਦੀ ਇੰਨੀ ਕਮੀ ਦਾ ਅੰਦਾਜ਼ਾ ਨਹੀਂ ਸੀ, ਜੋ ਮੁੱਖ ਤੌਰ 'ਤੇ ਭਾਰੀ ਬਾਰਸ਼ ਕਾਰਨ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 25 ਦਸੰਬਰ ਤਕ ਸਪਲਾਈ 'ਚ ਕਮੀ ਜਾਰੀ ਰਹੇਗੀ ਤੇ ਜਨਵਰੀ ਦੇ ਮੱਧ ਤਕ ਸੁਧਾਰ ਹੋਵੇਗਾ। ਇਸ ਵਿਚਕਾਰ ਕਿਸਾਨ ਮੌਜੂਦਾ ਕੀਮਤਾਂ ਦਾ ਫਾਇਦਾ ਲੈਣ ਲਈ ਕੱਚੇ-ਪੱਕੇ ਪਿਆਜ਼ ਦੀ ਕਟਾਈ ਕਰ ਰਹੇ ਹਨ, ਤਾਂ ਜੋ ਉਹ ਪਿਛਲੇ ਸਾਲ ਦੇ ਘਾਟੇ ਨੂੰ ਪੂਰਾ ਕਰ ਸਕਣ। ਕਿਸਾਨਾਂ ਦਾ ਕਹਿਣਾ ਹੈ ਕਿ ਮੌਨਸੂਨ ਦੀ ਸ਼ੁਰੂਆਤ 'ਚ ਦੇਰੀ ਤੇ ਫਿਰ ਅਗਸਤ ਅਤੇ ਸਤੰਬਰ 'ਚ ਭਾਰੀ ਬਾਰਸ਼ ਅਤੇ ਨਵੰਬਰ 'ਚ ਫਿਰ ਛਿੱਟਾਂ ਪੈਣ ਕਾਰਨ ਉਤਪਾਦਨ 'ਚ ਕਮੀ ਆਈ ਹੈ।
ਹੁਣ ਨਹੀਂ ਚੋਰੀ ਹੋਣਗੇ ਵਾਹਨ, RC ਅਤੇ ਡਰਾਈਵਿੰਗ ਲਾਈਸੈਂਸ ਨਾਲ ਲਿੰਕ ਹੋਵੇਗਾ ਮੋਬਾਇਲ ਨੰਬਰ
NEXT STORY