ਨਵੀਂ ਦਿੱਲੀ— ਸਰਕਾਰ ਹਵਾਈ ਅੱਡਿਆਂ ਦੀ ਤਰਜ 'ਤੇ ਨਿੱਜੀ ਕੰਪਨੀਆਂ ਜ਼ਰੀਏ ਦੇਸ਼ ਵਿਚ ਕਈ ਆਧੁਨਿਕ ਰੇਲਵੇ ਸਟੇਸ਼ਨਾਂ ਦੀ ਉਸਾਰੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। 2-3 ਸਾਲਾਂ ਵਿਚ ਇਸ ਤਰ੍ਹਾਂ ਦੇ ਸਟੇਸ਼ਨ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਪਰ ਮੁਸਾਫਰਾਂ ਨੂੰ ਵੀ ਇਸ ਲਈ ਜੇਬ ਢਿੱਲੀ ਕਿਰਨੀ ਪਵੇਗੀ। ਰੇਲਵੇ ਨੇ ਹਵਾਈ ਅੱਡਿਆਂ ਦੀ ਤਰਜ 'ਤੇ ਬਣੇ ਆਧੁਨਿਕ ਰੇਲਵੇ ਸਟੇਸ਼ਨਾਂ 'ਤੇ ਮੁਸਾਫਰਾਂ ਤੋਂ ਯੂਜ਼ਰ ਚਾਰਜ ਲੈਣ ਦੀ ਯੋਜਨਾ ਤਿਆਰ ਕੀਤੀ ਹੈ। ਸੂਤਰਾਂ ਮੁਤਾਬਕ, ਇਹ ਚਾਰਜ ਟਿਕਟ ਦੀ ਕੀਮਤ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਸਿਰਫ ਉਨ੍ਹਾਂ ਸਟੇਸ਼ਨਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੂੰ ਪ੍ਰਾਈਵੇਟ ਕੰਪਨੀਆਂ ਨੇ ਦੁਬਾਰਾ ਵਿਕਸਤ ਕੀਤਾ ਹੋਇਆ ਹੋਵੇਗਾ।
ਸੂਤਰਾਂ ਮੁਤਾਬਕ, ਪ੍ਰਾਈਵੇਟ ਕੰਪਨੀਆਂ ਵੱਲੋਂ ਸਟੇਸ਼ਨਾਂ ਨੂੰ ਨਵੇਂ ਸਿਰਿਓਂ ਤਿਆਰ ਕਰਨ ਲਈ ਵੱਡੀ ਰਕਮ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਲਈ ਯੂਜ਼ਰ ਚਾਰਜ ਨੂੰ ਲਾਗੂ ਕਰਨ ਦੀ ਯੋਜਨਾ ਹੈ। ਹਾਲਾਂਕਿ, ਇਹ ਫੀਸ ਸਿਰਫ ਨਾਮਾਤਰ ਦੀ ਹੀ ਹੋਵੇਗੀ ਤੇ ਪਲੇਟਫਾਰਮ ਟਿਕਟਾਂ 'ਤੇ ਲਾਗੂ ਨਹੀਂ ਹੋਵੇਗੀ।
ਟਿਕਟਾਂ ਦੀ ਬੁਕਿੰਗ ਦੌਰਾਨ ਮੁਸਾਫਰਾਂ ਤੋਂ ਯੂਜ਼ਰ ਚਾਰਜ ਇਕੱਤਰ ਕੀਤਾ ਜਾਵੇਗਾ। ਇੰਡੀਅਨ ਰੇਲਵੇ ਸਟੇਸ਼ਨ ਰੀ-ਡਿਵੈਲਪਮੈਂਟ ਕਾਰਪੋਰੇਸ਼ਨ (ਆਈ. ਆਰ. ਐੱਸ. ਡੀ. ਸੀ.) ਨੇ ਹਾਲ ਹੀ ਵਿਚ 2 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਪੀ. ਪੀ. ਪੀ. ਮਾਡਲ ਤਹਿਤ ਨਿੱਜੀ ਕੰਪਨੀਆਂ ਨੂੰ ਜਿੰਮੇਵਾਰੀ ਸੌਂਪੀ ਹੈ। ਇਨ੍ਹਾਂ ਦੋ ਸਟੇਸ਼ਨ ਵਿਚ ਇਕ ਮੱਧ ਪ੍ਰਦੇਸ਼ ਦਾ ਹਬੀਬਗੰਜ ਤੇ ਦੂਜਾ ਗੁਜਰਾਤ ਵਿਚ ਗਾਂਧੀਨਗਰ ਦਾ ਹੈ। ਸਟੇਸ਼ਨਾਂ ਦੇ ਆਧੁਨਿਕੀਕਰਨ ਵਿਚ ਮੌਜੂਦਾ ਸਟੇਸ਼ਨਾਂ ਦਾ ਪੁਨਰ ਵਿਕਾਸ ਅਤੇ ਨਵੇਂ ਸਟੇਸ਼ਨਾਂ ਦੀ ਉਸਾਰੀ ਵੀ ਸ਼ਾਮਲ ਹੈ। ਯੋਜਨਾ ਮੁਤਾਬਕ, ਸਟੇਸ਼ਨ ਦਾ ਖੇਤਰ ਨਿੱਜੀ ਕੰਪਨੀ ਨੂੰ 60 ਸਾਲਾਂ ਲਈ ਕਿਰਾਏ 'ਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਟੇਸ਼ਨ ਦੀ ਜ਼ਮੀਨ 'ਤੇ ਰਿਹਾਇਸ਼ੀ ਵਿਕਾਸ ਲਈ ਲੀਜ਼ ਦੀ ਮਿਆਦ 99 ਸਾਲ ਹੋਵੇਗੀ। ਰੇਲਵੇ ਨੇ ਇਸ ਤੋਂ ਪਹਿਲਾਂ ਦੇਸ਼ ਦੇ 6 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਤਰਜ 'ਤੇ 50 ਰੇਲਵੇ ਸਟੇਸ਼ਨਾਂ 'ਤੇ ਆਧੁਨਿਕ ਸਹੂਲਤਾਂ ਵਿਕਸਤ ਕਰਨ ਦਾ ਫੈਸਲਾ ਕੀਤਾ ਸੀ।
ਟ੍ਰੇਨ 'ਚ ਖਾਣਾ-ਪੀਣਾ ਹੋਵੇਗਾ ਮਹਿੰਗਾ, ਦੇਣੇ ਹੋਣਗੇ ਜ਼ਿਆਦਾ ਪੈਸੇ
NEXT STORY