ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਰੀਨਿਊ ਪਾਵਰ ਨੇ ਆਪਣੇ ਸਾਰੇ ਕਾਮਿਆਂ ਦੀ ਤਨਖਾਹ 'ਚ 12 ਫੀਸਦੀ ਤੱਕ ਦਾ ਵਾਧਾ ਕਰਨ ਦੇ ਨਾਲ-ਨਾਲ ਬੋਨਸ ਵੀ ਦਿੱਤਾ ਹੈ।
ਇਸ ਚੁਣੌਤੀਪੂਰਨ ਸਮੇਂ 'ਚ ਅਜਿਹਾ ਕਰਨ ਵਾਲੀ ਕੁਝ ਕੰਪਨੀਆਂ 'ਚੋਂ ਇਹ ਇਕ ਬਣ ਗਈ ਹੈ। ਰੀਨਿਊ ਪਾਵਰ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਮੰਤ ਸਿਨਹਾ ਨੇ ਕਿਹਾ, ''2020 ਸਾਰਿਆਂ ਲਈ ਚੁਣੌਤੀ ਭਰਪੂਰ ਸਾਲ ਰਿਹਾ ਹੈ। ਸਾਨੂੰ ਵੀ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਕੰਪਨੀ ਨੇ ਦ੍ਰਿੜਤਾ ਨਾਲ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਨਿਰੰਤਰ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਹੈ।''
ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਅਸੀਂ ਜਾਣਬੁੱਝ ਕੇ ਤਨਖਾਹਾਂ 'ਚ ਵਾਧੇ ਅਤੇ ਬੋਨਸਾਂ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਡੇ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਆਰਥਿਕਤਾ ਦੇ ਕਈ ਖੇਤਰ ਹੌਲੀ-ਹੌਲੀ ਠੀਕ ਹੋਣ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਭਾਰਤੀ ਆਰਥਿਕਤਾ ਜਲਦੀ ਹੀ ਵਿਕਾਸ ਦੇ ਰਾਹ 'ਤੇ ਵਾਪਸ ਆਵੇਗੀ। ਕੰਪਨੀ ਨੇ ਤਨਖਾਹ 'ਚ ਵਾਧੇ ਅਤੇ ਬੋਨਸ ਦੇਣ ਦੇ ਨਾਲ-ਨਾਲ ਆਪਣੇ ਕਰਮਚਾਰੀਆਂ ਨੂੰ ਤਰੱਕੀ ਵੀ ਦਿੱਤੀ ਹੈ। ਕੰਪਨੀ ਨੇ 1,100 ਤੋਂ ਵੱਧ ਕਰਮਚਾਰੀਆਂ ਦੀ ਤਨਖਾਹ ਵਧਾ ਦਿੱਤੀ ਹੈ। ਸਿਨਹਾ ਨੇ ਕਿਹਾ ਕਿ ਕੰਪਨੀ ਨੇ ਕਰਮਚਾਰੀਆਂ ਦੀਆਂ ਤਨਖਾਹਾਂ 'ਚ 5 ਤੋਂ 12 ਫੀਸਦੀ ਦਾ ਵਾਧਾ ਕੀਤਾ ਹੈ।
FPI ਨੇ ਜੁਲਾਈ 'ਚ ਹੁਣ ਤੱਕ ਪੂੰਜੀ ਬਾਜ਼ਾਰਾਂ ਤੋਂ 2,867 ਕਰੋੜ ਰੁ: ਕੱਢੇ
NEXT STORY