ਨਵੀਂ ਦਿੱਲੀ- 1 ਫਰਵਰੀ 2021 ਨੂੰ ਬਜਟ ਪੇਸ਼ ਹੋਣ ਦੀ ਘੜੀ ਨਜ਼ਦੀਕ ਆ ਰਹੀ ਹੈ। ਇਸ ਵਿਚਕਾਰ ਬਜਟ ਤੋਂ ਪਹਿਲਾਂ ਚਰਚਾ ਵਿਚ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਵੱਲੋਂ ਸਰਕਾਰ ਨੂੰ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਵਿਚ ਸਾਲਾਨਾ ਯੋਗਦਾਨ ਦੀ ਸੀਮਾ (ਲਿਮਟ) ਨੂੰ ਵਧਾ ਕੇ 3 ਲੱਖ ਰੁਪਏ ਕਰਨ ਦੀ ਮੰਗ ਕੀਤੀ ਗਈ ਹੈ।
ਪੀ. ਪੀ. ਐੱਫ. ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ, ਉੱਦਮੀਆਂ ਤੇ ਪੇਸ਼ੇਵਰਾਂ ਲਈ ਟੈਕਸ ਬਚਾਉਣ ਅਤੇ ਨਿਵੇਸ਼ ਲਈ ਇਕ ਮਹੱਤਵਪੂਰਨ ਵਿੱਤੀ ਸਾਧਨ ਹੈ।
ਸਰਕਾਰ ਨੂੰ ਆਈ. ਸੀ. ਏ. ਆਈ. ਨੇ ਕਿਹਾ ਕਿ ਨੌਕਰੀ ਕਰਨ ਵਾਲੇ ਲੋਕਾਂ ਕੋਲ ਪੀ. ਪੀ. ਐੱਫ. ਤੋਂ ਇਲਾਵਾ ਈ. ਪੀ. ਐੱਫ. ਦਾ ਵੀ ਬਦਲ ਹੈ, ਜਦੋਂ ਕਿ ਸਵੈ-ਰੁਜ਼ਗਾਰ ਟੈਕਸਦਾਤਾਵਾਂ ਲਈ ਪੀ. ਪੀ. ਐੱਫ. ਹੀ ਟੈਕਸ ਬਚਤ ਨਿਵੇਸ਼ ਦਾ ਅਜਿਹਾ ਸਾਧਨ ਹੈ। ਇਸ ਲਈ ਇਨ੍ਹਾਂ ਟੈਕਸਦਾਤਾਵਾਂ ਨੂੰ ਨੌਕਰੀ ਵਾਲੇ ਵਿਅਕਤੀਆਂ ਦੇ ਬਰਾਬਰ ਲਿਆਉਣ ਲਈ ਪੀ. ਪੀ. ਐੱਫ. ਦੇ ਯੋਗਦਾਨ ਦੀ ਸੀਮਾ ਨੂੰ ਵਧਾ ਕੇ 3 ਲੱਖ ਰੁਪਏ ਕਰਨ ਦੀ ਲੋੜ ਹੈ।
ਗੌਰਤਲਬ ਹੈ ਕਿ ਮੌਜੂਦਾ ਸਮੇਂ ਕੋਈ ਵੀ ਵਿਅਕਤੀ ਕਿਸੇ ਵੀ ਬੈਂਕ ਜਾਂ ਡਾਕਘਰ ਵਿਚ ਆਪਣੇ ਪਬਲਿਕ ਪ੍ਰੋਵੀਡੈਂਟ ਫੰਡ ਖਾਤੇ ਵਿਚ ਸਾਲਾਨਾ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦਾ ਹੈ। ਆਈ. ਸੀ. ਏ. ਆਈ. ਨੇ ਕਿਹਾ ਕਿ 1,50,000 ਰੁਪਏ ਦੀ ਮੌਜੂਦਾ ਸੀਮਾ ਨੂੰ ਕਈ ਸਾਲਾਂ ਤੋਂ ਨਹੀਂ ਵਧਾਇਆ ਗਿਆ ਹੈ ਅਤੇ ਇਸ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਸੀਮਾ ਨੂੰ ਵਧਾਉਣ ਨਾਲ ਲੋਕਾਂ ਦੀ ਬਚਤ ਵਧਾਉਣ ਵਿਚ ਵਾਧਾ ਹੋਵੇਗਾ ਅਤੇ ਮਹਿੰਗਾਈ ਦਰ ਨੂੰ ਧਿਆਨ ਵਿਚ ਰੱਖਦਿਆਂ ਇਹ ਜ਼ਰੂਰੀ ਹੈ।
PNB ਦੇ ਰਿਹੈ PPF ’ਚ ਖਾਤਾ ਖੋਲ੍ਹਣ ਦਾ ਮੌਕਾ, ਟੈਕਸ ’ਚ ਛੋਟ ਸਮੇਤ ਮਿਲੇਗਾ ਵਿਆਜ
NEXT STORY