ਨਵੀਂ ਦਿੱਲੀ- ਕਿਸਾਨਾਂ ਅਤੇ ਵਿਰੋਧੀ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦਾ ਕੀਤੇ ਜਾ ਰਹੇ ਵਿਰੋਧ ਵਿਚਕਾਰ ਸਰਕਾਰ ਨੇ ਮੰਡੀਆਂ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਸ਼ਨੀਵਾਰ ਨੂੰ ਲੋਕ ਸਭਾ ਵਿਚ ਬਜਟ 2021 ਬਾਰੇ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਖੇਤੀ ਸੈੱਸ ਰਾਹੀਂ ਇਕੱਤਰ ਕੀਤੇ ਜਾਣ ਵਾਲੇ 30,000 ਕਰੋੜ ਰੁਪਏ ਸੂਬਿਆਂ ਨੂੰ ਮੰਡੀਆਂ ਦੇ ਵਿਕਾਸ 'ਤੇ ਖ਼ਰਚ ਕਰਨ ਲਈ ਦਿੱਤੇ ਜਾਣਗੇ।
ਸੀਤਾਰਮਨ ਨੇ ਕਿਹਾ ਕਿ ਕਿਸੇ ਵੀ ਸੂਬੇ ਵਿਚ ਇਕ ਵੀ ਮੰਡੀ ਬੰਦ ਨਹੀਂ ਕੀਤੀ ਗਈ ਹੈ ਸਗੋਂ ਬਜਟ ਵਿਚ ਕਿਸਾਨਾਂ ਲਈ ਮੰਡੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਵਿਵਸਥਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਝੂਠੀ ਕਹਾਣੀ ਬਣਾਉਣ ਦੀ ਆਦਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਪੀ. ਐੱਮ. ਕਿਸਾਨ ਸਨਮਾਨ ਯੋਜਨਾ ਸ਼ੁਰੂ ਹੋਣ ਤੋਂ ਲੈ ਕੇ 10.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 1.15 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਵਿੱਤ ਮੰਤਰੀ ਨੇ ਲੋਕ ਸਭਾ ਵਿਚ ਬਜਟ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਇਹ ਬਜਟ ਨੀਤੀਆਂ 'ਤੇ ਆਧਾਰਿਤ ਹੈ। ਅਸੀਂ ਅਰਥਵਿਵਸਥਾ ਨੂੰ ਖੋਲ੍ਹਿਆ ਅਤੇ ਕਈ ਸੁਧਾਰ ਕੀਤੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਨੂੰ ਨਿਵੇਸ਼, ਮੰਗ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਵਾਲਾ ਦੱਸਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਸੁਧਾਰਵਾਦੀ ਕਦਮਾਂ ਨਾਲ ਭਾਰਤ ਨੂੰ ਵਿਸ਼ਵ ਦੀ ਇਕ ਚੋਟੀ ਦੀ ਅਰਥਵਿਵਸਥਾ ਬਣਾਉਣ ਦਾ ਰਸਤਾ ਬਣੇਗਾ।
16 ਫਰਵਰੀ ਤੋਂ ਅਲਾਇੰਸ ਏਅਰ ਦਿੱਲੀ ਤੋਂ ਪੰਤਨਗਰ ਲਈ ਸ਼ੁਰੂ ਕਰੇਗੀ ਉਡਾਣਾਂ
NEXT STORY