ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਯਾਨੀ ਓ. ਐੱਨ. ਡੀ. ਸੀ. ਦਾ ਪਾਇਲਟ ਪੜਾਅ ਸਫਲ ਰਹਿਣ ਤੋਂ ਬਾਅਦ ਹੁਣ ਹੌਲੀ-ਹੌਲੀ ਇਸ ਦਾ ਹੋਰ ਸ਼ਹਿਰਾਂ ਤੱਕ ਵਿਸਤਾਰ ਕੀਤਾ ਜਾਵੇਗਾ।
ਓ. ਐੱਨ. ਡੀ. ਸੀ. ਦਾ 5 ਸ਼ਹਿਰਾਂ ’ਚ ਪਾਇਲਟ ਪੜਾਅ ਚੱਲ ਰਿਹਾ ਹੈ ਅਤੇ ਇਹ ਸਫਲ ਰਿਹਾ ਹੈ। ਗੋਇਲ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਯੋਜਨਾ ਇਸ ਦਾ ਵਿਸਤਾਰ ਹੋਰ ਸ਼ਹਿਰਾਂ ਤੱਕ ਕਰਨ ਦੀ ਹੈ? ਇਸ ’ਤੇ ਮੰਤਰੀ ਨੇ ਕਿਹਾ,‘‘ਬਿਲਕੁਲ ਹੈ।’’ ਉਨ੍ਹਾਂ ਨੇ ਕਿਹਾ ਕਿ ਓ. ਐੱਨ. ਡੀ. ਸੀ. ਦਾ ਹੌਲੀ-ਹੌਲੀ ਵਿਸਤਾਰ ਕੀਤਾ ਜਾਵੇਗਾ। ਇਸ ਤਰ੍ਹਾਂ ਅਸੀਂ ਪਤਾ ਲਗਾਵਾਂਗੇ ਕਿ ਇਸ ਦੀ ਵਰਤੋਂ ਕਰਨੀ ਕਿੰਨੀ ਸੌਖਾਲੀ ਹੈ, ਡਾਟਾ ਇਕੱਠਾ ਕਰਨ ਲਈ ਸਾਨੂੰ ਕਿਸ ਤਰ੍ਹਾਂ ਦੀ ਸਮਰੱਥਾ ਦੀ ਲੋੜ ਹੈ ਅਤੇ ਪੂਰੀ ਪ੍ਰਕਿਰਿਆ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ। ਇਸ ਦਿਸ਼ਾ ’ਚ ਕੰਮ ਹਾਲੇ ਚੱਲ ਹੀ ਰਿਹਾ ਹੈ।
ਅਪ੍ਰੈਲ ’ਚ ਸ਼ੁਰੂ ਹੋਇਆ ਸੀ ਦੇਸ਼ ਦੇ 5 ਸ਼ਹਿਰਾਂ ’ਚ ਓ. ਐੱਨ. ਡੀ. ਸੀ. ਦਾ ਪਾਇਲਟ ਪੜਾਅ
ਓ. ਐੱਨ. ਡੀ. ਸੀ. ਨੂੰ ਅਪ੍ਰੈਲ ’ਚ 5 ਸ਼ਹਿਰਾਂ-ਦਿੱਲੀ, ਰਾਸ਼ਟਰੀ ਰਾਜਧਾਨੀ ਖੇਤਰ, ਭੋਪਾਲ, ਸ਼ਿਲਾਂਗ ਅਤੇ ਕੋਇੰਬਟੂਰ ’ਚ ਸ਼ੁਰੂ ਕੀਤਾ ਗਿਆ ਸੀ। ਗੋਇਲ ਨੇ ਕਿਹਾ ਕਿ ਓ. ਐੱਨ. ਡੀ. ਸੀ. ਡਿਜੀਟਲ ਕਾਮਰਸ ਦੁਨੀਆ ਦਾ ਲੋਕਤੰਤਰੀਕਰਨ ਕਰਨਾ ਹੈ। ਤਕਨਾਲੋਜੀ ਨੂੰ ਭਾਰਤ ਦੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਪਹੁੰਚਾਉਣ ਲਈ ਇਹ ਕਈ ਸਟਾਰਟਅਪ ਨੂੰ ਜਨਮ ਦੇ ਸਕਦਾ ਹੈ।
ਕੀ ਹੈ ਓ. ਐੱਨ. ਡੀ. ਸੀ.
ਕੇਂਦਰ ਸਰਕਾਰ ਨੇ ਇਕ ਨਵੀਂ ਤਰ੍ਹਾਂ ਦੇ ਈ-ਕਾਮਰਸ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। ਬੀਤੇ ਅਪ੍ਰੈਲ ਮਹੀਨੇ ’ਚ ਦੇਸ਼ ਦੇ 5 ਸ਼ਹਿਰਾਂ ’ਚ ਓ. ਐੱਨ. ਡੀ. ਸੀ. ਦਾ ਪਾਇਲਟ ਪੜਾਅ ਸ਼ੁਰੂ ਕੀਤਾ ਗਿਆ ਸੀ। ਓ. ਐੱਨ. ਡੀ. ਸੀ. ਇਕ ਯੂ. ਪੀ. ਆਈ. ਕਿਸਮ ਦਾ ਪ੍ਰੋਟੋਕਾਲ ਹੈ ਅਤੇ ਇਸ ਪੂਰੀ ਕਵਾਇਦ ਦਾ ਮਕਸਦ ਤੇਜ਼ੀ ਨਾਲ ਵਧਦੇ ਈ-ਕਾਮਰਸ ਖੇਤਰ ਨੂੰ ਦੂਰ-ਦਰਾਡੇ ਦੇ ਖੇਤਰਾਂ ਤੱਕ ਪਹੁੰਚਾਉਣਾ, ਛੋਟੇ ਪ੍ਰਚੂਨ ਵਿਕ੍ਰੇਤਾਵਾਂ ਦੀ ਮਦਦ ਕਰਨਾ ਅਤੇ ਦਿੱਗਜ਼ ਆਨਲਾਈਨ ਪ੍ਰਚੂਨ ਵਿਕ੍ਰੇਤਾਵਾਂ ਦੀ ਹੋਂਦ ਨੂੰ ਘੱਟ ਕਰਨਾ ਹੈ। ਇਹ ਵਪਾਰ ਅਤੇ ਉਦਯੋਗ ਮੰਤਰਾਲਾ ਦੇ ਤਹਿਤ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਯਾਨੀ ਡੀ. ਪੀ. ਆਈ. ਆਈ. ਟੀ. ਦੀ ਇਕ ਪਹਿਲ ਹੈ।
RBI ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਜਾਣੋ ਕੀ ਹੋਵੇਗਾ ਅਸਰ
NEXT STORY